ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਮਿਲੀ ਜ਼ਮਾਨਤ

ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਮਿਲੀ ਜ਼ਮਾਨਤ

ਫ਼ਰੀਦਕੋਟ/ਬਿਊਰੋ ਨਿਊਜ਼ :
ਫ਼ਰੀਦਕੋਟ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਅਦਾਲਤ ਨੇ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਅਤੇ ਤਲਵਿੰਦਰ ਸਿੰਘ ਉਰਫ਼ ਜਿੰਮੀ ਦੀ ਜ਼ਮਾਨਤ ਮਨਜ਼ੂਰ ਕਰ ਦਿੱਤੀ ਹੈ। ਇਹ ਦੋਵੇਂ ਦੋ ਸਾਲ ਪੁਰਾਣੇ ਉਸ ਕੇਸ ‘ਚ ਮੁਲਜ਼ਮ ਬਣਾਏ ਗਏ ਹਨ, ਜੋ ਪੰਜਾਬ ਦੇ ਖਾੜਕੂਆਂ ਨੂੰ ਕਥਿਤ ਤੌਰ ‘ਤੇ ਫ਼ੰਡ ਮੁਹੱਈਆ ਕਰਵਾਉਣ ਨਾਲ ਸਬੰਧਤ ਹੈ।

ਪੰਜਾਬ ਪੁਲਿਸ ਵੱਲੋਂ ਜਗਤਾਰ ਸਿੰਘ ਉਰਫ ਜੱਗੀ ਜੌਹਲ ਤੇ ਤਲਵਿੰਦਰਜੀਤ ਸਿੰਘ ਦੋਵਾਂ ਨੂੰ ਸਾਲ 2017 ‘ਚ ਕਈ ਤਰ੍ਹਾਂ ਦੇ ਦੋਸ਼ ਲਗਾ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂ ਕਿ ਇਨ੍ਹਾਂ ਦੋਸ਼ਾਂ ਬਾਰੇ ਪੁਲਿਸ ਕੋਈ ਪੁਖਤਾ ਸਬੂਤ ਹੁਣ ਤਕ ਪੇਸ਼ ਨਹੀਂ ਕਰ ਸਕੀ ਹੈ। ਪੰਜਾਬ ‘ਚ ਪਿਛਲੇ ਤਿੰਨ ਵਰ੍ਹਿਆਂ ਦੌਰਾਨ ਜੋ ਕਤਲ ਹੋਏ ਸਨ, ਉਨ੍ਹਾਂ ਦਾ ਮਾਮਲਾ ਉਸ ਕੇਸ ਨਾਲ ਵੀ ਜੋੜਿਆ ਗਿਆ। ਸਿੱਖ ਭਾਈਚਾਰੇ ਅਤੇ ਪਰਵਾਸੀ ਸਿੱਖਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਇਹ ਮਾਮਲਾ ਸੂਬੇ ਦੇ ਸਪੈਸ਼ਲ ਆਪਰੇਸ਼ਨਜ਼ ਸੈੱਲ ਹਵਾਲੇ ਕਰ ਦਿੱਤਾ ਗਿਆ ਸੀ।
ਮਈ-2017 ‘ਚ ਇਸ ਸੈੱਲ ਨੇ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਉਸ ਦੇ ਕਬਜ਼ੇ ‘ਚੋਂ ਭਾਰੀ ਹਥਿਆਰ ਬਰਾਮਦ ਹੋਣ ਦੇ ਦਾਅਵੇ ਕੀਤੇ ਗਏ ਸਨ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਗੁਰਪ੍ਰੀਤ ਸਿੰਘ ਤੇ ਉਸ ਦੇ ਸਾਥੀ ਸੂਬੇ ਵਿਚ ਗੜਬੜੀ ਫੈਲਾਉਣ ਲਈ ਗਿਣੀ–ਮਿੱਥੀ ਯੋਜਨਾ ਅਧੀਨ ਕਤਲ ਕਰ ਰਹੇ ਸਨ। ਪੁਲਿਸ ਦਾ ਦਾਅਵਾ ਸੀ ਕਿ ਜਗਤਾਰ ਸਿੰਘ ਹਥਿਆਰ ਤੇ ਹੋਰ ਗੋਲੀ–ਸਿੱਕਾ ਖ਼ਰੀਦਣ ਵਿੱਚ ਕਥਿਤ ਤੌਰ ‘ਤੇ ਗੁਰਪ੍ਰੀਤ ਸਿੰਘ ਦੀ ਮਦਦ ਕਰ ਰਿਹਾ ਸੀ ਪਰ ਵਿਸ਼ਵ ਭਰ ਵਿਚ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਦੇ ਹੱਕ ਵਿਚ ਲਹਿਰ ਚੱਲੀ ਤੇ ਭਾਰਤ ਸਰਕਾਰ ਨੂੰ ਕਈ ਵਾਰ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪਿਆ।