ਅਭੁੱਲ ਦੁੱਖਾਂਤ: ਸਾਕਾ ਨਨਕਾਣਾ ਸਾਹਿਬ

ਅਭੁੱਲ ਦੁੱਖਾਂਤ: ਸਾਕਾ ਨਨਕਾਣਾ ਸਾਹਿਬ

20-21 ਫਰਵਰੀ ਨੂੰ ਸਾਕਾ ਨਨਕਾਣਾ ਸਾਹਿਬ ‘ਤੇ ਵਿਸ਼ੇਸ਼

ਇਕਵਾਕ ਸਿੰਘ ਪੱਟੀ
ਜਗਤ ਗੁਰੂ, ਗੁਰੂ ਨਾਨਕ ਸਾਹਿਬ ਜੀ ਦੇ ਪਾਵਣ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਜੀ ਦੀ ਪਵਿੱਤਰ ਧਰਤੀ ਨੂੰ ਆਜ਼ਾਦ ਕਰਵਾਉਣ ਵੇਲੇ ਵਾਪਰੇ ਦੁਖਾਂਤ ਦੇ ਉਸ ਕਹਿਰ ਭਰੇ ਸਮੇਂ ਨੂੰ ਸਾਕਾ ਨਨਕਾਣਾ ਸਾਹਿਬ ਦੇ ਨਾਮ ਨਾਲ ਹਰ ਸਾਲ ਯਾਦ ਕੀਤਾ ਜਾਂਦਾ ਹੈ। ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਵਾਉਣ ਦਾ ਮਕਸਦ ਸਿਰਫ਼ ਸਬੰਧਿਤ ਜਗ੍ਹਾ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਹੀ ਨਹੀਂ ਸੀ ਬਲਕਿ ਉਸ ਪਵਿੱਤਰ ਅਸਥਾਨ ਨੂੰ ਗੁਰੂ ਨਾਨਕ ਦੇ ਸਿਧਾਂਤਾਂ ਨੂੰ ਪ੍ਰਚਾਰਣ ਦੇ ਕੇਂਦਰ ਵੱਜੋਂ ਪੇਸ਼ ਕਰਕੇ ਉੱਥੇ ਗੁਰ ਮਰਿਯਾਦਾ ਲਾਗੂ ਕਰਵਾਉਣਾ ਵੀ ਸੀ। ਕਿਉਂਕਿ ਸਮੇਂ ਦੇ ਮਹੰਤ ਨਰੈਣੂ (ਨਰਾਇਣ ਦਾਸ) ਨੇ ਅਤੇ ਇਸਤੋਂ ਪਹਿਲਾਂ ਦੇ ਰਹਿ ਚੁੱਕੇ ਮਹੰਤ ਸਾਧੂ ਰਾਮ ਅਤੇ ਕਿਸ਼ਨ ਦਾਸ ਨੇ ਨਨਕਾਣਾ ਸਾਹਿਬ ਵਿਖੇ ਮੱਸੇ ਰੰਘੜ ਵਾਲੇ ਸਮੇਂ ਤੋਂ ਵੀ ਬੱਦਤਰ ਹਾਲਾਤ ਉਸ ਸਥਾਨ ਤੇ ਬਣਾ ਛੱਡੇ ਸਨ। ਹੁਣ ਕੇਵਲ ਉੱਥੇ ਨਾਚੀਆਂ ਦਾ ਨਾਚ ਹੀ ਨਹੀਂਂ ਸੀ ਹੁੰਦਾ ਬਲਕਿ ਹੁਣ ਤਾਂ ਉਸ ਅਸਥਾਨ ਦੇ ਦਰਸ਼ਨ ਕਰਨ ਜਾਣ ਵਾਲੀਆਂ ਬੀਬੀਆਂ/ਔਰਤਾਂ ਦੇ ਇੱਜ਼ਤ ਵੀ ਮਹਿਫੂਸ ਨਹੀਂ ਸੀ ਰਹੀ। ਜਦ ਸੰਨ 1918 ਵਿੱਚ ਇੱਕ ਰਿਟਾਇਰਡ ਸਿੰਧੀ ਅਫ਼ਸਰ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਇਆ ਤਾਂ ਰਾਤ ਸਮੇਂ ਉਸਦੀ 13 ਵਰ੍ਹਿਆਂ ਦੀ ਮਾਸੂਮ ਬੱਚੀ ਨਾਲ ਮਹੰਤ ਦੇ ਚੇਲੇ ਨੇ ਕੁਕਰਮ (ਬਲਾਤਕਾਰ) ਕੀਤਾ। ਇਸੇ ਹੀ ਸਾਲ ਪੂਰਨਾਮਸੀ ਦੀ ਇੱਕ ਰਾਤ ਨੂੰ ਜਿਲ੍ਹਾ ਲਾਇਲਪੁਰ ਦੇ ਜੜ੍ਹਾਂ ਵਾਲੇ ਇਲਾਕੇ ਦੀਆਂ 6 ਬੀਬੀਆ, ਜੋ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਹਿੱਤ ਪੁਜੀਆਂ, ਉਹਨਾਂ ਦਾ ਵੀ ਮਹੰਤ ਦੇ ਚੇਲਿਆਂ ਨੇ ਉਹੀ ਹਸ਼ਰ ਕੀਤਾ ਖਾਧੀ। ਅਜਿਹੀਆਂ ਵਾਰਦਾਤਾਂ ਅਕਸਰ ਹੀ ਇੱਥੇ ਹੋਣ ਲੱਗ ਪਈਆਂ ਸਨ। ਇੱਥੋਂ ਤੱਕ ਕਿ ਜੱਦ ਸਿੱਖਾਂ ਨੇ ਮਹੰਤ ਦੀਆਂ ਇਹ ਆਪਹੁਦਰੀਆਂ ਕਰਤੂਤਾਂ ਅਤੇ ਮੰਦਭਾਗੀਆਂ ਘਟਨਾਵਾਂ ਵਿਰੁੱਧ ਰੋਸ ਪ੍ਰਗਟ ਕੀਤਾ ਤਾਂ ਅਗੋਂ ਮਹੰਤ ਨੇ ਐਲਾਨੀਆ ਕਹਿ ਦਿੱਤਾ ਕਿ ਇਹ ਗੁਰਦੁਆਰਾ ਸਾਡੀ ਨਿੱਜੀ ਦੁਕਾਨ ਹੈ, ਤੁਸੀਂ ਆਪਣੀਆਂ ਇਸਤਰੀਆਂ ਨੂੰ ਨਾ ਭੇਜਿਆ ਕਰੋ।
ਤਦ ਨਨਕਾਣਾ ਸਾਹਿਬ ਦੇ ਪਵਿੱਤਰ ਸਥਾਨ ਤੇ ਐਸੇ ਕੁਕਰਮਾਂ ਨੂੰ ਬੰਦ ਕਰਵਾਉਣ ਅਤੇ ਗੁਰ ਮਰਿਯਾਦਾ ਲਾਗੂ ਕਰਵਾਉਣ ਹਿੱਤ 26 ਜਨਵਰੀ 1921 ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਇਸ ਬਾਬਤ ਇੱਕ ਵਿਸ਼ੇਸ਼ ਗੁਰਮਤਾ ਪਾਸ ਕਰਕੇ ਮਿਤੀ 4, 5, 6 ਮਾਰਚ 1921 ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਸਿੱਖ ਕੌਮ ਦਾ ਇੱਕ ਭਾਰੀ ਇਕੱਠ ਸਦਣ ਬਾਰੇ ਵਿਚਾਰ ਚਰਚਾ ਕੀਤੀ ਗਈ ਤਾਂ ਕਿ ਉਸ ਸਮੇਂ ਸਮੁੱਚੇ ਪੰਥਕ ਰੂਪ ਵਿੱਚ ਮਿਲ ਬੈਠ ਕੇ ਗੁਰਦੁਆਰਿਆਂ ਦੇ ਪ੍ਰਬੰਧ ਬਾਰੇ, ਮਹੰਤ ਨਰਾਇਣ ਦਾਸ ਬਾਰੇ ਵਿਚਾਰ ਕੀਤਾ ਜਾ ਸਕੇ ਅਤੇ ਮਹੰਤ ਨੂੰ ਸੁਧਰਨ ਲਈ ਕਿਹਾ ਜਾਵੇ ਕਿਉਂ ਜੁ ਇਸਨੇ ਪ੍ਰਬੰਧ ਸੰਭਾਲਣ ਵੇਲੇ ਇਹ ਗੱਲ ਮੰਨੀ ਸੀ ਕਿ ਪਹਿਲੇ ਮਹੰਤਾਂ ਦੀ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾÂਤਿ ਨਹੀਂ ਆਵੇਗੀ।
ਹੋਣ ਵਾਲੇ ਇਸ ਪੰਥਕ ਇਕੱਠ ਦੀ ਸੂਹ ਮਹੰਤ ਨਰੈਣੂ ਨੂੰ ਲੱਗ ਗਈ ਤਾਂ ਉਸਨੇ ਵਿਉਂਤ ਘੜ ਲਈ ਕਿ ਉਸ ਸਮੇਂ ਸਿੱਖਾਂ ਦੇ ਉਸ ਭਾਰੀ ਇਕੱਠ ਉੱਤੇ ਹਮਲਾ ਕਰਕੇ ਸਭ ਗੁਰਮਤ ਸੁਧਾਰਕਾਂ ਨੂੰ ਖਤਮ ਕਰ ਦੇਣਾ ਹੈ। ਇਸ ਲਈ ਉਸਨੇ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਗੋਲੀ, ਸਿੱਕਾ, ਟਕੂਏ, ਪਿਸਤੌਲਾਂ, ਬੰਦੂਕ, ਮਿੱਟੀ ਦੇ ਤੇਲ ਦੇ ਪੀਪਿਆਂ ਅਤੇ ਲੱਕੜਾਂ ਦਾ ਜ਼ਖੀਰਾ ਇਕੱਠਾ ਕਰ ਲਿਆ ਤਾਂ ਕਿ ਉੱਠ ਰਹੀ ਗੁਰਦੁਆਰਾ ਸੁਧਾਰ ਲਹਿਰ ਦੇ ਮੁਖੀਆਂ ਸਮੇਤ ਹਾਜ਼ਰ ਸਾਰੇ ਸਿੱਖਾਂ ਦਾ ਖੁਰਾ ਖੋਜ ਉਸ ਦਿਨ ਹੋਣ ਵਾਲੀ ਇੱਤਰਤਾ ਮੌਕੇ ਮਿਟਾਇਆ ਜਾ ਸਕੇ। ਮਹੰਤ ਨਰੈਣੂ ਦੇ ਇਸ ਕਾਰੇ ਦੀ ਸੂਹ ਗੁਰਸਿੱਖਾਂ ਕੋਲ ਪੁੱਜੀ ਤਾਂ ਉਹਨਾਂ ਨੇ 17 ਫਰਵਰੀ 1921 ਨੂੰ ਇੱਕ ਵਿਸ਼ੇਟਸ਼ ਮੀਟਿੰਗ ਸੱਦ ਕੇ ਇਹ ਮਤਾ ਪਕਾ ਦਿੱਤਾ ਗਿਆ ਕਿ 19 ਫਰਵਰੀ ਨੂੰ ਭਾਈ ਲਛਮਣ ਸਿੰਘ ਅਤੇ ਭਾਈ ਕਰਤਾਰ ਸਿੰਘ ਝੱਬਰ ਸ੍ਰੀ ਨਨਕਾਣਾ ਸਾਹਿਬ ਦੀ ਆਜ਼ਾਦੀ ਲਈ ਚਾਲੇ ਪਾ ਦੇਣਗੇ। ਕਿਉਂਕਿ ਉਸ ਮਹੰਤ ਦੇ ਵਿਰੁੱਧ ਅਤੇ ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਵਾਉਣ ਲਈ ਸਿੱਖ ਸੰਗਤਾਂ ਦੇ ਮਨਾਂ ਵਿੱਚ ਪਹਿਲਾਂ ਹੀ ਜੋਸ਼ ਠਾਠਾਂ ਮਾਰ ਰਿਹਾ ਸੀ ਤੇ ਮਹੰਤ ਦੀ ਸਿੱਖਾਂ ਉੱਪਰ ਹਮਲਾ ਕਰਨ ਦੀ ਬਦਨੀਤੀ ਨੇ ਸਿੱਖਾਂ ਵਿੱਚਲੇ ਰੋਹ ਨੂੰ ਭਾਂਬੜ ਦਾ ਰੂਪ  ਦੇ ਦਿੱਤਾ।
ਮਿਥੀ ਮਿਤੀ ਤੇ ਅਰਦਾਸਾ ਸੋਧ ਕੇ ਗੁਰੂ ਦੇ ਲਾਡਲੇ ਸਿੰਘਾਂ ਨੇ ਗੁਰਧਾਮ ਆਜ਼ਾਦ ਕਰਵਾਉਣ ਲਈ ਗੁਰੂ ਦੀ ਸਿੱਖਿਆ ‘ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ£’ ਅਤੇ ‘ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ£’ ਦੇ ਮਾਹਾਂਵਾਕਾਂ ਨੂੰ ਮੰਨਦਿਆਂ ਗੁਰਧਾਮਾਂ ਦੀ ਆਜ਼ਾਦੀ ਲਈ ਅਤੇ ਗੁਰੂ ਅਸਥਾਨ ਦੀ ਬੇਅਦਬੀ ਰੋਕਣ ਲਈ ਸ੍ਰੀ ਨਨਕਾਣਾ ਸਾਹਿਬ ਨੂੰ ਚਾਲੇ ਪਾ ਦਿੱਤੇ। ਰਸਤੇ ਵਿੱਚ ਪੰਥਕ ਲੀਡਰਾਂ ਦੇ ਕਹੇ ਤੇ ਉਹਨਾਂ ਨੂੰ ਰਸਤੇ ਵਿੱਚ ਹੀ ਰੋਕਣ ਲਈ ਉਪਰਾਲਾ ਕੀਤਾ ਗਿਆ ਤਾਂ ਕਿ ਮਾਹੌਲ ਨਾ ਵਿਗੜੇ ਪਰ ਸਿੱਖਾਂ ਨੇ ਇੱਕੋ ਗੱਲ ਕਹੀ ਕਿ ”ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਕੇ ਤੁਰੇ ਹਾਂ, ਅਕਾਲ ਪੁਰਖ ਆਪ ਸਹਾਈ ਹੋਵੇਗਾ ਅਤੇ ਸਾਡੀ ਜਿੱਤ ਨਿਸਚਿਤ ਹੈ। ਅਸੀਂ ਅੱਗੇ ਹੋ ਕੇ ਮਰ ਜਾਵਾਂਗੇ ਪਰ ਹੁਣ ਪਿੱਛੇ ਨਹੀਂ ਹਟਾਂਗੇ। ਜਾਂ ਨਾਨਕ ਦਾ ਨਨਕਾਣਾ ਆਜ਼ਾਦ ਕਰਵਾਵਾਂਗੇ ਜਾਂ ਫਿਰ ਸ਼ਹੀਦ ਹੋਵਾਂਗੇ।” ਇਸ ਤਰ੍ਹਾਂ ਭਾਈ ਲਛਮਣ ਸਿੰਘ ਜੀ ਦਾ ਜਥਾ ਸ਼ਬਦ ਪੜ੍ਹਦਾ ਹੋਇਆ ਨਨਕਾਣਾ ਸਾਹਿਬ ਅੰਦਰ ਦਾਖਲ ਹੋਇਆ। ਮਹੰਤ ਨੇ ਬਾਹਰਲੇ ਗੇਟ ਬੰਦ ਕਰਵਾ ਦਿੱਤੇ ਅਤੇ ਸ਼ਾਂਤਮਈ ਸਿੰਘਾਂ ਉੱਤੇ ਮੀਂਹ ਦੀ ਤਰ੍ਹਾਂ ਗੋਲੀਆਂ ਦੀ ਬੁਛਾੜ ਕਰ ਦਿੱਤੀ। ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਭਾਈ ਲਛਮਣ ਸਿੰਘ ਜੀ ਨੂੰ ਗੋਲੀਆਂ ਨਾਲ ਅਧਮੋਇਆ ਕਰਨ ਤੋਂ ਬਾਅਦ ਜੰਡ ਨਾਲ ਪੁੱਠਾ ਲਮਕਾ ਕੇ ਅੱਗ ਲਗਾ ਕੇ ਸ਼ਹੀਦ ਕਰ ਦਿੱਤਾ ਗਿਆ। ਪਾਵਣ ਸਰੂਪ ਵਿੱਚ ਵੀ ਕਈ ਗੋਲੀਆਂ ਲੰਘੀਆਂ। ਇਹ ਸੀ ਜੁਲਮ ਦੀ ਇੰਤਹਾ ਸੀ। ਇਸੇ ਤਰ੍ਹਾਂ ਭਾਈ ਦਲੀਪ ਸਿੰਘ ਜੀ ਜਦ ਗੁਰਦੁਆਰਾ ਅੰਦਰ ਦਾਖਲ ਹੋਏ ਤਾਂ ਉਹਨਾਂ ਨੂੰ ਵੀ ਬਲਦੀ ਭੱਠੀ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦ ਸਿੰਘਾਂ ਨੂੰ ਮਿੱਟੀ ਦਾ ਤੇਲ ਪਾ ਕੇ ਸਾੜਿਆ ਗਿਆ। ਕਿਹਾ ਜਾਂਦਾ ਹੈ ਕਿ ਦੋ ਸਾਲ ਦਾ ਇੱਕ ਸਿੱਖ ਬੱਚਾ, ਜੋ ਕਿ ਇੱਕ ਅਲਮਾਰੀ ਵਿੱਚ ਬੰਦ ਸੀ,  ਨੂੰ ਵੀ ਬਾਹਰ ਕੱਢ ਕੇ ਬਲਦੀ ਅੱਗ ਦੇ ਉੱਪਰ ਸੁੱਟ ਕੇ ਸ਼ਹੀਦ ਕੀਤਾ ਗਿਆ ਜੋ ਜਰਗ (ਲੁਧਿਆਣਾ) ਨਿਵਾਸੀ ਸ਼ਹੀਦ ਕੇਹਰ ਸਿੰਘ ਦਾ ਪੁੱਤਰ ਸੀ ਅਤੇ ਆਪਣੇ ਪਿਤਾ ਨਾਲ ਇਸ ਸ਼ਹੀਦੀ ਜੱਥੇ ਵਿੱਚ ਸ਼ਾਮਿਲ ਸੀ।
ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਇਸ ਸਾਕੇ ਦੀ ਇਹ ਖਬਰ ਜੰਗਲ ਦੀ ਅੱੱਗ ਵਾਂਗ ਫੈਲ ਗਈ ਅਤੇ ਸਿੱਖਾਂ ਦੀ ਵੱਡੀ ਗਿਣਤੀ ਗੁਰਦੁਆਰਾ ਸਾਹਿਬ ਵਿਖੇ ਇਕੱਠੀ ਹੋਣੀ ਸ਼ੁਰੂ ਹੋ ਗਈ। ਇਸ ਤਰ੍ਹਾਂ 23 ਫਰਵਰੀ ਨੂੰ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ ਗਿਆ ਅਤੇ ਅੰਗਰੇਜ ਸਰਕਾਰ ਨੇ ਸਿੱਖਾਂ ਦੇ ਰੋਹ ਅੱਗੇ ਝੁਕਦਿਆਂ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਸਿੱਖਾਂ ਨੂੰ ਸੌਪੀਆਂ ਅਤੇ ਅੰਗਰੇਜ ਸਰਕਾਰ ਵੱਲੋਂ ਮੌਕੇ ਤੇ ਫਰਾਰ ਹੋਏ ਮਹੰਤ ਨੂੰ ਵੀ ਸਖਤ ਸਜ਼ਾ ਦਿੱਤੀ ਗਈ। ਇਸ ਤਰ੍ਹਾਂ ਸ਼ਹਾਦਤਾਂ ਤੋਂ ਬਾਅਦ ਗੁਰਧਾਮਾ ਨੂੰ ਆਜ਼ਾਦ ਕਰਵਾ ਕੇ ਉੱਥੇ ਗੁਰਮਰਿਯਾਦਾ ਬਹਾਲ ਕੀਤੀ ਗਈ।
ਉਪਰੋਕਤ ਅਭੁੱਲ ਸਾਕੇ ਨੂੰ ਰੋਜ਼ਾਨਾ ਅਰਦਾਸ ਕਰਨ ਵੇਲੇ ਯਾਦ ਕੀਤਾ ਜਾਂਦਾ ਹੈ, ‘…ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ. ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।