ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਹਵਾਰਾ ਦੀ ਅਗਵਾਈ ‘ਚ ਚੱਲਣ ਦੀ ਵਚਨਬੱਧਤਾ ਦੁਹਰਾਈ

ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਹਵਾਰਾ ਦੀ ਅਗਵਾਈ ‘ਚ ਚੱਲਣ ਦੀ ਵਚਨਬੱਧਤਾ ਦੁਹਰਾਈ

ਸ਼੍ਰੋਮਣੀ ਕਮੇਟੀ ਨੂੰ ਜਥੇਦਾਰ ਹਵਾਰਾ ਦੀ ਪੱਕੀ ਰਿਹਾਈ ਲਈ ਠੋਸ ਕਦਮ ਚੁੱਕਣ ਦੀ ਬੇਨਤੀ
ਨਿਊਯਾਰਕ/ਹੁਸਨ ਲੜੋਆ ਬੰਗਾ :

ਈਸਟ ਕੋਸਟ ਅਮਰੀਕਾ ਦੀਆਂ 85 ਗੁਰਦੁਆਰਾ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੀ ਇੱਕਮੁੱਠਤਾ ਨਾਲ 3 ਸਾਲ ਪਹਿਲਾਂ ਹੋਂਦ ਵਿੱਚ ਆਈ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਸਥਾਨਕ ‘ਵਰਲਡ ਫੇਅਰ ਮਰੀਨਾ’ ਵਿਖੇ ਹੋਏ ਨੁਮਾਇੰਦਾ ਇਕੱਠ ਵਿੱਚ ਪਿੱਛਲੇ ਤਿੰਨ ਸਾਲਾਂ ਦਾ ਆਪਣਾ ਲੇਖਾ ਜੋਖਾ ਸੰਗਤਾਂ ਸਾਹਮਣੇ ਰੱਖਿਆ ਗਿਆ। ਇਸ ਵਿੱਚ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿਖੇ ਸਲਾਨਾ ਸਿੱਖ ਡੇ ਪਰੇਡ ਦੀ ਸ਼ੁਰੂਆਤ, ਅਮਰੀਕੀ ਕਾਂਗਰਸ ਵੱਲੋਂ ‘ਨੈਸ਼ਨਲ ਸਿੱਖ ਡੇ’ ਨੂੰ ਮਤਾ ਪਾ ਮਾਨਤਾ ਦੇਣੀ, ਸਿੱਖ ਮਸਲਿਆਂ ਵਿੱਚ ਦਖਲਅੰਦਾਜ਼ੀ ਵਿਰੁੱਧ ਭਾਰਤੀ ਨੁਮਾਇੰਦਿਆਂ ਤੇ ਅਮਰੀਕੀ ਗੁਰੂਘਰਾਂ ਵਿੱਚ ਪਾਬੰਦੀ ਅਤੇ ਸੰਨ 1984 ਦੀ ਸਿੱਖ ਨਸਲਕੁਸ਼ੀ ਨੂੰ ਪੈਨਸਿਲਵੇਨੀਆ ਅਤੇ ਕਨੈਕਟੀਕਟ ਦੀਆਂ ਸਟੇਟ ਅਸੈਂਬਲੀਆਂ ਵੱਲੋਂ ਮਾਨਤਾ ਜਹੇ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ । ਇਸ ਨੁਮਾਇੰਦਾ ਇਕੱਠ ਵਿੱਚ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਤੌਰ ਤੇ ਸਰਬੱਤ ਖਾਲਸਾ-2015 ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖਤ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ ਅਤੇ ਅਗਵਾਈ ਹੇਠ ਸੰਘਰਸ਼ ਜਾਰੀ ਰੱਖਣ ਲਈ ਵਚਨਬੱਧਤਾ ਮੁੜ ਦੁਹਰਾਈ ਗਈ। ਕੋਆਰਡੀਨੇਟਰ ਸ.ਹਿੰਮਤ ਸਿੰਘ ਅਤੇ ਹਰਜਿੰਦਰ ਸਿੰਘ ਪਾਈਨ ਹਿੱਲ ਵੱਲੋਂ ਕੋਆਰਡੀਨੇਸ਼ਨ ਕਮੇਟੀ ਦੇ ਕੀਤੇ ਗਏ ਕੰਮਾਂ ਅਤੇ ਅੱਗੇ ਦੀ ਰਣਨੀਤੀ ਬਾਰੇ ਵਿਚਾਰ ਸਾਂਝੇ ਕੀਤੇ ਗਏ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਆਰਡੀਨੇਟਰ ਡਾ.ਪ੍ਰਿਤਪਾਲ ਸਿੰਘ ਨੇ ਕਿਹਾ ਕਿ ਸਿੱਖਾਂ ਦੇ ਮਸਲਿਆਂ ਦੇ ਹੱਲ ਲਈ ਅਮਰੀਕਨ ਸਿੱਖ ਕਾਕਸ ਵੱਲੋਂ ਅਮਰੀਕੀ ਸਰਕਾਰ ਤੱਕ ਪਹੁੰਚ ਕਰ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ ਅਤੇ ਜਥੇਦਾਰ ਹਵਾਰਾ ਦੀ ਅਗਵਾਈ ਹੇਠ ‘ਵਰਲਡ ਸਿੱਖ ਪਾਰਲੀਮੈਂਟ’ ਦੀ ਕਇਮੀ ਵੱਲ ਵਧ ਰਹੇ ਕਦਮ ਸਿੱਖ ਕੌਮ ਲਈ ਇੱਕ ਆਸ ਦੀ ਕਿਰਨ ਹਨ ਜਿਸ ਨੂੰ ਕਾਮਯਾਬ ਕਰਨ ਲਈ ਅਸੀਂ ਆਪਸੀ ਮੱਤਭੇਦਾਂ ਤੋਂ ਉੱਪਰ ਉੱਠ ਕੇ ਕੰਮ ਕਰੀਏ। ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ.ਅਮਰਜੀਤ ਸਿੰਘ ਨੇ ਇਕੱਠ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਜਿੱਥੇ ਅੱਜ ਕੌਮ ਚਮਕੌਰ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕਰ ਰਹੀ ਹੈ, ਉਸੇ ਤਰ੍ਹਾਂ ਸੰਨ 1984 ਵਿੱਚ ਗਿਣਵੇਂ ਸਿੰਘਾਂ ਨੇ ਵੀ ਚਮਕੌਰ ਸਾਹਿਬ ਦੇ ਸ਼ਹੀਦਾਂ ਦੀ ਯਾਦ ਤਾਜ਼ਾ ਕਰਵਾਉਂਦਿਆਂ ਅਜ਼ਾਦੀ ਦੇ ਸੰਘਰਸ਼ ਨੂੰ ਬੁਲੰਦੀਆਂ ਉਤੇ ਲਿਆਂਦਾ। ਇਹ ਅੱਚ ਬਾਹਰਲੇ ਸਿੱਖਾਂ ਦੇ ਜ਼ਿੰਮੇ ਹੈ ਕਿ ਅਸੀਂ ਇਸ ਸੰਘਰਸ਼ ਦੀ ਇੱਕਮੁਠਤਾ ਨਾਲ ਅਗਵਾਈ ਕਰੀਏ । ਇਸ ਇਕੱਤਰਤਾ ਵਿੱਚ ਸਿੱਖਸ ਫਾਰ ਜਸਟਿਸ ਵੱਲੋਂ ਅਵਤਾਰ ਸਿੰਘ ਪੰਨੂੰ ਅਤੇ ਜਗਦੀਪ ਸਿੰਘ, ਅਕਾਲੀ ਦਲ (ਅ) ਵੱਲੋਂ ਸੁਰਜੀਤ ਸਿੰਘ ਕੁਲਾਰ ਅਤੇ ਜੋਗਾ ਸਿੰਘ, ਬਾਬਾ ਮੱਖਣ ਸ਼ਾਹ ਲੁਬਾਣਾ (ਨਿਊਯਾਰਕ) ਵੱਲੋਂ ਕੁਲਦੀਪ ਸਿੰਘ, ਸੰਤ ਸਾਗਰ ਗੁਰੂਘਰ (ਨਿਊਯਾਰਕ) ਵੱਲੋਂ ਬਾਬਾ ਸੱਜਣ ਸਿੰਘ, ਕਨੈਕਟੀਕਟ ਤੋਂ ਵੀਰ ਸਿੰਘ ਮਾਂਗਟ, ਮੈਸੇਚਿਊਸੈਟਸ ਤੋਂ ਗੁਰਨਿੰਦਰ ਸਿੰਘ ਧਾਲੀਵਾਲ, ਵਰਜੀਨੀਆ ਤੋਂ ਭਾਈ ਨਰਿੰਦਰ ਸਿੰਘ (ਸਿੱਖ ਯੂਥ ਆਫ ਅਮਰੀਕਾ) ਅਤੇ ਪਰਮਜੀਤ ਸਿੰਘ, ਇੰਡੀਆਨਾ ਤੋਂ ਭਾਈ ਸੰਤੋਖ ਸਿੰਘ, ਸਿੱਖ ਕਲਚਰਲ ਸੁਸਾਇਟੀ (ਨਿਊਯਾਰਕ) ਤੋਂ ਬਲਾਕਾ ਸਿੰਘ, ਦੁਆਬਾ ਸਿੱਖ ਅਸੋਸੀਏਸ਼ਨ ਤੋਂ ਬਲਜਿੰਦਰ ਸਿੰਘ, ਕਿਰਪਾਲ ਸਿੰਘ ਬਿਲਿੰਗ, ਮਾਤਾ ਸਾਹਿਬ ਕੌਰ (ਲਾਂਗ ਆਇਲੈਂਡ) ਤੋਂ ਬੀਬੀ ਹਰਪਾਲ ਕੌਰ, ਕੌਂਸਲ ਆਫ ਖਾਲਿਸਤਾਨ ਤੋਂ ਡਾ.ਬਖਸ਼ੀਸ਼ ਸਿੰਘ ਸੰਧੂ, ਬਾਬਾ ਬੰਦਾ ਸਿੰਘ ਬਹਾਦਰ ਸਿੱਖ ਐਸੋਸੀਏਸ਼ਨ ਤੋਂ ਟਹਿਲ ਸਿੰਘ ਅਤੇ ਰਜਿੰਦਰ ਸਿੰਘ, ਗੁਰੂ ਰਵੀ ਦਾਸ ਸਭਾ (ਨਿਊਯਾਰਕ) ਵੱਲੋਂ ਪਰਮਜੀਤ ਸਿੰਘ ਅਤੇ ਨਿਰਮਲ ਸਿੰਘ, ਫਿਲਾਡਲਫੀਆ ਤੋਂ ਕੇਵਲ ਸਿੰਘ, ਸਿੱਖ ਸੈਂਟਰ ਆਫ ਨਿਊਯਾਰਕ ਤੋਂ ਜਸਪਾਲ ਸਿੰਘ ਅਤੇ ਚਰਨਜੀਤ ਸਮਰਾ ਤੇ ਪੰਥਕ ਸਿੱਖ ਸੁਸਾਇਟੀ ਆਦਿ ਨੇ ਆਈਆਂ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ।