ਐਨਆਰਆਈ ਲਾੜਿਆਂ ਨੂੰ ਡਿਪੋਰਟ ਕਰਵਾਉਣ ਲਈ ਕਾਨੂੰਨੀ ਅਮਲ ਦੀ ਸ਼ੁਰੂਆਤ

ਐਨਆਰਆਈ ਲਾੜਿਆਂ ਨੂੰ ਡਿਪੋਰਟ ਕਰਵਾਉਣ ਲਈ ਕਾਨੂੰਨੀ ਅਮਲ ਦੀ ਸ਼ੁਰੂਆਤ

ਅੰਮ੍ਰਿਤਸਰ/ਬਿਊਰੋ ਨਿਊਜ਼ :
ਹੁਣ ਭਾਰਤ ਵਿਚ ਵਿਆਹ ਕਰਵਾ ਕੇ ਆਪਣੀਆਂ ਪਤਨੀਆਂ ਨੂੰ ਛੱਡ ਕੇ ਵਿਦੇਸ਼ ਭੱਜਣ ਵਾਲੇ ਲਾੜੇ ਕਾਨੂੰਨ ਤੋਂ ਬਚ ਨਹੀਂ ਸਕਣਗੇ, ਚਾਹੇ ਉਹ ਵਿਦੇਸ਼ ਵਿਚ ਪੱਕੇ ਹੋਣ ਜਾਂ ਕੱਚੇ। ਇਹ ਦਾਅਵਾ ਖੇਤਰੀ ਪਾਸਪੋਰਟ ਅਧਿਕਾਰੀ ਮੁਨੀਸ਼ ਕਪੂਰ ਨੇ ਇੱਥੇ ਕੀਤਾ। ਉਨ੍ਹਾਂ ਦੱਸਿਆ ਕਿ ਅਜਿਹੇ ਵਿਅਕਤੀਆਂ ਨੂੰ ਵਿਦੇਸ਼ ਤੋਂ ਡਿਪੋਰਟ ਕਰਵਾਉਣ ਲਈ ਖੇਤਰੀ ਪਾਸਪੋਰਟ ਦਫ਼ਤਰ ਅੰਮ੍ਰਿਤਸਰ ਨੇ ਵੱਖਰਾ ਸੈਲ ਕਾਇਮ ਕਰ ਦਿੱਤਾ ਹੈ। ਇਸ ਰਾਹੀਂ ਪਤਨੀਆਂ ਨੂੰ ਛੱਡ ਕੇ ਵਿਦੇਸ਼ ਦੌੜਨ ਵਾਲੇ ਐਨਆਰਆਈ ਲਾੜੇ ਹੁਣ ਜੇਲ੍ਹ ਜਾਣਗੇ।
ਉਨ੍ਹਾਂ ਦੱਸਿਆ ਕਿ ਇਸ ਯੂਨਿਟ ਵਿਚ ਜਿੱਥੇ ਅਜਿਹੇ ਕੇਸ ਹੀ ਵਿਚਾਰੇ ਜਾਂਦੇ ਹਨ ਅਤੇ ਪਹਿਲ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆ ਕੇ ਸਬੰਧਤ ਵਿਅਕਤੀ ਦਾ ਪਾਸਪੋਰਟ ਜ਼ਬਤ ਕਰ ਲਿਆ ਜਾਂਦਾ ਹੈ, ਉਥੇ ਮੁਲਜ਼ਮਾਂ ਨੂੰ ਵਿਦੇਸ਼ ਤੋਂ ਭਾਰਤ ਲਿਆਉਣ ਲਈ ਵੀ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨਾਂ ਵਿਚ ਇਹ ਦਫ਼ਤਰ 10 ਅਜਿਹੇ ਵਿਅਕਤੀਆਂ ਦੇ ਪਾਸਪੋਰਟ ਜ਼ਬਤ ਕਰ ਚੁੱਕਾ ਹੈ ਤੇ ਛੇਤੀ ਹੀ ਇਹ ਵਿਅਕਤੀ ਪੁਲੀਸ ਦੀ ਗ੍ਰਿਫ਼ਤ ਵਿਚ ਹੋਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ 40 ਹਜ਼ਾਰ ਦੇ ਕਰੀਬ ਅਜਿਹੇ ਕੇਸ ਹਨ, ਜਿਨ੍ਹਾਂ ਵਿਚ ਵਿਦੇਸ਼ੀ ਲੜਕੇ ਪੰਜਾਬ ਆ ਕੇ ਵਿਆਹ ਕਰਵਾ ਗਏ। ਲੜਕੀ ਵਾਲਿਆਂ ਨੇ ਆਪਣੇ ਵਿੱਤ ਤੋਂ ਵੱਧ ਖ਼ਰਚ ਵਿਆਹਾਂ ‘ਤੇ ਕੀਤਾ ਪਰ ਇਹ ਲੜਕੇ ਥੋੜ੍ਹਾ ਸਮਾਂ ਲੜਕੀ ਨਾਲ ਰਹਿ ਕੇ ਉਸ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਲੈ ਕੇ ਵਿਦੇਸ਼ ਰਫੂਚੱਕਰ ਹੋ ਗਏ। ਕਈ ਕੇਸਾਂ ਵਿਚ ਤਾਂ ਇਨ੍ਹਾਂ ਲੜਕਿਆਂ ਨੇ ਸਹੁਰਾ ਪਰਿਵਾਰ ਤੋਂ ਵੱਡੀ ਰਕਮ ਵੀ ਵਸੂਲ ਕੀਤੀ ਹੈ। ਉਨ੍ਹਾਂ ਕਿਹਾ ਕਿ ਲੜਕਿਆਂ ਦੇ ਵਿਦੇਸ਼ ਭੱਜਣ ਤੋਂ ਬਾਅਦ ਸਹੁਰੇ ਪਰਿਵਾਰ ਨੇ ਵੀ ਇਨ੍ਹਾਂ ਲੜਕੀਆਂ ਨੂੰ ਘਰੋਂ ਕੱਢ ਦਿੱਤਾ ਤੇ ਬਹੁਤੀਆਂ ਲੜਕੀਆਂ ਆਪਣੇ ਪੇਕੇ ਘਰ ਰਹਿ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਹੁਣ ਅੰਮ੍ਰਿਤਸਰ ਰਣਜੀਤ ਐਵੇਨਿਊ ਸਥਿਤ ਪਾਸਪੋਰਟ ਦਫ਼ਤਰ ਵਿਚ ਇਨ੍ਹਾਂ ਕੇਸਾਂ ਨਾਲ ਨਜਿੱਠਣ ਲਈ ਵੱਖਰਾ ਸੈਲ ਕਾਇਮ ਕਰ ਦਿੱਤਾ ਹੈ, ਜਿੱਥੇ ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ, ਫ਼ਰੀਦਕੋਟ, ਫ਼ਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਦੀਆਂ ਪੀੜਤ ਧੀਆਂ, ਜਿਨ੍ਹਾਂ ਨੇ ਅਜਿਹੇ ਕੇਸਾਂ ਵਿਚ ਲੜਕਿਆਂ ਵਿਰੁੱਧ ਅਪਰਾਧਿਕ ਕੇਸ ਦਰਜ ਕਰਾਏ ਹਨ, ਸਹਾਇਤਾ ਪ੍ਰਾਪਤ ਕਰ ਸਕਦੀਆਂ ਹਨ। ਇਨ੍ਹਾਂ ਕੇਸਾਂ ਵਿਚ ਲੜਕੀਆਂ ਨੂੰ ਸੇਵਾਵਾਂ ਦੇਣ ਲਈ ਵਾਲੰਟੀਅਰ ਤੌਰ ‘ਤੇ ਰੁਪਿੰਦਰ ਕੌਰ, ਸਵੈ-ਇੱਛਾ ਨਾਲ ਪੀੜਤ ਲੜਕੀਆਂ ਦੀ ਸਹਾਇਤਾ ਕਰ ਰਹੇ ਹਨ ਤੇ ਦਫ਼ਤਰ ਬੈਠ ਕੇ ਇਨ੍ਹਾਂ ਕੇਸਾਂ ਨੂੰ ਤਿਆਰ ਕਰਦੇ ਹਨ।