ਜਲਾਵਤਨੀ ਕੱਟ ਰਹੇ ਸਿੱਖ ਆਗੂ ਭਾਈ ਗਜਿੰਦਰ ਸਿੰਘ ਦੇ ਜੀਵਨ ਸਾਥਣ ਬੀਬੀ ਮਨਜੀਤ ਕੌਰ ਦਾ ਅਕਾਲ ਚਲਾਣਾ

ਜਲਾਵਤਨੀ ਕੱਟ ਰਹੇ ਸਿੱਖ ਆਗੂ ਭਾਈ ਗਜਿੰਦਰ ਸਿੰਘ ਦੇ ਜੀਵਨ ਸਾਥਣ ਬੀਬੀ ਮਨਜੀਤ ਕੌਰ ਦਾ ਅਕਾਲ ਚਲਾਣਾ
ਬੀਬੀ ਮਨਜੀਤ ਕੌਰ

ਚੰਡੀਗੜ੍ਹ: ਸਿੱਖ ਕੌਮ ਦੇ ਅਜ਼ਾਦ ਖਿੱਤੇ ਦੀ ਕਾਇਮੀ ਲਈ ਸੰਘਰਸ਼ਸ਼ੀਲ ਜਥੇਬੰਦੀ ਦਲ ਖ਼ਾਲਸਾ ਦੇ ਬਾਨੀ ਆਗੂ ਅਤੇ ਮੋਜੂਦਾ ਸਮੇਂ ਸਰਪ੍ਰਸਤ ਭਾਈ ਗਜਿੰਦਰ ਸਿੰਘ ਦੀ ਜੀਵਨ ਸਾਥਣ ਬੀਬੀ ਮਨਜੀਤ ਕੌਰ ਅਕਾਲ ਚਲਾਣਾ ਕਰ ਗਏ ਹਨ। ਬੀਬੀ ਮਨਜੀਤ ਕੌਰ ਪਿਛਲੇ ਕੁਝ ਸਮੇਂ ਤੋਂ ਸ਼ਰੀਰਕ ਰੋਗਤਾ ਨਾਲ ਜੂਝ ਰਹੇ ਸਨ। ਅੱਜ ਜਰਮਨ ਦੇ ਸ਼ਹਿਰ ਫਰੈਂਕਫਰਟ ਵਿਚ ਉਨ੍ਹਾਂ ਨੇ ਆਪਣੇ ਅੰਤਿਮ ਸਵਾਸ ਲਏ। 

ਭਾਈ ਗਜਿੰਦਰ ਸਿੰਘ ਦਲ ਖ਼ਾਲਸਾ ਦੇ ਉਨ੍ਹਾਂ ਆਗੂਆਂ ਵਿਚ ਸ਼ਾਮਿਲ ਸਨ ਜਿਹਨਾਂ ਨੇ 1981 ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਭਾਰਤ ਸਰਕਾਰ ਤੋਂ ਰਿਹਾਈ ਦੀ ਮੰਗ ਕਰਦਿਆਂ ਭਾਰਤੀ ਜਹਾਜ਼ ਹਾਈਜੈਕ ਕਰਕੇ ਲਾਹੋਰ ਜਾ ਉਤਾਰਿਆ ਸੀ। ਭਾਈ ਗਜਿੰਦਰ ਸਿੰਘ ਦੀ ਪਾਕਿਸਤਾਨ ਵਿਚ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਉਹ ਜਲਾਵਤਨੀ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ।  ਬੀਬੀ ਮਨਜੀਤ ਕੌਰ ਦਾ ਜੀਵਨ ਵੀ ਸੰਘਰਸ਼ ਦੇ ਲੇਖੇ ਲੱਗ ਗਿਆ। 

