ਬੇਅਦਬੀ ਕਾਂਡ : ਬਾਦਲਾਂ ਦੇ ਨੇੜਲੇ ਸਾਬਕਾ ਮੰਤਰੀ ਚੀਮਾ ਤੋਂ ਪੁੱਛਗਿੱਛ

ਬੇਅਦਬੀ ਕਾਂਡ : ਬਾਦਲਾਂ ਦੇ ਨੇੜਲੇ ਸਾਬਕਾ ਮੰਤਰੀ ਚੀਮਾ ਤੋਂ ਪੁੱਛਗਿੱਛ

ਜਾਂਚ ਟੀਮ ਕੋਲ ਪੇਸ਼ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਲਜੀਤ ਸਿੰਘ ਚੀਮਾ।
ਫ਼ਰੀਦਕੋਟ/ਬਿਊਰੋ ਨਿਊਜ਼ :
ਪੰਜਾਬ ਵਿਚ ਅਕਾਲੀ-ਭਾਜਪਾ ਰਾਜ ਦੌਰਾਨ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਪੁਲਿਸ ਟੀਮ ਨੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਨੂੰ ਫਰੀਦਕੋਟ ਕੈਂਪ ਦਫ਼ਤਰ ਵਿਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਸਨ। ਦਲਜੀਤ ਸਿੰਘ ਚੀਮਾ ਇੱਥੇ ਵਿਸ਼ੇਸ਼ ਜਾਂਚ ਟੀਮ (ਸਿੱਟ) ਸਾਹਮਣੇ ਪੇਸ਼ ਹੋਏ। ਇਸ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਕਰੀਬ 200 ਗਵਾਹ ਬੇਅਦਬੀ ਕਾਂਡ ਮਾਮਲੇ ਵਿੱਚ ਆਪਣੇ ਬਿਆਨ ਸਿੱਟ ਕੋਲ ਦਰਜ ਕਰਵਾ ਚੁੱਕੇ ਹਨ। ਜਾਂਚ ਟੀਮ ਵੱਲੋਂ ਸ੍ਰੀ ਚੀਮਾ ਨੂੰ 12:30 ਵਜੇ ਕੈਂਪ ਦਫ਼ਤਰ ਵਿਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਸਨ। ਸ੍ਰੀ ਚੀਮਾ 12 ਵਜੇ ਹੀ ਦਫ਼ਤਰ ਪੁੱਜ ਗਏ ਜਦੋਂ ਕਿ ਜਾਂਚ ਟੀਮ ਦੀ ਅਗਵਾਈ ਕਰ ਰਹੇ ਆਈਜੀ ਵਿਜੇ ਕੰਵਰ ਪ੍ਰਤਾਪ ਸਿੰਘ 1 ਵਜੇ ਦਫ਼ਤਰ ਆਏ।
ਸੂਚਨਾ ਅਨੁਸਾਰ ਡੇਰਾ ਮੁਖੀ ਵੱਲੋਂ ਮੁਆਫ਼ੀ ਲਈ ਲਿਖਿਆ ਪੱਤਰ ਦਲਜੀਤ ਸਿੰਘ ਚੀਮਾ ਨੇ ਕਥਿਤ ਤੌਰ ‘ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਹਮਣੇ ਪੇਸ਼ ਕੀਤਾ ਸੀ ਅਤੇ ਉਸ ਸਮੇਂ ਤਖ਼ਤਾਂ ਦੇ ਜਥੇਦਾਰ ਵੀ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਹਾਜ਼ਰ ਸਨ। ਸ੍ਰੀ ਚੀਮਾ ਉਸ ਸਮੇਂ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ, ਵਿਧਾਇਕ ਰੋਜ਼ੀ ਬਰਕੰਦੀ, ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ, ਮਨਤਾਰ ਸਿੰਘ ਬਰਾੜ ਆਦਿ ਹਾਜ਼ਰ ਸਨ। ਸਿੱਟ ਵੱਲੋਂ ਕੀਤੀ ਪੁੱਛ ਪੜਤਾਲ ਮਗਰੋਂ ਸ੍ਰੀ ਚੀਮਾ ਨੇ ਕਿਹਾ ਕਿ ਉਹ ਟੀਮ ਵੱਲੋਂ ਕੀਤੇ ਗਏ ਸਵਾਲਾਂ ਆਦਿ ਬਾਰੇ ਕੁਝ ਨਹੀਂ ਦੱਸ ਸਕਦੇ। ਉਨ੍ਹਾਂ ਕਿਹਾ ਕਿ ਜਾਂਚ ਟੀਮ ਨੇ ਜੋ ਕੁਝ ਵੀ ਪੁੱਛਿਆ, ਉਸ ਦਾ ਉਨ੍ਹਾਂ ਨੇ ਆਪਣੇ ਜਾਣਕਾਰੀ ਮੁਤਾਬਕ ਜਵਾਬ ਦੇ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਕੋਝੀ ਸਾਜ਼ਿਸ਼ ਰਚੀ ਹੈ। ਆਈਜੀ ਕੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਸ੍ਰੀ ਚੀਮਾ ਨੇ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ ਹੈ।
ਇਸ ਦੌਰਾਨ ਪਤਾ ਲੱਗਾ ਹੈ ਕਿ ਜਾਂਚ ਟੀਮ ਅਗਲੇ ਦਿਨਾਂ ਵਿੱਚ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵੀ ਪੁੱਛਗਿੱਛ ਲਈ ਸੱਦ ਸਕਦੀ ਹੈ। ਡੇਰਾ ਮੁਖੀ ਨੂੰ ਮੁਆਫ਼ੀ ਗਿਆਨੀ ਗੁਰਬਚਨ ਸਿੰਘ ਦੇ ਕਾਰਜਕਾਲ ਦੌਰਾਨ ਹੀ ਦਿੱਤੀ ਗਈ ਸੀ। ਆਈਜੀ ਨੇ ਕਿਹਾ ਕਿ ਜਾਂਚ ਰਿਪੋਰਟ ਮੁਕੰਮਲ ਹੋਣ ਤੋਂ ਬਾਅਦ ਫਰੀਦਕੋਟ ਸੈਸ਼ਨ ਕੋਰਟ ਵਿੱਚ ਦਾਖਲ ਕਰਵਾਈ ਜਾਵੇਗੀ।