ਨਫ਼ਰਤ ਤੇ ਹਿੰਸਾ ਦੀ ਸਿਆਸਤ ਵਿਰੁੱਧ ਤੁਸੀਂ ਕਦੋਂ ਬੋਲੋਗੇ?

ਨਫ਼ਰਤ ਤੇ ਹਿੰਸਾ ਦੀ ਸਿਆਸਤ ਵਿਰੁੱਧ ਤੁਸੀਂ ਕਦੋਂ ਬੋਲੋਗੇ?

ਇਹ ਆਵਾਜ਼ ਤੁਹਾਨੂੰ ਭਾਰਤ ਵਿਚ ਰੋਜ਼ ਸੁਣਾਈ ਦਿੰਦੀ ਹੈ, ਪਰ ਤੁਸੀਂ ਚੁੱਪ ਰਹਿੰਦੇ ਹੋ। ਪੁਰੀਟਨ ਉਥੋਂ ਦੇ ਹਿਸਾਬ ਨਾਲ ਤਾਂ ਫ਼ੌਜੀ ਹੈ। ਦੇਸ਼ ਭਗਤ ਦਾ ਸਰਟੀਫਿਕੇਟ ਤਾਂ ਉਸੇ ਕੋਲ ਹੋਵੇਗਾ ਕਿਉਂਕਿ ਉਹ ਫ਼ੌਜੀ ਹੈ। ਉਸ ਨੂੰ ਨਾ ਤਾਂ ਇਤਿਹਾਸ ਪਤਾ ਹੈ, ਨਾ ਮਜ਼੍ਹਬ, ਨਾ ਨਾਗਰਿਕਤਾ ਬੱਸ ਨਫ਼ਰਤ ਨੇ ਏਨਾ ਸਨਕੀ ਬਣਾ ਦਿੱਤਾ ਕਿ ਦੱਖਣ ਭਾਰਤ ਦੇ ਸ਼੍ਰੀਨਿਵਾਸ ਨੂੰ ਦੇਸ਼ ਛੱਡ ਕੇ ਜਾਣ ਲਈ ਕਹਿਣ ਲੱਗਾ। ਇਹੀ ਭਾਸ਼ਾ ਭਾਰਤੀ ਟੀ.ਵੀ. ਚੈਨਲਾਂ ‘ਤੇ ਫ਼ੌਜ ਤੋਂ ਸੇਵਾਮੁਕਤ ਹੋਏ ਲੋਕ ਰੋਜ਼ ਬੋਲਦੇ ਹਨ।
ਰਵੀਸ਼ ਕੁਮਾਰ
ਪਿਛਲੀ ਵਾਰ ਤੁਸੀਂ ਕਦੋਂ ਨਫ਼ਰਤ ਅਤੇ ਹਿੰਸਾ ਦੀਆਂ ਗੱਲਾਂ ਦਾ ਵਿਰੋਧ ਕੀਤਾ ਸੀ। ਇਹ ਸਵਾਲ ਤੁਸੀਂ ਭਾਰਤ ਵਿਚ ਬੈਠ ਕੇ ਪੁਛੋ ਤੇ ਭਾਰਤ ਤੋਂ ਅਮਰੀਕਾ ਗਏ ਭਾਰਤੀਆਂ ਤੋਂ ਪੁਛੋ। ਮੈਨੂੰ ਨਹੀਂ ਪਤਾ ਕਿ ਅਮਰੀਕਾ ਵਿਚ ਜਦੋਂ ਸਿਆਹਫਾਮ ਨੂੰ ਗੋਲੀ ਮਾਰੀ ਜਾਂਦੀ ਹੈ, ਤਾਂ ਉਸ ਹਿੰਸਾ ਖ਼ਿਲਾਫ਼ ਉਤਰਨ ਵਾਲੇ ਤਮਾਮ ਤਰ੍ਹਾਂ ਦੇ ਅਮਰੀਕੀ ਨਾਗਰਿਕਾਂ ਵਿਚ ਭਾਰਤੀ ਕਿੰਨੇ ਕੁ ਹੁੰਦੇ ਹਨ? ਕੁਝ ਨਾ ਕੁਝ ਤਾਂ ਹੁੰਦੇ ਹੋਣਗੇ ਪਰ ਅਮਰੀਕਾ ਵਿਚ ਰਹਿ ਰਹੇ ਭਾਰਤੀ ਭਾਈਚਾਰੇ ਦੀ ਅਜਿਹੀ ਕੋਈ ਪਛਾਣ ਹੈ ਕਿ ਗਾਂਧੀ ਦੇ ਦੇਸ਼ ਤੋਂ ਆਏ ਇਹ ਲੋਕ ਨਸਲੀ ਅਤੇ ਮਜ਼੍ਹਬੀ ਹਿੰਸਾ ਦਾ ਹਰ ਹਾਲ ਵਿਚ ਵਿਰੋਧ ਕਰਦੇ ਹਨ। ਕੀ ਇਥੇ ਰਹਿਣ ਵਾਲੇ ਲੋਕ ਇਥੇ ਹੋਣ ਵਾਲੀ ਹਿੰਸਾ ਦੀ ਸਿਆਸਤ ਦੇ ਵਿਰੋਧ ਵਿਚ ਸੜਕਾਂ ‘ਤੇ ਉਤਰਦੇ ਹਨ। ਕਿਤੇ ਅਜਿਹਾ ਤਾਂ ਨਹੀਂ ਕਿ ਭਾਰਤ ਨੂੰ ਲੈ ਕੇ ਉਨ੍ਹਾਂ ਦੀ ਚੁੱਪ, ਅਮਰੀਕਾ ਵਿਚ ਇਕ ਭਾਰਤੀ ਦੀ ਹੱਤਿਆ ਨੂੰ ਲੈ ਕੇ ਵੀ ਚੁੱਪ ਹੀ ਰਹਿ ਰਹੀ ਹੈ। ਜਦੋਂ ਉਥੇ ਨਹੀਂ ਬੋਲੇ ਤਾਂ ਇੱਥੇ ਕਿਸ ਮੂੰਹ ਨਾਲ ਬੋਲੋਗੇ? ਅਮਰੀਕਾ ਵਿਚ ਪ੍ਰਦੇਸ਼, ਭਾਸ਼ਾ, ਧਰਮ, ਜਾਤੀ ਦੇ ਹਿਸਾਬ ਨਾਲ ਭਾਰਤੀਆਂ ਨੇ ਸੰਗਠਨਾਂ ਦੀ ਦੁਕਾਨ ਖੋਲ੍ਹ ਰੱਖੀ ਹੈ। ਉਮੀਦ ਹੈ ਕਿ ਸਭ ਮਿਲ ਕੇ ਨਫ਼ਰਤ ਦੇ ਸੁਪਰ ਮੌਲ ਵਿਚ ਬਦਲਦੇ ਜਾ ਰਹੇ ਮਾਹੌਲ ਦਾ ਵਿਰੋਧ ਕਰ ਰਹੇ ਹੋਣਗੇ।
ਅਮਰੀਕਾ ਦੇ ਕੈਨਸਾਸ ਦੇ ਓਲੇਥ ਸ਼ਹਿਰ ਵਿਚ ਸ਼੍ਰੀਨਿਵਾਸ ਨੂੰ ਇਕ ਅਮਰੀਕੀ ਨਾਗਰਿਕ ਨੇ ਗੋਲੀ ਮਾਰ ਦਿੱਤੀ। ਜਵਾਨ ਪੁੱਤ ਨੂੰ ਉਸ ਦੀ ਮਾਂ ਨੇ ਕਿਸੇ ਹਾਦਸੇ ਵਿਚ ਨਹੀਂ ਗਵਾਇਆ ਹੈ ਬਲਕਿ ਨਫ਼ਰਤ ਤੇ ਹਿੰਸਾ ਦੀ ਲਗਾਤਾਰ ਫੈਲਦੀਆਂ ਲਪਟਾਂ ਦੇ ਸਾਹਮਣੇ ਸਾਡੀ-ਤੁਹਾਡੀ ਸਾਰਿਆਂ ਦੀ ਚੁੱਪ ਨੇ ਮਾਰਿਆ ਹੈ। ਅਸੀਂ ਅਮਰੀਕਾ ਵਿਚ ਹੋ ਰਹੀਆਂ ਅਜਿਹੀਆਂ ਗੱਲਾਂ ਖ਼ਿਲਾਫ਼ ਲਾਚਾਰ ਅਤੇ ਚੁੱਪ ਨਜ਼ਰ ਆਉਂਦੇ ਹਾਂ, ਅਸੀਂ ਭਾਰਤ ਵਿਚ ਹੋ ਰਹੀਆਂ ਅਜਿਹੀਆਂ ਗੱਲਾਂ ਖ਼ਿਲਾਫ਼ ਲਾਚਾਰ ਅਤੇ ਚੁੱਪ ਨਜ਼ਰ ਆਉਂਦੇ ਹਾਂ। ਪਿਤਾ ਵਿਗਿਆਨੀ ਰਹੇ ਹਨ। ਕਿਸੇ ਨੂੰ ਮੁਸਲਮਾਨ ਤੇ ਕਿਸੇ ਨੂੰ ਸਿਆਹਫਾਮ ਸਮਝ ਕੇ ਨਿਸ਼ਾਨਦੇਹੀ ਹੋ ਰਹੀ ਹੈ। ਅਸੀਂ ਸਾਰੇ ਡਰਾਇੰਗ ਰੂਮ ਵਿਚ ਬੈਠ ਕੇ ਅਜਿਹੀਆਂ ਗੱਲਾਂ ਨੂੰ ਹਵਾ ਦੇ ਰਹੇ ਹਾਂ। ਤਰ੍ਹਾਂ ਤਰ੍ਹਾਂ ਦੀਆਂ ਧਾਰਨਾਵਾਂ ਪਾਲ ਰਹੇ ਹਾਂ। ਅਤੇ ਹੁਣ ਸਾਨੂੰ ਸਮਝ ਨਹੀਂ ਆ ਰਿਹਾ ਕਿ ਜਦੋਂ ਇਸੇ ਨਫ਼ਰਤ ਦੀ ਹਨੇਰੀ ਨੇ ਸ਼੍ਰੀਨਿਵਾਸ ਦੀ ਜਾਨ ਲੈ ਲਈ ਤਾਂ ਕੀ ਕਰੀਏ।
ਵਿਦੇਸ਼ ਮੰਤਰੀ ਨੇ ਅਮਰੀਕੀ ਦੂਤਾਵਾਸ ਨਾਲ ਸੰਪਰਕ ਕੀਤਾ ਹੈ ਤੇ ਘਟਨਾ ਦੀ ਨਿੰਦਾ ਕੀਤੀ ਹੈ। ਭਾਰਤੀ ਦੂਤਾਵਾਸ ਕੈਨਸਾਸ ਦੀ ਘਟਨਾ ‘ਤੇ ਨਜ਼ਰ ਰੱਖ ਰਿਹਾ ਹੈ ਤੇ ਮਦਦ ਦੀ ਕੋਸ਼ਿਸ਼ ਕਰ ਰਿਹਾ ਹੈ। ਸੁਸ਼ਮਾ ਸਵਰਾਜ ਇਸ ਮਾਮਲੇ ਵਿਚ ਵੈਸੇ ਵੀ ਕਦੇ ਪਿਛੇ ਨਹੀਂ ਰਹਿੰਦੀ ਹੈ। ਸਵਾਲ ਕੀ ਭਾਰਤੀ ਭਾਈਚਾਰਾ ਉਥੇ ਅਤੇ ਇੱਥੇ ਨਫ਼ਰਤ ਦੀ ਸਿਆਸਤ ਦਾ ਵਿਰੋਧ ਕਰ ਰਿਹਾ ਹੈ, ਕੀ ਉਹ ਉਨ੍ਹਾਂ ਖ਼ਤਰਿਆਂ ਨੂੰ ਸਮਝ ਰਿਹਾ ਹੈ, ਜਿਸ ਦਾ ਸ਼ਿਕਾਰ ਉਹ ਖ਼ੁਦ ਹੋ ਸਕਦਾ ਹੈ। ਸ਼੍ਰੀਨਿਵਾਸ ਅਤੇ ਆਲੋਕ ਕੈਨਸਾਸ ਦੇ ਇਕ ਮੈਅਖਾਨੇ ਵਿਚ ਆਪਣੀ ਸ਼ਾਮ ਬਿਤਾ ਰਹੇ ਸਨ। ਟੀ.ਵੀ. ‘ਤੇ ਬਾਸਕਟਬਾਲ ਦੇਖ ਰਹੇ ਸਨ। ਉਸੇ ਵੇਲੇ ਨਸ਼ੇ ਵਿਚ ਧੁਤ ਅਮਰੀਕੀ ਨਾਗਰਿਕ ਐਡਮ ਪੁਰੀਟਨ ਨੇ ਸਮਝਿਆ ਕਿ ਇਹ ਲੋਕ ਮੱਧ ਪੂਰਬੀ ਦੇਸ਼ਾਂ ਦੇ ਹਨ, ਭਾਵ ਅਰਬ ਤੋਂ ਹੋ ਸਕਦੇ ਹਨ। ਭਾਵ ਮੁਸਲਮਾਨ ਹੋ ਸਕਦੇ ਹਨ, ਭਾਵ ਰੰਗ ਤੋਂ ਉਹ ਅਮਰੀਕੀ ਨਹੀਂ ਹਨ ਤਾਂ ਇਹ ਜ਼ਰੂਰ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਨੌਕਰੀ ਕਰ ਰਹੇ ਹਨ। ਇਹ ਆਦਮੀ ਖ਼ੁਦ ਹੀ ਸ਼੍ਰੀਨਿਵਾਸ ਅਤੇ ਆਲੋਕ ਨਾਲ ਉਲਝ ਗਿਆ ਕਿ ਮੇਰੇ ਦੇਸ਼ ਤੋਂ ਬਾਹਰ ਜਾਓ। ਇਹ ਆਵਾਜ਼ ਤੁਹਾਨੂੰ ਭਾਰਤ ਵਿਚ ਰੋਜ਼ ਸੁਣਾਈ ਦਿੰਦੀ ਹੈ, ਪਰ ਤੁਸੀਂ ਚੁੱਪ ਰਹਿੰਦੇ ਹੋ। ਪੁਰੀਟਨ ਉਥੋਂ ਦੇ ਹਿਸਾਬ ਨਾਲ ਤਾਂ ਫ਼ੌਜੀ ਹੈ। ਦੇਸ਼ ਭਗਤ ਦਾ ਸਰਟੀਫਿਕੇਟ ਤਾਂ ਉਸੇ ਕੋਲ ਹੋਵੇਗਾ ਕਿਉਂਕਿ ਉਹ ਫ਼ੌਜੀ ਹੈ। ਉਸ ਨੂੰ ਨਾ ਤਾਂ ਇਤਿਹਾਸ ਪਤਾ ਹੈ, ਨਾ ਮਜ਼੍ਹਬ, ਨਾ ਨਾਗਰਿਕਤਾ ਬੱਸ ਨਫ਼ਰਤ ਨੇ ਏਨਾ ਸਨਕੀ ਬਣਾ ਦਿੱਤਾ ਕਿ ਦੱਖਣ ਭਾਰਤ ਦੇ ਸ਼੍ਰੀਨਿਵਾਸ ਨੂੰ ਦੇਸ਼ ਛੱਡ ਕੇ ਜਾਣ ਲਈ ਕਹਿਣ ਲੱਗਾ। ਇਹੀ ਭਾਸ਼ਾ ਭਾਰਤੀ ਟੀ.ਵੀ. ਚੈਨਲਾਂ ‘ਤੇ ਫ਼ੌਜ ਤੋਂ ਸੇਵਾਮੁਕਤ ਹੋਏ ਲੋਕ ਰੋਜ਼ ਬੋਲਦੇ ਹਨ। ਪੁਰੀਟਨ ਬਾਰ ਵਿਚੋਂ ਗਿਆ ਤੇ ਫਿਰ ਪਰਤਿਆ। ਸਿੱਧਾ ਗੋਲੀ ਮਾਰ ਦਿੱਤੀ। ਸ਼੍ਰੀਨਿਵਾਸ ਦੀ ਮੌਤ ਹੋ ਗਈ ਤੇ ਉਸ ਦਾ ਦੋਸਤ ਆਲੋਕ ਜ਼ਖ਼ਮੀ ਹੋ ਗਿਆ।
ਇਕ ਹਿੰਦੂ ਨੂੰ ਮੁਸਲਮਾਨ ਸਮਝ ਕੇ ਮਾਰ ਦਿੱਤਾ। ਜੇਕਰ ਤੁਸੀਂ ਇਸ ਗੱਲ ਨੂੰ ਸਮਝ ਸਕਦੇ ਹੋ ਤਾਂ ਇਵੇਂ ਹੀ ਸਮਝੋ। ਰੰਗ ਤੇ ਹੁਲੀਏ ਨਾਲ ਅਸੀਂ ਕਿਥੇ ਏਨੇ ਵੱਖਰੇ-ਵੱਖਰੇ ਦਿਖਾਈ ਦਿੰਦੇ ਹਾਂ। ਇਸ ਲਈ ਪੁਛਿਆ ਕਿ ਭਾਰਤ ਤੋਂ ਲੈ ਕੇ ਅਮਰੀਕਾ ਵਿਚ ਜਦੋਂ ਕੋਈ ਨਫ਼ਰਤ ਦੀ ਗੱਲ ਕਰਦਾ ਹੈ ਤਾਂ ਕੀ ਤੁਸੀਂ ਵਿਰੋਧ ਕਰਦੇ ਹੋ। ਪਰ ਰੁਕੋ। 24 ਸਾਲ ਦੇ ਇਆਨ ਗ੍ਰਿਲਾਟ ਦੇ ਬਿਨਾਂ ਇਹ ਕਹਾਣੀ ਕਿਵੇਂ ਪੂਰੀ ਹੋਵੇਗੀ। ਇਸ ਲੜਕੇ ਨੇ ਪੁਰੀਟਨ ਦੀਆਂ ਗੱਲਾਂ ਦਾ ਵਿਰੋਧ ਕੀਤਾ। ਉਸ ਨੂੰ ਲੱਗਾ ਕਿ ਪੁਰੀਟਨ ਦੀ ਬੰਦੂਕ ਵਿਚ ਗੋਲੀ ਨਹੀਂ ਹੈ, ਉਹ ਰੋਕਣ ਲਈ ਅੱਗੇ ਵਧਿਆ। ਪੁਰੀਟਨ ਨੇ ਖੁੰਦਕ ਵਿਚ ਆਪਣੇ ਹੀ ਨਾਗਰਿਕ ਨੂੰ ਨਹੀਂ ਬਖ਼ਸ਼ਿਆ। ਕਿਉਂਕਿ ਉਹ ਫ਼ੌਜੀ ਹੈ, ਦੇਸ਼ ਭਗਤੀ ਦਾ ਸਰਟੀਫਿਕੇਟ ਲੈ ਕੇ ਘੁੰਮ ਰਿਹਾ ਹੈ। ਛਾਤੀ ਅਤੇ ਹੱਥ ਵਿਚ ਗੋਲੀ ਮਾਰ ਦਿੱਤੀ। ਇਆਨ ਨੇ ਕਿਹਾ ਕਿ ਉਹ ਸਿਰਫ਼ ਮਾਨਵਤਾ ਦੇ ਨਾਤੇ ਬਚਾਉਣ ਗਿਆ ਸੀ। ਉਸ ਦੇ ਦੋਸਤ ਇਸ ਦੇ ਇਲਾਜ ਦਾ ਖ਼ਰਚਾ ਵੀ ਚੁੱਕਣਾ ਚਾਹੀਦਾ ਹੈ। ਇਹ ਉਹ ਜਵਾਨ ਹੈ ਜੋ ਇਤਿਹਾਸ ਚਿਵ ਇਸੇ ਗੱਲ ਲਈ ਦਰਜ ਹੋਵੇਗਾ ਕਿ ਜਦੋਂ ਤਾਕਤਵਰ ਲੋਕ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਬਣ ਕੇ ਇਸ਼ਾਰਿਆਂ ਇਸ਼ਾਰਿਆਂ ਵਿਚ ਜਾਂ ਸਾਫ਼ ਸਾਫ਼ ਨਫÝਰਤ ਦੀਆਂ ਗੱਲਾਂ ਫੈਲਾ ਰਹੇ ਸਨ ਤਾਂ ਉਹ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਇਕ ਭਾਰਤੀ ਦੀ ਜਾਨ ਬਚਾਉਣ ਗਿਆ ਸੀ।
ਹੈਸ਼ਟੈਗ ਚਲਾਉਣ ਵਾਲਿਆਂ ਦਾ ਸਿਆਸੀ ਗਿਰੋਹ ਜੇਕਰ ਇਸ ਹਿੰਸਾ ‘ਤੇ ਨਹੀਂ ਬੋਲ ਸਕਦਾ ਹੈ ਤਾਂ ਘੱਟੋ-ਘੱਟ ਇਆਨ ਗ੍ਰਿਲਾਟ ਲਈ ਤਾਂ ਬੋਲ ਹੀ ਸਕਦਾ ਹੈ। ਇਕ ਇਆਨ ਗ੍ਰਿਲਾਟ ਭਾਰਤ ਵਿਚ ਵੀ ਹੈ। ਇਹ ਦਿੱਲੀ ਵਿਚ ਹੈ, ਰਾਮਜਸ ਕਾਲਜ ਵਿਚ ਹਿੰਸਾ ਹੋਈ ਤਾਂ ਵਿਦਿਆਰਥੀਆਂ ਨੂੰ ਬਚਾਉਣ ਲਈ ਗਿਆ। ਏਨਾ ਮਾਰਿਆ ਗਿਆ ਕਿ ਇਨ੍ਹਾਂ ਦੀਆਂ ਪਸਲੀਆਂ ਵਿਚ ਡੂੰਘੀਆਂ ਸੱਟਾਂ ਵੱਜੀਆਂ ਹਨ। ਪ੍ਰੋਫੈਸਰ ਪ੍ਰਸ਼ਾਂਤ ਚਕਰਵਰਤੀ ਨੇ ਵੀ ਪ੍ਰਵਾਹ ਨਹੀਂ ਕੀਤੀ, ਬਸ ਉਹ ਹਿੰਸਾ ਵਿਚ ਘਿਰੇ ਕਿਸੇ ਵਿਦਿਆਰਤੀ ਨੂੰ ਬਚਾਉਣ ਨਿਕਲ ਪਿਆ। ਦੱਸਦੇ ਹਨ ਕਿ ਮਫ਼ਲਰ ਨਾਲ ਉਨ੍ਹਾਂ ਦਾ ਗਲਾ ਘੋਟਿਆ ਗਿਆ। ਹੁਣ ਉਹ ਘਰ ਆ ਗਏ ਹਨ। ਪਰ ਡਾਕਟਰਾਂ ਨੇ ਕਿਹਾ ਹੈ ਕਿ ਪ੍ਰਸ਼ਾਂਤ ਨੂੰ ਦੋ ਹਫ਼ਤੇ ਲਈ ਆਰਾਮ ਕਰਨਾ ਹੋਵੇਗਾ।
ਇਆਨ ਅਤੇ ਪ੍ਰਸ਼ਾਂਤ ਦੀ ਨੀਅਤੀ ਇਕੋ ਜਿਹੀ ਹੈ। ਅਜਿਹੇ ਲੋਕ ਹਮੇਸ਼ਾ ਇਕੱਲੇ ਅੱਗੇ ਵਧਦੇ ਹਨ ਤੇ ਇਕੱਲੇ ਰਹਿ ਜਾਂਦੇ ਹਨ। ਬਾਕੀ ਲੋਕ ਡਰਾਇੰਗ ਰੂਮ ਵਿਚ ਬੈਠ ਕੇ ਨਫ਼ਰਤ ਦੀ ਸਿਆਸਤ ‘ਤੇ ਅਜਿਹੇ ਚੁੱਪ ਰਹਿੰਦੇ ਹਨ ਜਿਵੇਂ ਉਨ੍ਹਾਂ ਦਾ ਕੰਮ ਸਿਰਫ਼ ਵੋਟ ਦੇਣਾ ਹੈ। ਇਸ ਲਈ ਅਸੀਂ ਨਾ ਤਾਂ ਸ਼੍ਰੀਨਿਵਾਸ ਲਈ ਬੋਲ ਪਾਉਂਦੇ ਹਾਂ ਤੇ ਨਾ ਹੀ ਪ੍ਰਸ਼ਾਂਤ ਲਈ। ਖੁੱਲ੍ਹ ਕੇ ਇਕ ਮਜ਼੍ਹਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਨਫ਼ਰਤ ਇਥੋਂ ਤਕ ਆ ਗਈ ਹੈ ਕਿ ਮਸ਼ਹੂਰ ਬਾਕਸਰ ਮੁਹੰਮਦ ਅਲੀ ਦੇ ਬੇਟੇ ਜਦੋਂ ਅਮਰੀਕਾ ਦੇ ਕਿਸੇ ਏਅਰਪੋਰਟ ‘ਤੇ ਜਮੈਕਾ ਤੋਂ ਪਹੁੰਚੇ ਤਾਂ ਉਨ੍ਹਾਂ ਤੋਂ ਪੁਛਿਆ ਗਿਆ ਕਿ ਤੁਹਾਡਾ ਮਜ਼੍ਹਬ ਕੀ ਹੈ। ਅਧਿਕਾਰੀ ਮੂਰਖ਼ ਹੋਵੇਗਾ ਜਿਸ ਦਾ ਨਾਂ ਮੁਹੰਮਦ ਅਲੀ ਹੋਵੇਗਾ, ਜ਼ਾਹਰ ਹੈ ਮੁਸਲਮਾਨ ਹੀ ਹੋਵੇਗਾ ਪਰ ਉਸ ਦਾ ਮਕਸਦ ਇਕ ਹੀ ਸੀ, ਨਾਂ ਅਤੇ ਮਜ਼੍ਹਬ ਅਤੇ ਰੰਗ ਦੇਖ ਕੇ ਕਿਸੇ ਨੂੰ ਅਪਮਾਨਤ ਕਰਨਾ, ਡਰਾਉਣਾ।
ਜਨਵਰੀ ਦਾ ਮਹੀਨਾ ਸੀ। ਟਰੰਪ ਸਹੁੰ ਚੁੱਕ ਰਹੇ ਸਨ। ਚੋਣ ਮੁਹਿੰਮ ਵਿਚ ਹੀ ਔਰਤੰ ਨੂੰ ਲੈ ਕੇ ਅਪਸ਼ਬਦ ਕਹੇ ਗਏ ਸਨ। ਦੂਸਰੇ ਮੁਲਕਾਂ ਤੋਂ ਆ ਕੇ ਅਮਰੀਕਾ ਵਿਚ ਕੰਮ ਕਰਨ ਵਾਲਿਆਂ ਨੂੰ ਬਾਹਰ ਕੱਢਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ। ਮੁਸਲਮਾਨਾਂ ਖ਼ਿਲਾਫ਼ ਨਫ਼ਰਤ ਫੈਲਾਈ ਜਾ ਰਹੀ ਹੈ। ਇਸ ਦੇ ਖ਼ਿਲਾਫ਼ ਅਮਰੀਕਾ ਭਰ ਤੋਂ ਔਰਤਾਂ-ਕੁੜੀਆਂ ਅਤੇ ਮਰਦ ਵਾਸ਼ਿੰਗਟਨ ਪੁੱਜੇ ਅਤੇ ਵਾਸ਼ਿੰਗਟਨ ਨੂੰ ਵੈਸੇ ਪੋਸਟਰਾਂ ਬੈਨਰਾਂ ਨਾਲ ਭਰ ਦਿੱਤਾ ਜਿਨ੍ਹਾਂ ‘ਤੇ ਲਿਖਿਆ ਸੀ ਕਿ ਸਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਬਰਦਾਸ਼ਤ ਨਹੀਂ ਹਨ। ਅਮਰੀਕਾ ਦੇ ਲੋਕਾਂ ਨੇ ਏਨਾ ਤਾਂ ਕੀਤਾ ਕਿ ਸਹੁੰ ਗ੍ਰਹਿਣ ਦੇ ਤੁਰੰਤ ਬਾਅਦ ਇਹ ਜਤਾ ਦਿੱਤਾ ਪਰ ਜਦੋਂ ਚੋਣਾਂ ਹੋ ਰਹੀਆਂ ਸਨ ਤਾਂ ਇਨ੍ਹਾਂ ਲੋਕਾਂ ਨੇ ਨਫ਼ਰਤ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਜਦੋਂ ਵੱਡੇ ਨੇਤਾ ਕਿਸੇ ਭਾਈਚਾਰੇ ਨੂੰ ਅਜਿਹਾ ਨਿਸ਼ਾਨਾ ਬਣਾਉਣਗੇ ਤਾਂ ਉਨ੍ਹਾਂ ਦੇ ਵਰਕਰ ਤੇ ਸਮਰਥਕ ਅਜਿਹੀ ਨਫ਼ਰਤ ਦੇ ਸ਼ਿਕਾਰ ਹੋਣਗੇ ਹੀ। ਉਨ੍ਹਾਂ ਨੂੰ ਵੀ ਲੱਗੇਗਾ ਕਿ ਅਮਰੀਕਾ ਦੀ ਆਰਥਿਕ ਤੰਗੀ ਲਈ ਦੂਸਰੇ ਮੁਲਕ ਤੋਂ ਆਇਆ ਕੋਈ ਇੰਜਨੀਅਰ ਦੋਸ਼ੀ ਹੈ। ਇਸ ਲਈ ਉਹ ਰੰਗ ਦੇ ਆਧਾਰ ‘ਤੇ ਉਸ ਇੰਜਨੀਅਰ ਨੂੰ ਮੁਸਲਮਾਨ ਸਮਝਦਾ ਹੈ ਤੇ ਗੋਲੀ ਮਾਰ ਦਿੰਦਾ ਹੈ।
ਤੁਹਾਨੂੰ ਨਫ਼ਰਤ ਦੀ ਇਸ ਸਿਆਸਤ ਦਾ ਫਾਰਮੂਲਾ ਸਮਝਣਾ ਹੋਵੇਗਾ। ਇਹ ਸਿਰਫ਼ ਮੁਸਲਮਾਨ ਦੇ ਖ਼ਿਲਾਫ਼ ਨਹੀਂ ਹੈ। ਇਹ ਉਨ੍ਹਾਂ ਖ਼ਿਲਾਫ਼ ਵੀ ਹੈ, ਜਿਨ੍ਹਾਂ ਦਾ ਰੰਗ ਗੋਰੇ ਅਮਰੀਕੀਆਂ ਵਰਗਾ ਨਹੀਂ ਹੈ, ਉਨ੍ਹਾਂ ਖ਼ਿਲਾਫ਼ ਵੀ ਹੈ ਜੋ ਦੂਸਰੇ ਦੇਸ਼ ਤੋਂ ਆ ਕੇ ਉਥੇ ਨੌਕਰੀਆਂ ਕਰਦੇ ਹਨ। ਜ਼ਹਿਰ ਏਨਾ ਮਿਲ ਗਿਆ ਹੈ ਕਿ ਇਨ੍ਹਾਂ ਸਾਰਿਆਂ ਤੋਂ ਇਕ ਹੀ ਪਛਾਣ ਬਣੀ ਹੈ। ਕੌਣ ਬਾਹਰੀ ਹੈ, ਕੌਣ ਅੰਦਰ ਦਾ ਹੈ। ਜੋ ਬਾਹਰੀ ਹੈ, ਉਹ ਮੁਸਲਮਾਨ ਹੋਣ ਕਾਰਨ ਵੀ ਮਾਰਿਆ ਜਾ ਸਕਦਾ ਹੈ। ਤੁਸੀਂ ਇਸ ਸਿਆਸਤ ਦਾ ਫਾਰਮੂਲਾ ਭਾਰਤ ਵਿਚ ਵੀ ਲੱਭ ਸਕਦੇ ਹੋ। ਆਸਾਨੀ ਨਾਲ ਮਿਲ ਜਾਵੇਗਾ ਪਰ ਪੂਰੀ ਦੁਨੀਆ ਅਜਿਹੀ ਨਹੀਂ ਹੈ।
18 ਫਰਵਰੀ 2017 ਨੂੰ ਸਪੇਨ ਦੇ ਤਮਾਮ ਸ਼ਹਿਰਾਂ ਦੀਆਂ ਸੜਕਾਂ ਨੂੰ ਲੱਖਾਂ ਲੋਕਾਂ ਨੇ ਭਰ ਦਿੱਤਾ। ਬਾਰਸੀਲੋਨਾ, ਮੈਡਰਿਡ ਸਾਰੀਆਂ ਥਾਵਾਂ ‘ਤੇ ਲੋਕ ਇਸ ਗੱਲ ਨੂੰ ਲੈ ਕੇ ਘਰਾਂ ਤੋਂ ਨਿਕਲੇ ਕਿ ਉਨ੍ਹਾਂ ਦੀ ਸਰਕਾਰ ਸੀਰੀਆ, ਅਫ਼ਗਾਨਿਸਤਾਨ, ਇਰਾਕ ਤੋਂ ਆਏ ਸ਼ਰਨਾਰਥੀਆਂ ਨੂੰ ਵਸਾਉਣ ਵਿਚ ਦੇਰੀ ਕਿਉਂ ਕਰ ਰਹੀ ਹੈ। 17000 ਲੋਕਾਂ ਨੂੰ ਵਸਾਉਣ ਦਾ ਵਾਅਦਾ ਸੀ, ਹਾਲੇ ਤਕ 1100 ਸ਼ਰਨਾਰਥੀਆਂ ਨੂੰ ਹੀ ਕਿਉਂ ਵਸਾਇਆ ਗਿਆ ਹੈ। ਇਨ੍ਹਾਂ ਲੱਖਾਂ ਲੋਕਾਂ ਨੂੰ ਇਸ ਗੱਲ ਨਾਲ ਕੋਈ ਡਰ ਨਹੀਂ ਹੈ ਕਿ ਇਹ ਮੁਸਲਮਾਨ ਹੋਣਗੇ, ਜਾਂ ਦੂਸਰੇ ਮੁਲਕ ਤੋਂ ਹੋਣਗੇ। ਪਰ ਯੁੱਧ ਅਤੇ ਹਿੰਸਾ ਦੇ ਸ਼ਿਕਾਰ ਇਨ੍ਹਾਂ ਸ਼ਰਨਾਰਥੀਆਂ ਦੇ ਜੀਉਣ ਅਤੇ ਵਸਣ ਦੇ ਹੱਕ ਵਿਚ ਉਹ ਬਾਹਰ ਨਿਕਲੇ। ਕੀ ਤੁਸੀਂ ਅਜਿਹੇ ਕਿਸੇ ਪ੍ਰਦਰਸ਼ਨ ਦੀ ਕਲਪਨਾ ਭਾਰਤ ਵਿਚ ਕਰ ਸਕਦੇ ਹੋ।
ਸ਼੍ਰੀਨਿਵਾਸ ਦਾ ਦੋਸਤ ਆਲੋਕ ਮਦਾਸਾਨੀ ਜ਼ਖ਼ਮੀ ਹੈ। ਉਸ ਦੇ ਪਿਤਾ ਜਗਮੋਹਨ ਰੈੱਡੀ ਨੇ ਕਿਹਾ ਕਿ ਅਮਰੀਕਾ ਵਿਚ ਜਿਸ ਤਰ੍ਹਾਂ ਨਫ਼ਰਤ ਅਤੇ ਅੰਨ੍ਹੇ ਰਾਸ਼ਟਰਵਾਦ ਦਾ ਮਾਹੌਲ ਹੈ, ਉਸ ਤੋਂ ਇਹ ਦੇਸ਼ ਹੁਣ ਭਾਰਤੀਆਂ ਲਈ ਸੁਰੱਖਿਅਤ ਨਹੀਂ ਲਗਦਾ। ਉਨ੍ਹਾਂ ਕਿਹਾ ਕਿ ਇਹ ਪਾਗ਼ਲਪਣ ਚੰਗਾ ਨਹੀਂ ਹੈ ਕਿਉਂਕਿ ਸਾਡੇ ਬਹੁਤ ਸਾਰੇ ਬੱਚੇ ਉਥੇ ਰਹਿੰਦੇ ਹਨ। ਇਹ ਨਫ਼ਰਤ ਠੀਕ ਨਹੀਂ ਹੈ।