ਸਾਕਾ ਸਰਹਿੰਦ : ਅੱਲ੍ਹਾ ਯਾਰ ਖ਼ਾਂ ਦੀ ਜ਼ਬਾਨੀ

ਸਾਕਾ ਸਰਹਿੰਦ : ਅੱਲ੍ਹਾ ਯਾਰ ਖ਼ਾਂ ਦੀ ਜ਼ਬਾਨੀ

ਡਾ. ਹਰਚੰਦ ਸਿੰਘ ਸਰਹਿੰਦੀ (ਫੋਨ : 92178-45812)

ਹਕੀਮ ਅੱਲ੍ਹਾ ਯਾਰ ਖ਼ਾਂ ਜੋਗੀ ਨੇ ਸੰਨ 1913 ਈਸਵੀ ਵਿਚ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ (9 ਸਾਲ) ਅਤੇ ਬਾਬਾ ਫ਼ਤਹਿ ਸਿੰਘ (7 ਸਾਲ) ਦੀ ਸ਼ਹਾਦਤ ਦੀ ਘਟਨਾ ਨੂੰ ਇਕ ਲੰਮੀ ਉਰਦੂ ਨਜ਼ਮ ਦੇ ਰੂਪ ਵਿਚ ਲਿਖ ਕੇ ਸਾਹਿਤਕ ਤੇ ਧਾਰਮਿਕ ਖ਼ੇਤਰਾਂ ਵਿਚ ਹਲਚਲ ਮਚਾ ਦਿੱਤੀ ਸੀ । ‘ਸ਼ਹੀਦਾਨਿ ਵਫ਼ਾ’ ਨਾਂਅ ਹੇਠ ਕਲਮਬੰਦ ਕੀਤੀ ਇਹ ਰਚਨਾ, ਸਾਕਾ ਸਰਹਿੰਦ ਦੀ ਦਿਲ-ਕੰਬਾਊ ਘਟਨਾ ਦੀ ਲਾਮਿਸਾਲ ਝਾਕੀ ਪੇਸ਼ ਕਰਦੀ ਹੈ ।
ਇਸ ਵਿਚੋਂ ਕਰੁਣਾ ਤੇ ਬੀਰ ਰਸ ਡੁੱਲ੍ਹ-ਡੁੱਲ੍ਹ ਪੈਂਦੇ ਹਨ । ਦਰਅਸਲ, ਅੱਲ੍ਹਾ ਯਾਰ ਖ਼ਾਂ ਆਪਣੀ ਨਜ਼ਮ ਦੇ ਪਾਤਰਾਂ ਨੂੰ ਜਿਊਂਦਿਆਂ ਤੇ ਮਰਦਿਆਂ (ਸ਼ਹੀਦ ਹੁੰਦਿਆਂ) ਵੇਖਦਾ ਹੈ ਅਤੇ ਨਾਲ ਹੀ ਆਪ ਵੀ ਉਸੇ ਤਰ੍ਹਾਂ ਜਿਊਾਂ ਤੇ ਮਰਦਾ ਰਹਿੰਦਾ ਹੈ । ਉਸ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਘਟਨਾ ਵਿਚੋਂ ‘ਕਰਬਲਾ ਦੀ ਜੰਗ’ ਦੇ ਦ੍ਰਿਸ਼ ਨਜ਼ਰ ਆਏ । ਇਹ ਨਜ਼ਮ, ਪੰਜਾਬੀਆਂ ਖ਼ਾਸ ਕਰ ਸਿੱਖਾਂ ਦੇ ਭਾਵੁਕ ਸੁਭਾਅ ਨੂੰ ਐਨ ਰਾਸ ਹੈ । ਗੱਲ ਕੀ, ਅੱਲ੍ਹਾ ਯਾਰ ਖ਼ਾਂ ਨੇ ਸਿੱਖਾਂ ਦੀ ਅੱਖ ਵਿਚ ਅੱਖ ਪਾ ਕੇ ਇਸ ਨਜ਼ਮ ਦੀ ਰਚਨਾ ਕੀਤੀ ਹੈ, ਪਰ ਅਜਿਹਾ ਕਰਦਿਆਂ, ਉਸ ਨੇ ਕਿਧਰੇ ਵੀ ਕਲਮ ਨੂੰ ਸੱਚ ਤੋਂ ਦੂਰ ਨਹੀਂ ਜਾਣ ਦਿੱਤਾ ।
ਨਜ਼ਮ ਦੇ ਸ਼ੁਰੂ ਵਿਚ ਮੁਗ਼ਲ ਤੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਵੱਲੋਂ ਆਨੰਦਪੁਰ ਸਾਹਿਬ ਦੇ ਕਿਲ੍ਹੇ ਦੀ ਘੇਰਾਬੰਦੀ ਦਾ ਜ਼ਿਕਰ ਕੀਤਾ ਗਿਆ ਹੈ। 6-7 ਪੋਹ, 1761 ਬਿ: ਮੁਤਾਬਿਕ 20-21 ਦਸੰਬਰ, 1704 ਈ: ਦਿਨ ਮੰਗਲ-ਬੁੱਧ ਦੀ ਵਿਚਕਾਰਲੀ ਰਾਤ ਨੂੰ ਗੁਰੂ ਸਾਹਿਬ ਵੱਲੋਂ ਆਪਣੇ ਸਾਥੀਆਂ ਸਮੇਤ ਕਿਲ੍ਹੇ ਨੂੰ ਛੱਡਣ ਸਮੇਂ ਮੁਗ਼ਲ ਫ਼ੌਜ ਦੇ ਜਰਨੈਲ ਤੇ ਪਹਾੜੀ ਰਾਜੇ ਆਪਣੇ ਕੀਤੇ ਵਾਅਦੇ ਤੋਂ ਬੇਮੁੱਖ ਹੋ ਗਏ ਅਤੇ ਉਨ੍ਹਾਂ ਨੇ ਸਿੰਘਾਂ ਦੀ ਵਹੀਰ ‘ਤੇ ਇਕ ਭਰਵਾਂ ਹੱਲਾ ਬੋਲ ਦਿੱਤਾ ।
ਸਰਸਾ ਨਦੀ ਦੇ ਕੰਢੇ ‘ਤੇ, ਮੈਦਾਨ-ਏ-ਜੰਗ ਵਿਚ ਗੁਰੂ ਗੋਬਿੰਦ ਸਿੰਘ ਵੈਰੀ ਨੂੰ ਇਉਂ ਲਲਕਾਰਦੇ ਹਨ: ਘੋੜੇ ਕੋ ਏੜ ਦੇ ਕੇ ਗੁਰੂ ਰਨ ਮੇਂ ਡਟ ਗਏ ਫ਼ਰਮਾਏ ਬੁਜ਼ਦਿਲੋਂ ਸੇ ਕਿ ਤੁਮ ਕਿਉਂ ਪਲਟ ਗਏ । ਅਬ ਆਓ ਰਨ ਮੇਂ ਜੰਗ ਕੇ ਅਰਮਾਂ ਨਿਕਾਲ ਲੋ, ਤੁਮ ਕਰ ਚੁਕੇ ਹੋ ਵਾਰ ਹਮਾਰਾ ਸੰਭਾਲ ਲੋ । ਸਿੰਘਾਂ ਹੱਥੋਂ ਵੈਰੀ ਦੀ ਸ਼ਿਕਸ਼ਤ ਦਾ ਜ਼ਿਕਰ ਕਰਦਿਆਂ ਸ਼ਾਇਰ ਲਿਖਦਾ ਹੈ: ਜੋ ਬਚ ਗਏ ਵੁਹ ਭਾਗ ਗਏ ਮੂੰਹ ਕੋ ਮੋੜ ਕਰ ਰਸਤਾ ਘਰੋਂ ਕਾ ਲੇ ਲੀਆ ਮੈਦਾਂ ਕੋ ਛੋੜ ਕਰ ।
ਸਰਸਾ ਨਦੀ ਪਾਰ ਕਰਨ ਉਪਰੰਤ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ (ਗੁਰੂ ਸਾਹਿਬਾਨ ਦੇ ਮਾਤਾ ਜੀ) ਬਾਕੀ ਪਰਿਵਾਰ ਨਾਲੋਂ ਵਿਛੜ ਜਾਂਦੇ ਹਨ । ਗੁਰੂ ਸਾਹਿਬ ਨੇ ਆਪਣੇ ਉਲੀਕੇ ਹੋਏ ਪ੍ਰੋਗਰਾਮ ਅਨੁਸਾਰ ਚਮਕੌਰ ਸਾਹਿਬ ਵੱਲ ਵਾਗਾਂ ਮੋੜੀਆਂ ਅਤੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ ਆਪਣੇ ਰਸੋਈਏ ਗੰਗੂ ਸੰਗ ਉਸ ਦੇ ਪਿੰਡ ਸਹੇੜੀ (ਨੇੜੇ ਮੋਰਿੰਡਾ) ਵਿਖੇ ਪਹੁੰਚ ਕੇ ਉਸ ਦੇ ਘਰ ਸ਼ਰਨ ਲੈਂਦੇ ਹਨ ।
ਗੰਗੂ ਮੋਰਿੰਡਾ ਦੇ ਕੋਤਵਾਲ ਕੋਲ ਪਹੁੰਚ ਕਰ ਕੇ ‘ਗੱਲ ਜਾਇ ਦੱਸੀ ਸਾਰੀ ਭੇਤ ਵਾਲੀ’, ਯਾਨੀ: ਮਤਲਬ ਥਾ ਜਿਸਕਾ ਘਰ ਮਿਰੇ ਸਤਿਗੁਰ ਕੇ ਲਾਲ ਹੈਂ । ਜਿਨਕੇ ਪਕੜਨੇ ਕੇ ਸਭੀ ਵਾਹਾਂ (ਚਾਹਵਾਨ) ਕਮਾਲ ਹੈਂ । ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਕੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ, ਜੋ ਇਨ੍ਹਾਂ ਤਿੰਨਾਂ ਸ਼ਾਹੀ ਕੈਦੀਆਂ ਨੂੰ ਠੰਢੇ ਬੁਰਜ ਵਿਚ ਨਜ਼ਰਬੰਦ ਕਰ ਦਿੰਦਾ ਹੈ । ਅਗਲੇ ਦਿਨ ਸੂਬਾ ਸਰਹਿੰਦ ਦੇ ਸਿਪਾਹੀ, ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿਚ ਪੇਸ਼ ਕਰਨ ਲਈ ਲੈ ਜਾਣ ਵਾਸਤੇ ਠੰਢੇ ਬੁਰਜ ਵਿਖੇ ਪਹੁੰਚਦੇ ਹਨ । ਮਾਤਾ ਗੁਜਰੀ ਕੋਲੋਂ ਸਾਹਿਬਜ਼ਾਦਿਆਂ ਦੀ ਵਿਦਾਇਗੀ ਦੇ ਦ੍ਰਿਸ਼ ਨੂੰ ਅੱਲ੍ਹਾ ਯਾਰ ਖ਼ਾਂ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਕਰੁਣਾਮਈ ਅੰਦਾਜ਼ ਵਿਚ ਇਉਂ ਚਿਤਰਿਆ ਹੈ: ਜਾਨੇ ਸੇ ਪਹਲੇ ਆਓ ਗਲੇ ਸੇ ਲਗਾ ਤੋ ਲੂੰ । ਕੇਸੋਂ ਕੋ ਕੰਘੀ ਕਰੰ ਜ਼ਰਾ ਮੂੰਹ ਧੁਲਾ ਤੋ ਲੂੰ । ਪਿਆਰੇ ਸਰੋਂ ਪੈ ਨੰਨ੍ਹੀ ਸੀ ਕਲਗੀ ਸਜਾ ਤੋ ਲੂੰ । ਮਰਨ ਸੇ ਪਹਲੇ ਤੁਮ ਕੋ ਮੈਂ ਦੁਲਹਾ ਬਨਾ ਤੋ ਲੂੰ ।
ਸਾਹਿਬਜ਼ਾਦੇ ਚੜ੍ਹਦੀ ਕਲਾ ਵਿਚ ਰਹੇ ਅਤੇ ਮਾਤਾ ਜੀ ਨੂੰ ਮੁਖ਼ਾਤਿਬ ਹੁੰਦਿਆਂ ਅਰਜ਼ ਕਰਦੇ ਹਨ: ਰੁਖ਼ਸਤ ਦੋ ਅਬ ਖ਼ੁਸ਼ੀ ਸੇ ਕਿ ਜਾਨੇਂ ਫਿਦਾ ਕਰੇਂ । ਦੁਨੀਆ ਸੇ ਜਬਰੋ-ਜ਼ੋਰ ਕਾ ਹਮ ਖ਼ਾਤਮਾ ਕਰੇਂ । ਸਾਹਿਬਜ਼ਾਦਿਆਂ ਨੂੰ ਭਰੀ ਕਚਹਿਰੀ ਵਿਚ ਪੇਸ਼ ਕੀਤਾ ਜਾਂਦਾ ਹੈ । ਸੂਬਾ ਸਰਹਿੰਦ ਅਤੇ ਉਸ ਦੇ ਅਹਿਲਕਾਰ, ਸਾਹਿਬਜ਼ਾਦਿਆਂ ਨੂੰ ਆਪਣੀਆਂ ਜਾਨਾਂ ਬਖਸ਼ਾਉਣ ਲਈ ਇਸਲਾਮ ਕਬੂਲ ਕਰਨ ਲਈ ਪ੍ਰੇਰਦੇ ਹਨ । ਸਾਹਿਬਜ਼ਾਦੇ ਅਡੋਲ ਰਹੇ ਅਤੇ ਬੇਖੌਫ਼ ਹੋ ਕੇ ਇਉਂ ਜਵਾਬ ਦਿੰਦੇ ਹਨ: ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ ਡਰਤਾ ਨਹੀਂ ਅਕਾਲ ਸ਼ਹਿਨਸ਼ਾਹ ਕੀ ਸ਼ਾਨ ਸੇ ਉਪਦੇਸ਼ ਅਪਨਾ ਸੁਨ ਲੋ ਜ਼ਰਾ ਦਿਲ ਕੇ ਕਾਨ ਸੇ ਹਮ ਕਹ ਰਹੇ ਹੈਂ ਤੁਮ ਕੋ ਖ਼ੁਦਾ ਕੀ ਜ਼ਬਾਨ ਸੇ । ਜ਼ਰਾ ਧਿਆਨ ਦੇਣਾ! ਅੱਲ੍ਹਾ ਯਾਰ ਖ਼ਾਂ ਜੋਗੀ ਨੂੰ ਸਾਹਿਬਜ਼ਾਦਿਆਂ ਦੇ ਬੋਲ ‘ਖ਼ੁਦਾ ਦੀ ਜ਼ਬਾਨ’ ਪ੍ਰਤੀਤ ਹੋਏ ।
ਨਿਰਸੰਦੇਹ, ਉਸ ਨੂੰ ਸ਼ਹਾਦਤ ਦੀ ਇਸ ਘਟਨਾ ਵਿਚੋਂ ‘ਕਰਬਲਾ ਦੀ ਜੰਗ’ ਦੇ ਦ੍ਰਿਸ਼ ਨਜ਼ਰ ਆਏ । ਸ਼ਾਇਰ ਲਿਖਦਾ ਹੈ ਕਿ ਸਾਹਿਬਜ਼ਾਦਿਆਂ ਦੀ ਇਸ ਵਾਰਤਾਲਾਪ ਤੋਂ ਬਾਅਦ ਦਰਬਾਰ ਵਿਚ ਖ਼ਾਮੋਸ਼ੀ ਛਾ ਗਈ ਅਤੇ ਸੂਬੇਦਾਰ ਵਜ਼ੀਰ ਖ਼ਾਂ ਦਾ ਸਾਹਿਬਜ਼ਾਦਿਆਂ ਪ੍ਰਤੀ ਵੈਰ-ਭਾਵਨਾ ਵਾਲਾ ਜੋਸ਼ ਮੱਠਾ ਪੈ ਗਿਆ, ਪਰ ਐਨ ਉਸੇ ਵੇਲੇ ਦੀਵਾਨ ਸੁੱਚਾ ਨੰਦ ਮਸ਼ਵਰਾ ਦਿੰਦਾ ਹੈ ਕਿ ਸੱਪ ਦੇ ਬੱਚਿਆਂ ਨੂੰ ਜ਼ਿੰਦਾ ਛੱਡ ਦੇਣਾ ਵਾਜਿਬ ਨਹੀਂ ਹੋਏਗਾ ਅਤੇ ਉਨ੍ਹਾਂ ਦੇ ਸਿਰ ਕੁਚਲ ਦੇਣ ਲਈ ਇਉਂ ਉਕਸਾਉਂਦਾ ਹੈ: ਦਸਵੇਂ ਗੁਰੂ ਕਾ ਹੈ ਜੋ ਖ਼ਜ਼ਾਨਾ ਬਟੋਰਨਾ ਬੱਚੋਂ ਕੀ ਪਹਿਲੇ ਬਾਪ ਸੇ ਗਰਦਨ ਮਰੋੜਨਾ ।
