ਰਾਜਨਾਥ ਦੇ ਅੱਤਵਾਦ ਖ਼ਿਲਾਫ਼ ਭਾਸ਼ਣ ਦਾ ਪਾਕਿਸਤਾਨ ਨੇ ਪ੍ਰਸਾਰਣ ਰੋਕਿਆ

ਰਾਜਨਾਥ ਦੇ ਅੱਤਵਾਦ ਖ਼ਿਲਾਫ਼ ਭਾਸ਼ਣ ਦਾ ਪਾਕਿਸਤਾਨ ਨੇ ਪ੍ਰਸਾਰਣ ਰੋਕਿਆ

ਆਓ ਭਾਗਤ ਨਾ ਹੋਣ, ਪ੍ਰਸਾਰਣ ਰੋਕਣ ਤੋਂ ਨਾਰਾਜ਼ ਗ੍ਰਹਿ ਮੰਤਰੀ ਬਿਨਾਂ ਖਾਣਾ ਖਾਇਆਂ ਪਰਤੇ
ਇਸਲਾਮਾਬਾਦ/ਬਿਊਰੋ ਨਿਊਜ਼ :
ਗ੍ਰਹਿ ਮੰਤਰੀ ਰਾਜਨਾਥ ਸਿੰਘ ਸਤਵੇਂ ਸਾਰਕ ਸੰਮੇਲਨ ਵਿਚ ਸ਼ਾਮਲ ਹੋਣ ਲਈ ਵੀਰਵਾਰ ਨੂੰ ਪਾਕਿਸਤਾਨ ਗਏ ਸਨ ਪਰ ਪਾਕਿਸਤਾਨ ਸਰਕਾਰ ਨੇ ਪ੍ਰੋਟੋਕਾਲ ਮੁਤਾਬਕ ਰਾਜਨਾਥ ਸਿੰਘ ਨੂੰ ਰਿਸੀਵ ਨਹੀਂ ਕੀਤਾ ਤੇ ਨਾ ਹੀ ਅੱਤਵਾਦੀਆਂ ਨੂੰ ਸੜਕਾਂ ‘ਤੇ ਪ੍ਰਦਰਸ਼ਨ ਕਰਨ ਤੋਂ ਰੋਕਿਆ। ਭਾਰਤੀ ਮੀਡੀਆ ਨੂੰ ਮੀਟਿੰਗ ਦੀ ਕਰਵਰੇਜ ਤਕ ਨਹੀਂ ਕਰਨ ਦਿੱਤੀ। ਸਿਰਫ਼ ਪਾਕਿਸਤਾਨ ਦੇ ਸਰਕਾਰੀ ਚੈਨਲ ਪੀ.ਟੀ.ਵੀ. ਨੂੰ ਇਜਾਜ਼ਤ ਦਿੱਤੀ। ਪੀ.ਟੀ.ਵੀ. ਨੇ ਆਪਣੇ ਮੁਲਕ ਦੇ ਪ੍ਰਤੀਨਿਧਾਂ ਦੇ ਭਾਸ਼ਣ ਤਾਂ ਦਿਖਾਏ ਪਰ ਜਦੋਂ ਰਾਜਨਾਥ ਬੋਲਣ ਲੱਗੇ ਤਾਂ ਪ੍ਰਸਾਰਣ ਰੋਕ ਦਿੱਤਾ। ਗੁੱਸੇ ਵਿਚ ਰਾਜਨਾਥ ਸਿੰਘ ਭਾਸ਼ਣ ਖ਼ਤਮ ਕਰਕੇ ਹੋਟਲ ਵਿਚ ਆ ਗਏ। ਉਥੇ ਗ੍ਰਹਿ ਮੰਤਰੀ ਨੇ ਦੁਪਹਿਰ ਦਾ ਭੋਜਣ ਵੀ ਨਹੀਂ ਛਕਿਆ ਅਤੇ ਤੈਅ ਪ੍ਰੋਗਰਾਮ ਤੋਂ ਚਾਰ ਘੰਟੇ ਪਹਿਲਾਂ ਹੀ ਭਾਰਤ ਆ ਗਏ।
ਸ੍ਰੀ ਰਾਜਨਾਥ ਸਿੰਘ ਨੇ ਸੰਮੇਲਨ ਦੌਰਾਨ ਪਾਕਿਸਤਾਨ ਨੂੰ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਉਹ ਅਤਿਵਾਦੀ ਸਮੂਹਾਂ ਨੂੰ ਸ਼ਹਿ ਦੇਣੀ ਬੰਦ ਕਰ ਦੇਵੇ। ਉਨ੍ਹਾਂ ਅਤਿਵਾਦ ਦਾ ਸਮਰਥਨ ਕਰਨ ਵਾਲੇ ਮੁਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਚੰਗਾ ਜਾਂ ਮਾੜਾ ਅਤਿਵਾਦ ਨਹੀਂ ਹੁੰਦਾ, ਅਤਿਵਾਦ ਸਿਰਫ਼ ਅਤਿਵਾਦ ਹੈ। ਭਾਰਤ ਤੇ ਪਾਕਿਸਤਾਨ ਸਬੰਧਾਂ ਵਿੱਚ ਮੌਜੂਦਾ ਤਣਾਅ ਸਾਫ਼ ਤੌਰ ‘ਤੇ ਨਜ਼ਰ ਆਇਆ ਜਦੋਂ ਸ੍ਰੀ ਰਾਜਨਾਥ ਸਿੰਘ ਦਾ ਚੌਧਰੀ ਖਾਨ ਨਾਲ ਪਹਿਲੀ ਵਾਰ ਸਾਹਮਣਾ ਹੋਇਆ ਤਾਂ ਦੋਵਾਂ ਨੇਤਾਵਾਂ ਨੇ ਬੜੇ ਔਖੇ ਹੋ ਕੇ ਇਕ ਦੂਜੇ ਦੇ ਹੱਥਾਂ ਛੂਹੇ ਪਰ ਰਸਮੀ ਤੌਰ ‘ਤੇ ਹੱਥ ਨਹੀਂ ਮਿਲਾਏ। ਇਹ ਸਭ ਸੰਮੇਲਨ ਵਾਲੇ ਸੇਰੇਨਾ ਹੋਟਲ ਵਿੱਚ ਉਦੋਂ ਹੋਇਆ, ਜਦੋਂ ਸ੍ਰੀ ਚੌਧਰੀ ਭਾਰਤੀ ਮੰਤਰੀ ਦਾ ਸਵਾਗਤ ਕਰਨ ਲਈ ਖੜ੍ਹੇ ਸਨ। ਨਵੀਂ ਦਿੱਲੀ ਤੋਂ ਸੰਮੇਲਨ ਦੀ ਖ਼ਬਰ ਦੇਣ ਲਈ ਪੁੱਜੇ ਭਾਰਤੀ ਪੱਤਰਕਾਰਾਂ ਨੂੰ ਉਸ ਪਲ ਨੂੰ ਕੈਦ ਕਰਨ ਜਾਂ ਸੰਮੇਲਨ ਦੀ ਰਿਪੋਰਟ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਪਾਕਿਸਤਾਨੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੂਰ ਹੀ ਰੱਖਿਆ। ਇਸ ਕਾਰਨ ਭਾਰਤ ਦੇ ਇਕ ਸੀਨੀਅਰ ਅਧਿਕਾਰੀ ਤੇ ਪਾਕਿਸਤਾਨੀ ਅਧਿਕਾਰੀ ਵਿਚਾਲੇ ਤੂੰ-ਤੂੰ, ਮੈਂ-ਮੈਂ ਵੀ ਹੋਈ। ਬੈਠਕ ਤੋਂ ਬਾਅਦ ਸ੍ਰੀ ਚੌਧਰੀ ਵੱਲੋਂ ਦਿੱਤੀ ਜਾ ਰੀ ਦਾਅਵਤ ਵਿੱਚ ਸ੍ਰੀ ਰਾਜਨਾਥ ਸਿੰਘ ਨੇ ਹਿੱਸਾ ਨਹੀਂ ਲਿਆ, ਕਿਉਂਕਿ ਮੇਜ਼ਬਾਨ ਮੌਕੇ ‘ਤੇ ਨਹੀਂ ਸੀ। ਇਸ ਤੋਂ ਬਾਅਦ ਗ੍ਰਹਿ ਮੰਤਰੀ ਨੇ ਆਪਣੇ ਹੋਟਲ ਵਿੱਚ ਭਾਰਤੀ ਵਫ਼ਦ ਨਾਲ ਰੋਟੀ ਖਾਧੀ। ਇਸ ਤੋਂ ਬਾਅਦ ਉਹ ਭਾਰਤ ਲਈ ਰਵਾਨਾ ਹੋ ਗਏ। ਇਸ ਬਾਰੇ ਪਾਕਿਸਤਾਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਭਾਰਤੀ ਵਫ਼ਦ ਨੇ ਸਵੇਰੇ ਹੀ ਦੱਸ ਦਿੱਤਾ ਸੀ ਕਿ ਮੰਤਰੀ ਸੰਮੇਲਨ ਦੇ ਪਹਿਲੇ ਸੈਸ਼ਨ ਤੋਂ ਬਾਅਦ ਡੇਢ ਵਜੇ ਦੇਸ਼ ਪਰਤ ਜਾਣਗੇ। ਸੰਮੇਲਨ ਵਿੱਚ ਸ੍ਰੀ ਰਾਜਨਾਥ ਸਿੰਘ ਨੇ ਹਿੰਦੀ ਵਿੱਚ ਭਾਸ਼ਣ ਦਿੱਤਾ ਤੇ ਕਿਹਾ ਕਿ ਅਤਿਵਾਦੀਆਂ ਜਾਂ ਸੰਗਠਨਾਂ ਖ਼ਿਲਾਫ਼ ਸਿਰਫ਼ ਸਖ਼ਤ ਕਾਰਵਾਈ ਹੀ ਨਹੀਂ ਹੋਣੀ ਚਾਹੀਦੀ ਸਗੋਂ ਅਜਿਹੇ ਲੋਕਾਂ, ਸੰਗਠਨਾਂ ਅਤੇ ਦੇਸ਼ਾਂ ਵਿਰੁਧ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਰਾਜਨਾਥ ਦੇ ਭਾਸ਼ਣ ਵੇਲੇ ਮੀਡੀਆ ਬਲੈਕਆਊਟ :
ਨਵੀਂ ਦਿੱਲੀ : ਭਾਰਤ ਨੇ ਉਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਕਿ ਪਾਕਿਸਤਾਨ ਵਿੱਚ ਭਾਰਤੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਭਾਸ਼ਣ ਵੇਲੇ ਮੀਡੀਆ ਨੂੰ ਦੂਰ ਰੱਖਿਆ ਗਿਆ ਸੀ। ਸਰਕਾਰ ਨੇ ਬਿਆਨ ਵਿੱਚ ਕਿਹਾ ਕਿ ਸਾਰਕ ਦੇਸ਼ਾਂ ਵਿੱਚ ਅਜਿਹਾ ਕੋਈ ਰੁਝਾਨ ਨਹੀਂ ਹੈ। ਸਾਰੇ ਦੇਸ਼ਾਂ ਦੇ ਪ੍ਰਤੀਨਿਧੀਆਂ ਦੇ ਬਿਆਨ ਜਨਤਕ ਤੇ ਮੀਡੀਆ ਵਿੱਚ ਜਾਣ ਤੋਂ ਨਹੀਂ ਰੋਕੇ ਜਾਂਦੇ। ਇਸ ਲਈ ਇਨ੍ਹਾਂ ਰਿਪੋਰਟਾਂ ਵਿੱਚ ਕੋਈ ਦਮ ਨਹੀਂ ਹੈ। ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ ਸ੍ਰੀ ਰਾਜਨਾਥ ਦਾ ਭਾਸ਼ਣ ਮੀਡੀਆ ਨੂੰ ਕਵਰ ਨਹੀਂ ਕਰਨ ਦਿੱਤਾ ਗਿਆ। ਦੂਜੇ ਪਾਸੇ ਪਾਕਿਸਤਾਨ ਨੇ ਵੀ ਅਜਿਹੇ ਕਿਸੇ ਬਲੈਕਆਊਟ ਤੋਂ ਇਨਕਾਰ ਕੀਤਾ ਹੈ। ਦੇਸ਼ ਦੇ ਗ੍ਰਹਿ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਸੱਚ ਹੈ ਕਿ ਹੋਰ ਦੇਸ਼ਾਂ ਦੇ ਮੰਤਰੀਆਂ ਵਾਂਗ ਭਾਰਤੀ ਮੰਤਰੀ ਦੇ ਭਾਸ਼ਨ ਦਾ ਸਿੱਧਾ ਪ੍ਰਸਾਰਨ ਨਹੀਂ ਕੀਤਾ ਗਿਆ।