ਦੇਖ ਕਬੀਰਾ ਰੋਇਆ… ਮਨਜੀਤ ਸਿੰਘ

ਦੇਖ ਕਬੀਰਾ ਰੋਇਆ… ਮਨਜੀਤ ਸਿੰਘ

ਅਰਬੀ ਭਾਸ਼ਾ ਵਿਚ ‘ਕਬੀਰ’ ਸ਼ਬਦ ਦਾ ਅਰਥ ‘ਮਹਾਨ’ ਹੈ। ਸੰਤ ਕਬੀਰ ਦਾਸ ਜੀ ਭਾਰਤ ਵਿਚ ਭਗਤੀ ਲਹਿਰ ਦੇ ਇਕ ਬਹੁਤ ਹੀ ਮਹਾਨ ਦਾਰਸ਼ਨਿਕ ਸੰਤ ਕਵੀ ਹੋਏ ਹਨ। ਉਨ•ਾਂ ਨੂੰ ਤਰਕ ਤੇ ਦਲੀਲ ਨਾਲ ਆਪਣੀ ਗੱਲ ਕਰਨ ਵਾਲੇ ਦਾਰਸ਼ਨਿਕ ਸੰਤ ਮੰਨਿਆ ਜਾਂਦਾ ਹੈ। ਉਨ•ਾਂ ਦੀ ਰਚੀ ਬਹੁਤ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ। 
ਭਗਤ ਕਬੀਰ ਜੀ ਨੇ ਆਪਣੇ ਸਮੇਂ ਵਿਚ ਭਾਰਤ ਨੂੰ ਸਦੀਆਂ ਤੋਂ ਸਿਊਂਕ ਵਾਂਗ ਚਿੰਬੜੇ ਬਿਪਰਵਾਦ ਦੇ ਦੰਭ ਨੂੰ ਸੱਚ ਦੀ ਕਸੌਟੀ ਉਤੇ ਚਾੜ• ਕੇ ਅਜਿਹਾ ਰੰਦਿਆਂ ਸੀ ਕਿ ਉਸ ਦੀਆਂ ਚੂਲਾਂ ਹਿਲਾ ਦਿੱਤੀਆਂ ਸਨ। ਬੌਧਿਕ-ਭ੍ਰਿਸ਼ਟਾਚਾਰ ਦਾ ਪ੍ਰਤੀਕ ਬਣੇ ਅਤੇ ਭਾਰਤੀ ਸਮਾਜ ਦਾ ਬਹੁਪੱਖੀ ਸ਼ੋਸ਼ਣ ਕਰ ਰਹੇ ਬਿਪਰਵਾਦ ਦੇ ਝੂਠ, ਮੱਕਾਰੀਪਣ ਤੇ ਇਸ ਦੇ ਆਪੂ ਸਿਰਜੇ ਗਪੌੜਾਂ ਉਤੇ ਭਗਤ ਜੀ ਨੇ ਖੂਬ ਵਿਅੰਗ ਕੱਸੇ ਹਨ। ਭਗਤ ਜੀ ਦੇ ਵਿਅੰਗ ਵਿਚ ਤਰਕ ਤੇ ਸੂਝ ਨਾਲ ਭਰੀਆਂ ਅਜਿਹੀਆਂ ਟਕੋਰਾਂ ਸਨ, ਜਿਨ•ਾਂ ਨੂੰ ਪੜ•-ਸੁਣ ਕੇ ਆਮ ਲੋਕਾਈ ਵਿਚ ਬਿਪਰ ਦੀ ਜੱਗ-ਹਸਾਈ ਹੋ ਗਈ ਸੀ। ਸਿੱਖਾਂ ਦੇ ਬਾਨੀ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਮਿਸ਼ਨ ਨੇ ਆਖਿਰ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵਿਚ ਖਾਲਸਾ ਪੰਥ ਦੇ ਰੂਪ ਵਿਚ ਵਿਸ਼ਵ ਇਤਿਹਾਸ ਦੀ ਇਕ ਇਨਕਲਾਬੀ ਘਟਨਾ ਨਾਲ ਬਿਪਰਵਾਦ ਦੇ ਜਾਤਪਾਤੀ ਕੂੜ ਦੀ ਇਹ ਕੰਧ ਢਾਹ ਦਿੱਤੀ। ਬਿਪਰ ਨੇ ਆਪਣਾ ਸਿੰਘਾਸ਼ਨ ਡੋਲਦਾ ਦੇਖ ਕੇ ਉਦੋ ਵੀ ਬੜੀਆਂ ਚਾਲਾਂ ਚੱਲੀਆਂ ਤੇ ਅੱਜ ਵੀ ਉਹ ਆਪਣੀਆਂ ਇਨ•ਾਂ ‘ਕਾਰਸ਼ਤਾਨੀਆਂ’ ਦੀ ਬਦੌਲਤ  ਹੀ ਮੁੜ-ਮੁੜ  ਆਪਣੀ ਕੂੜ ਦੀ ਦੁਕਾਨਦਾਰੀ ਕਿਸੇ ਨਾ ਕਿਸੇ ਰੂਪ ਵਿਚ ਚਲਾ ਜਾਂਦਾ ਹੈ। 
ਅੱਜ ਭਾਰਤ ਵਿਚ ਮੋਦੀ-ਮਾਅਰਕਾ ਰਾਜਨੀਤੀ ਨਿੱਤ ਨਵੇਂ ‘ਗੁੱਲ-ਖਿਲਾ’ ਰਹੀ ਹੈ। ਦੇਸ਼ ਵਿਚ ‘ਜੁਮਲੇਬਾਜ਼ਾਂ’ ਦਾ ਰਾਜ ਚੱਲ ਰਿਹਾ ਹੈ। ਉਹ ਆਪਣੀ ‘ਜੁਮਲੇਬਾਜ਼’ ਰਾਜਨੀਤੀ ਨਾਲ ਲੋਕਾਂ ਦੇ ‘ਹੱਥਾਂ ਉਤੇ ਸਰ•ੋਂ ਜਮਾਉਣ’ ਦੇ ਮੁਹਾਵਰੇ ਦੀ ਅਸਲ ਹਕੀਕਤ ਤੋਂ ਕੋਰੇ ਹੀ ਝੱਖ ਮਾਰ ਰਹੇ ਹਨ, ਜਦਕਿ ਭਾਰਤ ਦੇ ਗਵਾਂਢੀ ਮੁਲਕ ਚੀਨ ਨੇ ਚੰਦ ਉਤੇ ਕਪਾਹ ਜੰਮਾ ਕੇ ਵਾਕਈ ਦੁਨੀਆ ਦੇ ਹੱਥਾਂ ਉਤੇ ‘ਸਰ•ੋਂ ਜਮਾਉਣ’ ਵਾਲਾ ਕੰਮ ਕਰ ਦਿਖਾਇਆ ਹੈ। ਭਗਵਿਆਂ ਦੇ ਰੰਗ ਵਿਚ ਰੰਗੇ ਕਥਿਤ ਵਿਗਿਆਨੀ ਆਪਣੀਆਂ ‘ਗੱਪਾਂ’ ਨਾਲ ਦੁਨੀਆ ਭਰ ਵਿਚ ਭਾਰਤ ਦੀ ਸਥਿਤੀ ਹਾਸੋਹੀਣੀ ਬਣਾ ਰਹੇ ਹਨ। 
ਹਾਲ ਹੀ ਵਿਚ ਪੰਜਾਬ ਦੇ ਜਲੰਧਰ ਸ਼ਹਿਰ ਵਿਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ 106ਵੀਂ ਨੈਸ਼ਨਲ ਸਾਇੰਸ ਕਾਂਗਰਸ ਹੋਈ ਹੈ। ਇਸ ਵਿਗਿਆਨੀਆਂ ਦੇ ਸੰਮੇਲਨ ਵਿਚ ਹੋਣਾ ਤਾਂ ਇਹ ਚਾਹੀਦਾ ਸੀ ਕਿ ਦੇਸ਼ ਦੇ ਵਿਕਾਸ ਦਾ ਚੱਕਾ ਵਿਗਿਆਨਕ ਨਜਰੀਏ ਤੋਂ ਤੇਜ਼ ਕਰਨ ਦੀਆਂ ਵਿਊਤਾਂ ਉਤੇ ਵਿਚਾਰਾਂ ਹੁੰਦੀਆਂ, ਭਾਰਤੀ ਲੋਕਾਂ ਦਾ ਜੀਵਨ-ਪੱਧਰ ਉਚਾ ਚੁੱਕਣ ਲਈ ਦੁਨੀਆ ਦੇ ਵਿਗਿਆਨੀਆਂ ਦੀਆਂ ਤਾਜ਼ਾ ਲੱਭਤਾਂ ਨੂੰ ਪੇਸ਼ੇ-ਨਜ਼ਰ ਕਰ ਕੇ ਕੋਈ ਲਾਹਾ ਖੱਟਣ ਦੀ ਕੋਸ਼ਿਸ਼ ਹੁੰਦੀ ਪਰ ਆਂਧਰਾ ਪ੍ਰਦੇਸ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜੀ. ਨਾਗੇਸ਼ਵਰ ਰਾਓ ਨੇ ਮਿਥਿਹਾਸਕ ਹਵਾਲਿਆਂ ਨੂੰ ਵਿਗਿਆਨ ਦਾ ਤੜਕਾ ਲਗਾ ਕੇ ਅਜਿਹੀਆਂ ਫੁੱਲਝੜੀਆਂ ਚਲਾਈਆਂ ਕਿ ਦੁਨੀਆ ਭਾਰਤ ਉਤੇ ਹੱਸ ਰਹੀ ਹੈ ਤੇ ਦੇਸ਼ ਸ਼ਰਮਸ਼ਾਰ ਹੋ ਰਿਹਾ ਹੈ। ਇਹ ਸਭ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਹੋ ਰਿਹਾ ਸੀ। 