ਸ਼ਾਇਰ ਅੱਗੇ ਲਿਖਦਾ ਹੈ ਕਿ ਸੂਬੇਦਾਰ ਇਸ ਸ਼ੈਤਾਨ ਦੀਆਂ ਗੱਲਾਂ ਵਿਚ ਆ ਗਿਆ । ਫਿਰ ਸੂਬੇਦਾਰ ਨੇ ਸਾਹਿਬਜ਼ਾਦਿਆਂ ਨੂੰ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਂ ਦੇ ਹਵਾਲੇ ਕਰਨ ਦੀ ਪੇਸ਼ਕਸ਼ ਕੀਤੀ, ਤਾਂ ਕਿ ਉਹ ਉਨ੍ਹਾਂ ਨੂੰ ਕਤਲ ਕਰਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈ ਸਕੇ । ਪਰ ਨਵਾਬ ਮਾਲੇਰਕੋਟਲਾ ਨੇ ਸੂਬੇਦਾਰ ਦੀ ਇਸ ਪੇਸ਼ਕਸ਼ ਨੂੰ ਠੁਕਰਾਉਂਦਿਆਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ: ਬਦਲਾ ਹੀ ਲੇਨਾ ਹੋਗਾ ਤੋ ਹਮ ਲੇਂਗੇ ਬਾਪ ਸੇ । ਮਹਿਫ਼ੂਜ਼ ਰੱਖੇ ਹਮ ਕੋ ਖ਼ੁਦਾ ਐਸੇ ਪਾਪ ਸੇ ।
ਅੰਤ, ਉਹ ਕੁਲਹਿਣੀ ਘੜੀ ਆਣ ਪਹੁੰਚੀ, ਜਦੋਂ ਸੂਬੇਦਾਰ ਵਜ਼ੀਰ ਖਾਂ ਨੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਦੀਵਾਰ ਵਿਚ ਚਿਣ ਦੇਣ ਦਾ ਹੁਕਮ ਆਖਰ ਦੇ ਹੀ ਦਿੱਤਾ । ਰੇਸ਼ਮ ਵਿਚ ਲਪੇਟ ਕੇ ਰੱਖੀਆਂ ਜਾਣ ਵਾਲੀਆਂ ਸੋਹਣੀਆਂ ਸੂਰਤਾਂ ਨੂੰ ਇੱਟਾਂ ਵਿਚ ਲਪੇਟੇ ਜਾਣ ਦੇ ਦ੍ਰਿਸ਼ ਨੂੰ ਸ਼ਾਇਰ ਇਉਂ ਚਿਤਰਦਾ ਹੈ: ਠੋਡੀ ਤਕ ਈਟੇ ਚਿਨ ਦੀ ਗਈ ਮੂੰਹ ਤਕ ਆ ਗ?ੀ ਬੀਨੀ ਕੋ ਢਾਂਪਤੇ ਹੀ ਵੁਹ ਆਂਖੋਂ ਪਿ ਛਾ ਗਈ। ਹਰ ਚਾਂਦ ਸੀ ਜਬੀਂ (ਮੱਥਾ) ਕੋ ਗ੍ਰਹਣ ਸਾ ਲਗਾ ਗਈ । ਲਖ਼ਤਿ ਜਿਗਰ ਗੁਰੂ ਕੇ ਵੁਹ ਦੋਨੋਂ ਛੁਪਾ ਗ?ੀ । ਸ਼ਾਇਰ ਲਿਖਦਾ ਹੈ ਕਿ ਸ਼ਹਾਦਤ ਦੀ ਇਸ ਘਟਨਾ ਨੇ ਸਰਹਿੰਦ ਦੀ ਤਬਾਹੀ ਲਈ ਰਾਹ ਪੱਧਰਾ ਕੀਤਾ: ‘ਜੋਗੀ ਜੀ’ ਇਸ ਕੇ ਬਾਅਦ ਹੂਈ ਥੋੜੀ ਦੇਰ ਥੀ । ਬਸਤੀ ਸਰਹਿੰਦ ਸ਼ਹਿਰ ਕੀ ਈਟੋਂ ਕਾ ਢੇਰ ਥੀ ।
