ਮੁਸਲਮਾਨ ਦੇ ਭੁਲੇਖੇ ਸਿੱਖ 'ਤੇ ਨਸਲੀ ਹਮਲਾ

ਮੁਸਲਮਾਨ ਦੇ ਭੁਲੇਖੇ ਸਿੱਖ 'ਤੇ ਨਸਲੀ ਹਮਲਾ

ਮੈਰਿਸਵਿਲੇ (ਕੈਲੀਫੋਰਨੀਆ)/ਏਟੀ ਨਿਊਜ਼ :
ਕੈਲੀਫੋਰਨੀਆ ਵਿੱਚ ਇਕ ਸਿੱਖ ਨੂੰ ਕੌਫ਼ੀ ਦੇ ਪੈਸੇ ਮੰਗਣ ਬਦਲੇ ਨਫ਼ਰਤੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਜੌਹਨ ਕਰੈਨ ਨਾਂ ਦੇ ਸ਼ਖ਼ਸ ਨੇ ਸਿੱਖ ਕਾਮੇ ਨੂੰ ਪਹਿਲਾਂ ਘਸੁੰਨ ਮਾਰੇ ਤੇ ਮਗਰੋਂ ਗਰਮ ਕੌਫ਼ੀ ਉਸ ਉਪਰ ਸੁੱਟ ਦਿੱਤੀ। ਪੁਲੀਸ ਨੇ ਕਰੈਨ ਨੂੰ ਨਫ਼ਰਤੀ ਹਮਲੇ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਰਿਪੋਰਟ 'ਚ ਹਾਲਾਂਕਿ ਸਿੱਖ ਦੀ ਪਛਾਣ ਨਹੀਂ ਦੱਸੀ ਗਈ। ਸੈਕਰਾਮੈਂਟੋ ਬੀ ਦੀ ਰਿਪੋਰਟ ਮੁਤਾਬਕ ਇਹ ਘਟਨਾ ਮੈਰਿਸਵਿਲੇ ਵਿੱਚ ਵਾਪਰੀ। ਮੈਰਿਸਵਿਲੇ ਪੁਲੀਸ ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ ਪੀੜਤ ਸਿੱਖ ਨੇ ਦੱਸਿਆ ਕਿ ਕਰੇਨ ਨੇ ਕੌਫ਼ੀ ਦਾ ਆਰਡਰ ਦਿੱਤਾ ਸੀ ਤੇ ਮਗਰੋਂ ਉਸ ਨੇ ਬਿਨਾ ਅਦਾਇਗੀ ਕੀਤਿਆਂ ਜਾਣ ਦੀ ਕੋਸ਼ਿਸ਼ ਕੀਤੀ। ਸੀਸੀਟੀਵੀ ਫੁਟੇਜ ਵਿੱਚ ਸਿੱਖ ਕਾਮਾ ਹਮਲੇ ਤੋਂ ਪਹਿਲਾਂ ਰੇਸਤਰਾਂ ਦੇ ਮੂਹਰਲੇ ਦਰਵਾਜ਼ੇ 'ਤੇ ਕਰੇਨ ਨਾਲ ਬਹਿਸ ਕਰਦਾ ਵਿਖਾਈ ਦੇ ਰਿਹਾ ਹੈ। ਪੁਲੀਸ ਮੁਤਾਬਕ ਗਰਮ ਕੌਫ਼ੀ ਸੁੱਟੇ ਜਾਣ ਤੇ ਘਸੁੰਨ ਮੁੱਕੀ ਕਰਕੇ ਪੀੜਤ ਦੇ ਸਰੀਰ ਅਤੇ ਮੂੰਹ 'ਤੇ ਸੱਟਾਂ ਦੇ ਨਿਸ਼ਾਨ ਹਨ। ਇਸ ਦੌਰਾਨ ਮੁਲਜ਼ਮ ਨੇ ਪੁਲੀਸ ਨੂੰ ਦੱਸਿਆ ਕਿ ਉਹ 'ਮੁਸਲਮਾਨਾਂ ਨੂੰ ਨਫ਼ਰਤ' ਕਰਦਾ ਹੈ ਤੇ ਉਸ ਨੇ ਸਿੱਖ 'ਤੇ ਇਸੇ ਭੁਲੇਖੇ 'ਚ ਹਮਲਾ ਕੀਤਾ ਸੀ। ਇਸ ਦੌਰਾਨ ਸਿੱਖ ਭਾਈਚਾਰੇ ਨੇ ਹਮਲੇ ਦੀ ਨਿਖੇਧੀ ਕੀਤੀ ਹੈ।