ਕੈਨੇਡਾ ‘ਚ ਜਗਮੀਤ ਸਿੰਘ ਦੀ ਮੁੱਖ ਵਿਰੋਧੀ ਉਮੀਦਵਾਰ ਨਸਲੀ ਟਿੱਪਣੀ ਕਾਰਨ ਚੋਣ ਮੈਦਾਨ ‘ਚੋਂ ਬਾਹਰ

ਕੈਨੇਡਾ ‘ਚ ਜਗਮੀਤ ਸਿੰਘ ਦੀ ਮੁੱਖ ਵਿਰੋਧੀ ਉਮੀਦਵਾਰ ਨਸਲੀ ਟਿੱਪਣੀ ਕਾਰਨ ਚੋਣ ਮੈਦਾਨ ‘ਚੋਂ ਬਾਹਰ

ਵੈਨਕੂਵਰ/ਬਿਊਰੋ ਨਿਊਜ਼ :
ਕੈਨੇਡਾ ਵਿਚ ਬਹੁਚਰਚਿਤ ਬਰਨਬੀ ਦੱਖਣੀ ਲੋਕ ਸਭਾ ਹਲਕੇ ਦੀ ਉੱਪ ਚੋਣ ‘ਚ ਨਾਮਜ਼ਦਗੀਆਂ ਦੌਰਾਨ ਹੀ ਵੱਡਾ ਉਲਟਫੇਰ ਹੋਇਆ ਹੈ। ਨੈਸ਼ਨਲ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਜਗਮੀਤ ਸਿੰਘ ਦੇ ਮੁਕਾਬਲੇ ਵਿਰੋਧੀ ਪਾਰਟੀਆਂ (ਲਿਬਰਲ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ) ਦੇ ਪ੍ਰਭਾਵਸ਼ਾਲੀ ਉਮੀਦਵਾਰ ਮੈਦਾਨ ‘ਚ ਸਨ, ਪਰ ਲਿਬਰਲ ਦੀ ਉਮੀਦਵਾਰ ਕੈਰਲ ਵਾਂਗ ਨੂੰ ਬੀਤੇ ਦਿਨ ਸੋਸ਼ਲ ਮੀਡੀਆ ਉਤੇ ਕੀਤੀ ਨਸਲੀ ਟਿੱਪਣੀ ਦੇ ਵਿਰੋਧ ਕਾਰਨ ਪਹਿਲਾਂ ਹੀ ਚੋਣ ਮੈਦਾਨ ‘ਚੋਂ ਹਟਣਾ ਪਿਆ ਹੈ। 25 ਫਰਵਰੀ ਨੂੰ ਹੋਣ ਵਾਲੀ ਚੋਣ ਲਈ ਨਾਮਜ਼ਦਗੀਆਂ 4 ਫਰਵਰੀ ਤਕ ਭਰੀਆਂ ਜਾਣੀਆਂ ਹਨ। 
ਜ਼ਿਕਰਯੋਗ ਹੈ ਕਿ ਨੈਸ਼ਨਲ ਡੈਮੋਕਰੈਟਿਕ ਪਾਰਟੀ ਦੇ ਪ੍ਰਧਾਨ ਜਗਮੀਤ ਸਿੰਘ ਦੇ ਉਮੀਦਵਾਰ ਵਜੋਂ ਮੈਦਾਨ ‘ਚ ਉਤਰਨ ਕਾਰਨ ਇਹ ਚੋਣ ਕੈਨੇਡੀਅਨ ਸਿਆਸਤ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਆਪਣੀ ਵਿਵਾਦਤ ਟਿੱਪਣੀ ਬਾਰੇ ਕੈਰਲ ਵੱਲੋਂ ਦਿੱਤਾ ਗਿਆ ਸਪੱਸ਼ਟੀਕਰਨ, ‘ਮੇਰੇ ਕਹਿਣ ਦਾ ਭਾਵ ਇਹ ਨਹੀ ਸੀ’, ਲੋਕਾਂ ਦੇ ਗਲੇ ਤੋਂ ਹੇਠਾਂ ਨਹੀਂ ਉਤਰਿਆ। ਹੁਣ ਵੇਖਣਾ ਹੋਵੇਗਾ ਕਿ ਲਿਬਰਲ ਪਾਰਟੀ ਇੱਥੋਂ ਮੈਦਾਨ ਖੁੱਲ੍ਹਾ ਛੱਡਦੀ ਹੈ ਜਾਂ ਪਾਰਟੀ ਨਾਮਜ਼ਦਗੀਆਂ ‘ਚ ਦੂਜੇ ਨੰਬਰ ‘ਤੇ ਰਹੇ ਵਿਅਕਤੀ ਨੂੰ ਮੈਦਾਨ ‘ਚ ਉਤਾਰਦੀ ਹੈ।
ਦੱਸਣਾ ਬਣਦਾ ਹੈ ਕਿ ਇਸ ਹਲਕੇ ‘ਚ ਚੀਨੀ ਮੂਲ ਦੇ ਲੋਕਾਂ ਦੀ ਵੱਡੀ ਅਬਾਦੀ ਹੈ ਤੇ ਕੈਰਲ ਵਾਂਗ ਉਸੇ ਭਾਈਚਾਰੇ ਨਾਲ ਸਬੰਧਤ ਹੈ। ਉਸ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਹ ਲਿਖ ਕੇ ਬਿਪਤਾ ਸਹੇੜ ਲਈ ਸੀ ਕਿ ਜੇ ਚੀਨੀ ਭਾਈਚਾਰਾ ਉਸ ਪਿਛੇ ਇਕਜੁੱਟ ਹੋ ਜਾਏ ਤਾਂ ਪੰਜਾਬੀ ਮੂਲ ਦੇ ਜਗਮੀਤ ਸਿੰਘ ਨੂੰ ਅਸਾਨੀ ਨਾਲ ਹਰਾ ਕੇ ਜਿੱਤ ਦੇ ਝੰਡੇ ਗੱਡੇ ਜਾ ਸਕਦੇ ਹਨ। ਬੇਸ਼ੱਕ ਨੁਕਤਾਚੀਨੀ ਹੋਣ ਕਾਰਨ ਕੈਰਲ ਨੇ ਆਪਣੀ ਟਿੱਪਣੀ ਮਿਟਾ ਦਿੱਤੀ ਸੀ ਪਰ ਉਸ ਦੀ ਪਾਰਟੀ ਨੇ ਲਿਹਾਜ਼ ਨਹੀਂ ਕੀਤਾ ਤੇ ਇਹ ਕਹਿੰਦਿਆਂ ਉਸ ਦਾ ਨਾਂ ਉਮੀਦਵਾਰ ਵਜੋਂ ਵਾਪਸ ਲਿਆ ਕਿ ਅਜਿਹਾ ਪਾਰਟੀ ਦੀਆਂ ਨੀਤੀਆਂ ਦੇ ਉਲਟ ਹੈ। ਇਸ ਹਲਕੇ ਤੋਂ ਟੋਰੀ ਪਾਰਟੀ ਵੱਲੋਂ ਜੇ ਸ਼ਿੰਨ ਤੇ ਨਵਗਠਿਤ ਪੀਪਲਜ਼ ਪਾਰਟੀ ਆਫ ਕੈਨੇਡਾ ਵੱਲੋਂ ਲੌਰਾ ਲਿੰਨ ਟਾਈਲਰ ਉਮੀਦਵਾਰ ਹਨ।