ਉਹ ਇੱਕ ਬਹੁਤ ਹੀ ਚੜ੍ਹਦੀ ਕਲਾ ਵਾਲੇ ਧਾਰਮਿਕ ਰੁਚੀ ਦੇ ਮਾਲਕ ਸਨ। ਉਹਨਾਂ ਦੇ ਵਿਆਹ ਹੋਏ ਨੂੰ ਹਲੇ ਇੱਕ ਸਾਲ ਹੀ ਹੋਇਆ ਸੀ ਅਤੇ ਸਿਰਫ ਤਿੰਨ ਮਹੀਨੇ ਦੀ ਬੱਚੀ ਸੀ ਜਦੋਂ ਭਾਈ ਗਜਿੰਦਰ ਸਿੰਘ ਨੇ ਜਹਾਜ਼ ਅਗਵਾਹ ਕਰ ਲਿਆ ਸੀ। ਬੀਬੀ ਜੀ ਕੁੱਝ ਸਾਲ ਪੰਜਾਬ ਰਹਿਣ ਤੋਂ ਬਾਅਦ ਪਾਕਿਸਤਾਨ ਪੰਹੁਚੇ ਪਰ ਉੱਥੇ ਵੀ ਉਹ ਭਾਈ ਸਾਹਿਬ ਨਾਲ ਨਾਂ ਰਹਿ ਸਕੇ ਕਿਉਂ ਕਿ ਪਾਕਿਸਤਾਨ ਸਰਕਾਰ ਨੇ ਉਹਨਾਂ ਨੂੰ ਦੇਸ਼ ਛੱਡਨ ਲਈ ਕਿਹਾ। ਉਹ ਫੇਰ ਭਾਈ ਦਲਜੀਤ ਸਿੰਘ ਬਿੱਟੂ ਦੀ ਮਦਦ ਨਾਲ ਬੱਚੀ ਸਮੇਤ ਕੈਨੇਡਾ ਹੁੰਦੇ ਹੋਏ ਕੈਲੇਫੋਰਨੀਆਂ ਦੇ ਸ਼ਹਿਰ ਫਰੀਮਾਂਟ ਪੰਹਚੇ। ਕਈ ਸਾਲ ਅਮਰੀਕਨ ਇਮੀਗਰੇਸ਼ਨ ਨਾਲ ਕੇਸ ਲੜਨ ਤੇ ਵੀ ਅਮਰੀਕਾ ਸਰਕਾਰ ਨੇ ਇਹਨਾਂ ਨੂੰ ਦੇਸ਼ ਛੱਡਨ ਲਈ ਕਿਹਾ ਪਰ ਅਮਰੀਕਨ ਸਰਕਾਰ ਨੇ ਉਹਨਾਂ ਦੀ ਬੱਚੀ ਨੂੰ ਗ੍ਰਾਮ ਕਾਰਡ ਦੇਣਾ ਮੰਨ ਲਿਆ। ਇੱਥੇ ਮਾਂ-ਧੀ ਦਾ ਵੀ ਵਿਛੋੜਾ ਹੋ ਗਿਆ ਤੇ ਬੀਬੀ ਜੀ ਨੂੰ ਜਰਮਨ ਜਾਣਾ ਪਿਆ।

ਪਾਕਿਸਤਾਨ ਦੀ ਜੇਲ੍ਹ ਵਿਚ ਨਜ਼ਰਬੰਦੀ ਦੌਰਾਨ ਭਾਈ ਗਜਿੰਦਰ ਸਿੰਘ ਦੀ ਬੀਬੀ ਮਨਜੀਤ ਕੌਰ ਅਤੇ ਆਪਣੀ ਸਪੁੱਤਰੀ ਬਿਕ੍ਰਮਜੀਤ ਕੌਰ ਨਾਲ ਮੁਲਾਕਾਤ ਸਮੇਂ ਦੀ ਤਸਵੀਰ

ਸਿੱਖ ਸੰਘਰਸ਼ ਦੇ ਲੇਖੇ ਆਪਣੀ ਜ਼ਿੰਦਗੀ ਲਾਉਣ ਵਾਲੇ ਆਗੂ ਭਾਈ ਗਜਿੰਦਰ ਸਿੰਘ ਦੀ ਪਤਨੀ ਦੀ ਉਹ ਇੱਛਾ ਪੂਰੀ ਨਹੀਂ ਹੋ ਸਕੀ ਕਿ ਮੇਰਾ ਪਰਿਵਾਰ ਕਦੇ ਇਕ ਥਾਂ ਇਕੱਠਾ ਹੋਵੇ। ਜਿੱਥੇ ਭਾਈ ਗਜਿੰਦਰ ਸਿੰਘ ਪਾਕਿਸਤਾਨ ਵਿਚ ਜਲਾਵਤਨੀ ਕੱਟ ਰਹੇ ਹਨ ਉੱਥੇ ਬੀਬੀ ਮਨਜੀਤ ਕੌਰ ਜ਼ਰਮਨ ਵਿਚ ਸ਼ਰੀਰਕ ਰੋਗਤਾ ਨਾਲ ਜੂਝ ਰਹੇ ਸਨ ਤੇ ਉਨ੍ਹਾਂ ਦੀ ਇਕਲੌਤੀ ਸਪੁੱਤਰੀ ਬੀਬੀ ਬਿਕ੍ਰਮਜੀਤ ਕੌਰ ਆਪਣੇ ਪਰਿਵਾਰ ਨਾਲ ਇੰਗਲੈਂਡ ਵਿਚ ਰਹਿੰਦੇ ਹਨ। ਉਨ੍ਹਾਂ ਦੇ ਅਨੰਦ ਕਾਰਜ ਸ. ਗੁਰਪ੍ਰੀਤ ਸਿੰਘ ਨਾਲ ਹੋਏ ਹਨ ਤੇ ਅਕਾਲ ਪੁਰਖ ਨੇ ਉਨ੍ਹਾਂ ਨੂੰ ਇਕ ਸਪੁੱਤਰ ਤੇ ਇਕ ਸਪੁੱਤਰੀ ਦੀ ਦਾਤ ਦਿੱਤੀ ਹੈ। ਸਿੱਖਾਂ ਦੀ ਰਾਜਨੀਤਕ ਅਧੀਨਗੀ ਦਾ ਸਿੱਟਾ ਕਿ ਸਿੱਖ ਸੰਘਰਸ਼ ਨਾਲ ਜੁੜਿਆ ਇਹ ਪਰਿਵਾਰ ਬੀਬੀ ਮਨਜੀਤ ਕੌਰ ਦੇ ਆਖਰੀ ਸਵਾਸਾਂ ‘ਤੇ ਵੀ ਇਕ ਥਾਂ ਇਕੱਠਾ ਨਹੀਂ ਹੋ ਸਕਿਆ। 

ਆਪਣੀ ਜੀਵਨ ਸਾਥਣ ਦੇ ਅਕਾਲ ਚਲਾਣੇ ਦੀ ਖ਼ਬਰ ਆਪਣੇ ਫੇਸਬੁੱਕ ਖਾਤੇ ‘ਤੇ ਸਾਂਝੀ ਕਰਦਿਆਂ ਭਾਈ ਗਜਿੰਦਰ ਸਿੰਘ ਨੇ ਲਿਖਿਆ, “ਮੇਰੀ ਜੀਵਨ ਸਾਥਣ ਮਨਜੀਤ ਕੌਰ ਅਕਾਲ ਚਲਾਣਾ ਕਰ ਗਈ ਹੈ।"

"ਸੱਭ ਦੋਸਤਾਂ, ਮਿੱਤਰਾਂ, ਸਾਥੀਆਂ ਤੇ ਪਿਆਰ ਕਰਨ ਵਾਲਿਆਂ ਦੀ ਜਾਣਕਾਰੀ ਲਈ ਹੁਣ ਤੋ ਕੋਈ ਢਾਈ ਕੂ ਘੰਟੇ ਪਹਿਲਾਂ ਮਿਲੀ ਦੁੱਖਦਾਈ ਵਿਛੋੜੇ ਦੀ ਖਬਰ ਸਾਂਝੀ ਕਰਦਾ ਹਾਂ, ਕਿ ਮੇਰੀ ਜੀਵਨ ਸਾਥਣ ਮਨਜੀਤ ਕੌਰ ਅਕਾਲ ਚਲਾਣਾ ਕਰ ਗਈ ਹੈ । ਵਾਹਿਗੁਰੂ ਮੇਹਰ ਕਰੇ ਉਸ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।"

"ਜੇਲ੍ਹ ਵਿੱਚ ਵਿੱਚ ਮੁਲਾਕਾਤ ਲਈ ਆਈ ਨੇ ਇੱਕ ਦਿਨ ਮੈਨੂੰ ਪੁਛਿਆ ਕਿ ਤੁਸੀਂ ਮੈਨੂੰ ਤੇ ਬੱਚੀ ਨੂੰ ਕਿਸ ਦੇ ਸਹਾਰੇ ਛੱਡ ਕੇ ਆਏ ਸੀ? ਮੈਂ ਕਿਹਾ, ਗੁਰੂ ਅਤੇ ਪੰਥ ਦੇ । ਗੁਰੂ ਦਾ ਲੱਖ ਲੱਖ ਸ਼ੁਕਰ ਹੈ, ਉਸ ਨੇ ਅੱਜ ਉਸ ਨੂੰ ਸਦਾ ਲਈ ਸਾਂਭ ਲਿਆ ਹੈ।"