ਅੰਤ ਵਿਚ ਅੱਲ੍ਹਾ ਯਾਰ ਖਾਂ ਜੋਗੀ ਦਰੁਸਤ ਕਹਿੰਦਾ ਹੈ ਕਿ ਸਾਹਿਬਜ਼ਾਦੇ ਆਪਣੀ ਸ਼ਹਾਦਤ ਨਾਲ ਸਿੱਖ ਰਾਜ ਦਾ ਪੌਦਾ ਲਗਾ ਗਏ, ਭਾਵ ਸਿੱਖ ਰਾਜ ਦਾ ਨੀਂਹ-ਪੱਥਰ ਰੱਖ ਗਏ: ਹਮ ਜਾਨ ਦੇ ਕੇ ਔਰੋਂ ਕੀ ਜਾਨੇਂ ਬਚਾ ਚਲੇ । ਸਿੱਖੀ ਕੀ ਨੀਂਵ ਹਮ ਹੈਂ ਸਰੋਂ ਪਰ ਉਠਾ ਚਲੇ । ਗੁਰਿਆਈ ਕਾ ਹੈ ਕਿੱਸਾ ਜਹਾਂ ਮੇਂ ਬਨਾ ਚਲੇ । ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ ।
ਇਸ ਤੋਂ ਬਾਅਦ ਜਦੋਂ ਸਿੱਖ ਹੱਥਾਂ ਵਿਚ ਸ਼ਮਸ਼ੀਰ ਲੈ ਕੇ ਮੈਦਾਨ ਵਿਚ ਨਿੱਤਰੇ ਤਾਂ ਤਖ਼ਤਾਂ ਤੇ ਤਾਜ਼ਾਂ ਨੇ ਉਨ੍ਹਾਂ ਨੂੰ ਪ੍ਰਣਾਮ ਕੀਤਾ । ਇਸ ਦੇ ਨਾਲ ਹੀ ਮੁਗ਼ਲਾਂ ਦੀ ਤਬਾਹੀ ਲਈ ਰਾਹ ਪੱਧਰਾ ਹੋ ਗਿਆ: ਗੱਦੀ ਸੇ ਤਖ਼ਤ ਬਸ ਅਬ ਕੌਮ ਪਾਏਗੀ । ਦੁਨੀਆ ਮੇਂ ਜ਼ਾਲਮੋਂ ਕਾ ਨਿਸ਼ਾਂ ਤਕ ਮਿਟਾਏਗੀ ।
ਸੋ, ਤੁਸੀਂ ਵੇਖ ਹੀ ਲਿਆ ਹੈ ਕਿ ਹਕੀਮ ਅੱਲ੍ਹਾ ਯਾਰ ਖ਼ਾਂ ਜੋਗੀ ਨੇ ਸਾਕਾ ਸਰਹਿੰਦ ਨੂੰ ਧਰਮਾਂ ਦੀਆਂ ਹੱਦਾਂ ਤੋਂ ਦੂਰ ਰੱਖ ਕੇ ਲੋਕਾਂ ਦੇ ਸਾਂਝੇ ਦਰਦ ਦੀ ਆਵਾਜ਼ ਬਣਾ ਦਿੱਤਾ ਹੈ, ਯਾਨੀ ਸਮੁੱਚੀ ਮਾਨਵਤਾ ਦੀ ਸਾਂਝੀ ਵਿਰਾਸਤ ਬਣਾ ਦਿੱਤਾ ਹੈ । ਉਹ ਸਾਕਾ ਸਰਹਿੰਦ ਅਤੇ ਕਰਬਲਾ ਦੀ ਜੰਗ ਨੂੰ ਇਕੋ ਨਜ਼ਰ ਨਾਲ ਵੇਖਦਾ ਹੈ । ਲਓ ਵੇਖੋ! ਉਹ ਸਾਕਾ ਸਰਹਿੰਦ ਨੂੰ ‘ਸਿੰਘਾਂ ਦੀ ਕਰਬਲਾ’ ਦਾ ਨਾਂਅ ਦਿੰਦਾ ਹੈ: ਗਿਲਾ ਨਹੀਂ ਤੋ ਤਵੱਜੋ ਦਿਲਾਨੀ ਚਾਹਤਾ ਹੂੰ । ਅਪੀਲ ਕਰਤਾ ਹੂੰ ਸਿੰਘੋਂ ਕੀ ਕਰਬਲਾ ਕੇ ਲੀਏ ।