ਭਗਵੰਤ ਮਾਨ ਨੇ ਆਰਮੀਨੀਆ ਦੇ ਮਾੜੇ ਹਾਲਾਤ 'ਚੋਂ ਕੱਢ ਲਿਆਂਦੇ ਤਿੰਨ ਨੌਜਵਾਨ

ਭਗਵੰਤ ਮਾਨ ਨੇ ਆਰਮੀਨੀਆ ਦੇ ਮਾੜੇ ਹਾਲਾਤ 'ਚੋਂ ਕੱਢ ਲਿਆਂਦੇ ਤਿੰਨ ਨੌਜਵਾਨ

ਸੰਗਰੂਰ/ਏਟੀ ਨਿਊਜ਼ :
ਡਾਲਰ ਕਮਾਉਣ ਦੇ ਸੁਫ਼ਨੇ ਲੈ ਕੇ ਜਹਾਜ਼ ਚੜ੍ਹਨ ਵਾਲੇ ਤਿੰਨ ਨੌਜਵਾਨਾਂ ਨੂੰ ਚਿੱਤ ਚੇਤਾ ਨਹੀਂ ਸੀ ਕਿ ਆਰਮੀਨੀਆ 'ਚ ਭੁੱਖੇ ਰਹਿ ਕੇ ਮਾੜੇ ਹਾਲਾਤ ਨਾਲ ਜੂਝਦਿਆਂ ਲੱਖਾਂ ਰੁਪਏ ਲੁਟਾ ਕੇ ਖਾਲੀ ਹੱਥ ਘਰ ਪਰਤਣਾ ਪਵੇਗਾ। ਅਜਿਹੇ ਤਿੰਨ ਨੌਜਵਾਨ ਇਥੇ ਸੰਸਦ ਮੈਂਬਰ ਭਗਵੰਤ ਮਾਨ ਦੇ ਯਤਨਾਂ ਸਦਕਾ ਵਤਨ ਪਰਤ ਆਏ ਹਨ।
ਸਥਾਨਕ ਰੈਸਟ ਹਾਊਸ ਵਿਚ ਤਿੰਨ ਨੌਜਵਾਨਾਂ ਹਰਮਨਪ੍ਰੀਤ ਸਿੰਘ ਵਾਸੀ ਨਡਾਲਾ ਭੁਲੱਥ, ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਵਾਸੀ ਇਬਰਾਹਿਮਵਾਲ ਜ਼ਿਲ੍ਹਾ ਕਪੂਰਥਲਾ ਅਤੇ ਜਤਿੰਦਰਪਾਲ ਸਿੰਘ ਵਾਸੀ ਪਿੰਡ ਜੋਧਾ ਨਗਰੀ ਜ਼ਿਲ੍ਹਾ ਅੰਮ੍ਰਿਤਸਰ ਨੂੰ ਮੀਡੀਆ ਦੇ ਰੂਬਰੂ ਕਰਦਿਆਂ ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ ਆਰਮੀਨੀਆ 'ਚ ਫਸੇ ਇਨ੍ਹਾਂ ਤਿੰਨੋਂ ਨੌਜਵਾਨਾਂ ਵੱਲੋਂ ਬੀਤੀ 3 ਫਰਵਰੀ ਨੂੰ ਇੱਕ ਵੀਡੀਓ ਉਨ੍ਹਾਂ ਨੂੰ ਭੇਜੀ ਗਈ ਸੀ, ਜਿਸ ਵਿਚ ਉਨ੍ਹਾਂ ਦੱਸਿਆ ਸੀ ਕਿ ਏਜੰਟ ਨੇ ਉਨ੍ਹਾਂ ਨੂੰ ਧੋਖੇ ਨਾਲ ਇਥੇ ਫਸਾ ਦਿੱਤਾ ਹੈ ਅਤੇ ਉਹ ਪੰਜ ਦਿਨਾਂ ਤੋਂ ਭੁੱਖੇ-ਭਾਣੇ ਬੈਠੇ ਹਨ ਅਤੇ ਉਨ੍ਹਾਂ ਨੂੰ ਬਚਾ ਕੇ ਵਾਪਸ ਭਾਰਤ ਪਹੁੰਚਾਇਆ ਜਾਵੇ।
ਮਾਨ ਅਨੁਸਾਰ ਇਸ ਮਗਰੋਂ ਉਨ੍ਹਾਂ ਨੌਜਵਾਨਾਂ ਦੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਫੋਨ 'ਤੇ ਮੁੰਡਿਆਂ ਨਾਲ ਗੱਲ ਕੀਤੀ। ਉਨ੍ਹਾਂ ਦੇ ਯਤਨਾਂ ਸਦਕਾ ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਆਰਮੀਨੀਆ 'ਚ ਸਥਿਤ ਅੰਬੈਸੀ 'ਚ ਫੋਨ ਕੀਤਾ ਗਿਆ ਅਤੇ ਮੁੰਡਿਆਂ ਨੂੰ ਅੰਬੈਸੀ ਵਿਚ ਭੇਜਿਆ ਗਿਆ। ਅਗਲੇ ਦਿਨ ਇੱਕ ਮਹਿਲਾ ਸਮੇਤ ਤਿੰਨੋਂ ਮੁੰਡਿਆਂ ਦੀ ਆਰਮੀਨੀਆ ਤੋਂ ਦਿੱਲੀ ਦੀ ਫਲਾਈਟ ਕਰਵਾ ਦਿੱਤੀ। ਤਿੰਨੋਂ ਮੁੰਡਿਆਂ 'ਚੋਂ ਇੱਕ ਸ਼ਮਸ਼ੇਰ ਸਿੰਘ ਦੀ ਪਤਨੀ ਪਿੰਕੀ ਕੌਰ ਵੀ ਸ਼ਾਮਲ ਸੀ।
ਪੀੜਤ ਨੌਜਵਾਨਾਂ ਨੇ ਦੱਸਿਆ ਕਿ ਅਖੌਤੀ ਟਰੈਵਲ ਏਜੰਟਾਂ ਵੱਲੋਂ ਚਾਰ-ਚਾਰ ਲੱਖ ਰੁਪਏ ਲੈ ਕੇ ਉਨ੍ਹਾਂ ਨੂੰ ਰੋਮਾਨੀਆ ਭੇਜਣਾ ਸੀ ਪਰ ਆਰਮੀਨੀਆ ਭੇਜ ਦਿੱਤਾ ਗਿਆ। ਉਹ 9 ਦਸੰਬਰ 2018 ਨੂੰ ਆਰਮੀਨੀਆ ਪੁੱਜੇ ਸੀ ਜਿਥੇ ਏਜੰਟਾਂ ਨੇ ਜਾਂਦਿਆਂ ਹੀ ਉਨ੍ਹਾਂ ਦੇ ਪਾਸਪੋਰਟ ਅਤੇ ਪੈਸੇ ਖੋਹ ਲਏ ਸਨ।
ਉਨ੍ਹਾਂ ਮੰਗ ਕੀਤੀ ਕਿ ਅਖੌਤੀ ਏਜੰਟ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ, ਤਾਂ ਜੋ ਹੋਰ ਮੁੰਡੇ ਉਸ ਦੇ ਜਾਲ ਵਿਚ ਨਾ ਫਸਣ। ਸ੍ਰੀ ਭਗਵੰਤ ਮਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨੂੰ ਗ੍ਰਿਫ਼ਤਾਰ ਕਰਕੇ ਨੌਜਵਾਨਾਂ ਦੇ ਪੈਸੇ ਵਿਆਜ ਸਮੇਤ ਵਾਪਸ ਦਿਵਾਏ ਜਾਣ।