ਕਿਲਾ ਰਾਏਪੁਰ ਖੇਡ ਮੇਲੇ ਵਿਚ ਮੁੜ ਦੌੜਨਗੀਆਂ ਬੈਲ-ਗੱਡੀਆਂ

ਕਿਲਾ ਰਾਏਪੁਰ ਖੇਡ ਮੇਲੇ ਵਿਚ ਮੁੜ ਦੌੜਨਗੀਆਂ ਬੈਲ-ਗੱਡੀਆਂ

ਲੁਧਿਆਣਾ/ਏਟੀ ਨਿਊਜ਼ :
ਪੇਂਡੂ ਓਲੰਪਿਕ ਦੇ ਨਾਂਅ ਤੋਂ ਮਸ਼ਹੂਰ ਕਿਲਾ ਰਾਏਪੁਰ ਖੇਡ ਮੇਲੇ ਵਿਚ ਚਾਰ ਸਾਲਾਂ ਬਾਅਦ ਮੁੜ ਤੋਂ ਬਲਦਾਂ ਦੀਆਂ ਦੌੜਾਂ ਲੋਕਾਂ ਦੀ ਖਿੱਚ ਦਾ ਕੇਂਦਰ ਹੋਣਗੀਆਂ। ਪੰਜਾਬ ਕੈਬਨਿਟ ਨੇ ਬਲਦਾਂ ਦੀਆਂ ਦੌੜਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਕੈਬਨਿਟ ਦੀ ਮਨਜੂਰੀ ਮਿਲਣ ਤੋਂ ਬਾਅਦ ਗਰੇਵਾਲ ਸਪੋਰਟਸ ਅਕਾਦਮੀ ਦੇ ਮੈਂਬਰਾਂ ਤੇ ਬਲਦ ਦੌੜਾਉਣ ਵਾਲੇ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਨੇ ਕੈਬਨਿਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਬਲਦਾਂ ਦੀਆਂ ਦੌੜਾਂ ਦੇ ਸ਼ੌਕੀਨ ਬਜ਼ੁਰਗ ਤੇ ਨੌਜਵਾਨਾਂ ਨੇ ਪਹਿਲੇ ਦਿਨ ਤੋਂ ਹੀ ਦੌੜਾਂ ਲਈ ਤਿਆਰੀ ਵੀ ਖਿੱਚ ਦਿੱਤੀ ਹੈ। ਦੇਸ਼ ਵਿਦੇਸ਼ ਤੋਂ ਆਉਣ ਵਾਲੇ ਖੇਡ ਪ੍ਰੇਮੀਆਂ ਵਿੱਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਸੋਸ਼ਲ ਮੀਡੀਆ 'ਤੇ ਇਸ ਫੈਸਲੇ ਦਾ ਸਵਾਗਤ ਕੀਤਾ ਜਾ ਰਿਹਾ ਹੈ।
ਦਰਅਸਲ, ਕਿਲਾ ਰਾਏਪੁਰ ਦੀਆਂ ਖੇਡਾਂ ਦੀ ਧੜਕਣ ਬਲਦ ਗੱਡੀਆਂ ਦੀਆਂ ਦੌੜਾਂ ਪਿਛਲੇ ਕਰੀਬ ਚਾਰ ਸਾਲਾਂ ਤੋਂ ਨਹੀਂ ਹੋਈਆਂ ਹਨ, ਜਿਸ ਦਾ ਕਾਰਨ ਜਾਨਵਰਾਂ ਦੀਆਂ ਖੇਡਾਂ 'ਤੇ ਪਾਬੰਦੀ ਲੱਗਣਾ ਸੀ। ਅਕਾਲੀ ਸਰਕਾਰ ਦੇ ਸਮੇਂ ਸਾਲ 2014 ਵਿੱਚ ਬਲਦ ਦੌੜਾਂ 'ਤੇ ਪਾਬੰਦੀ ਲੱਗੀ ਸੀ ਪਰ ਰਾਜਸੀ ਆਗੂਆਂ ਦੇ ਸਹਿਯੋਗ ਤੋਂ ਬਾਅਦ ਹੁਣ ਦੁਬਾਰਾ ਬਲਦ ਦੌੜਾਂ ਨੂੰ ਮਨਜ਼ੂਰੀ ਮਿਲ ਗਈ ਹੈ। ਗਰੇਵਾਲ ਸਪੋਰਟਸ ਅਕਾਦਮੀ ਦੇ ਪ੍ਰਧਾਨ ਗਿਆਨ ਸਿੰਘ ਤੇ ਗਰੇਵਾਲ ਸਪੋਰਟ ਐਸੋਸੇਈਸ਼ੇਨ ਦੇ ਸਕੱਤਰ ਬਲਵਿੰਦਰ ਸਿੰਘ ਜੱਗਾ ਦਾ ਕਹਿਣਾ ਹੈ ਕਿ ਇਸ ਮਨਜ਼ੂਰੀ ਤੋਂ ਬਾਅਦ ਹਰ ਪਾਸੇ ਖੁਸ਼ੀ ਹੈ। ਦੌੜਾਕ ਆਪਣੇ ਬੱਚਿਆਂ ਦੀ ਤਰ੍ਹਾਂ ਪਾਲੇ ਬਲਦਾਂ ਨੂੰ ਹੁਣ ਦੁਬਾਰਾ ਤੋਂ ਉਹ ਖੇਡ ਮੈਦਾਨ ਵਿੱਚ ਭਜਾਉਣਗੇ। ਉਨ੍ਹਾਂ ਕਿਹਾ ਕਿ ਮਨਜ਼ੂਰੀ ਦਾ ਪੱਤਰ ਜਿਵੇਂ ਹੀ ਉਨ੍ਹਾਂ ਕੋਲ ਪੁੱਜ ਜਾਏਗਾ ਤਾਂ ਉਹ ਬਲਦ ਦੌੜਾਂ ਵਾਲਾ ਸੱਦਾ ਪੱਤਰ ਜਾਰੀ ਕਰਨਗੇ। ਫਰਵਰੀ ਮਹੀਨੇ ਦੀ ਸ਼ੁਰੂਆਤ ਵਿੱਚ ਹਰ ਸਾਲ ਇਹ ਮੇਲਾ ਹੁੰਦਾ ਹੈ, ਪਰ ਸਰਕਾਰ ਦੇ ਭਰੋਸੇ ਤੋਂ ਬਾਅਦ ਇਸ ਵਾਰ ਮੇਲੇ ਦੀ ਤਾਰੀਕ ਅੱਗੇ ਕਰ ਦਿੱਤੀ ਗਈ ਸੀ।