ਵਿਸ਼ਵ ਭਰ ਦੇ ਮੀਡੀਆ ਅਦਾਰਿਆਂ ਨੇ ਸਾਡੇ ਕਥਿਤ ਵਿਗਿਆਨੀਆਂ ਦੀ ਸੋਚ ਦੇ ਪੱਧਰ ਦਾ ਰੱਜ ਕੇ ਮਜ਼ਾਕ ਉਡਾਇਆ। ਚੁਟਕੀਆਂ ਲੈ ਕੇ ਖਬਰਾਂ ਛਾਪੀਆਂ ਗਈਆਂ ਪਰ ਇਸ ਨਾਲ ਨਾ ਤਾਂ ਕਿਸੇ ‘ਰਾਸ਼ਟਰਵਾਦੀ’ ਨੂੰ ਹੀ ਭੋਰਾ ਸ਼ਰਮ ਆਈ ਤੇ ਨਾ ਹੀ ਭਾਰਤ ਦੇ ਹਿੰਦੂਤਵੀ ਸੋਚ ਵਾਲੇ ਮੀਡੀਆ ਦੇ ਕੰਨ ਉਤੇ ਕੋਈ ਜੂੰ ਸਰਕੀ। ਬਦਕਿਸਮਤੀ ਨਾਲ ਇਹਨਾਂ ਗਪੌੜਸੰਖ ‘ਵਿਗਿਆਨੀਆਂ’ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਥਾਪੜਾ ਹੈ। ਇਹ ਲੋਕ ਆਰਐਸਐਸ ਤੇ ਭਾਜਪਾ ਦੇ ਆਸ਼ੀਰਵਾਦ ਨਾਲ ਇਸ ਸਮੇਂ ਵੱਡੇ-ਵੱਡੇ ਅਹੁਦਿਆਂ ਉਤੇ ਬਿਰਾਜਮਾਨ ਹਨ। ਦੇਸ਼ ਦੀ ਜੱਗ-ਹਸਾਈ ਕਰਵਾ ਰਹੇ ਇਹ ਲੋਕ ਸ਼ਾਇਦ ਬੀਤੇ ਦਾ ਬਦਲਾ ਲੈ ਰਹੇ ਹਨ ਜਾਂ ਇਨ•ਾਂ ਦੇ ਲਹੂ ਵਿਚ ਰਚਿਆ ਸਦੀਆ ਪੁਰਾਣਾ ਬਿਪਰਵਾਦੀ ਦੰਭ ਹੀ ਮੁੜ-ਮੁੜ ਗਰਦਿਸ਼ ਵਿਚ ਆਉਂਦਾ ਹੈ, ਇਹ ਵੀ ਖੋਜ ਦਾ ਹੀ ਵਿਸ਼ਾ ਹੈ। 
ਭਾਰਤੀਅਤਾ ਦੀ ਇਸ ਹਾਸੋਹੀਣੀ ਹਾਲਤ ਉਤੇ ‘ਦੇਖ ਕਬੀਰਾ ਰੋਇਆ’ ਦਾ ਸਿਰਲੇਖ ਹੀ ਦਿੱਤਾ ਜਾ ਸਕਦਾ ਹੈ। ਆਪਣੇ ਗੁਰੂਆਂ-ਪੀਰਾਂ ਤੇ ਰਿਸ਼ੀਆਂ-ਮੁਨੀਆਂ ਦੇ ਨਾਮ ਉਤੇ ਘੜੀਆਂ ਜਾਂਦੀਆਂ ਕੂੜ-ਕਹਾਣੀਆਂ ਉਤੇ ਹੱਸਿਆ ਨਹੀਂ ਰੋਇਆ ਹੀ ਜਾ ਸਕਦਾ ਹੈ। ਹਾਂ, ਤੁਸੀਂ ਭਾਰਤੀ ਰਾਜਨੀਤੀ ਦੇ ਇਨ•ਾਂ ਮਾਡਰਨ ਜੁਮਲੇਬਾਜ਼ਾਂ ਦੀ ਅਜਿਹੀ ਜੁਮਲੇਬਾਜ਼ੀ ਦਾ ਸੱਚ ਜਾਣਦਿਆਂ ਇਨ•ਾਂ ਉਤੇ ਜ਼ਰੂਰ ਹੱਸ ਸਕਦੇ ਹੋ।
ਹਿੰਦੁਸਤਾਨ ਵਰਗੇ ਗ਼ਰੀਬ ਦੇਸ਼ ਵਿਚ ਅੰਕੜਿਆਂ ਮੁਤਾਬਕ 36 ਕਰੋੜ ਤੋਂ ਵੱਧ ਆਬਾਦੀ ਗ਼ਰੀਬ ਅਤੇ 27 ਫ਼ੀਸਦੀ ਲੋਕ ਅਨਪੜ• ਦੱਸੇ ਜਾਂਦੇ ਹਨ। ਅੰਕੜਿਆਂ ਮੁਤਾਬਿਕ ਹੀ ਖੁਦਕੁਸ਼ੀਆਂ ਕਰਨ ਅਤੇ ਡਿਪਰੈਸ਼ਨ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਵਿਚ ਵੀ ਭਾਰਤ ਵਿਸ਼ਵ ਵਿਚੋਂ ਮੋਹਰੀ ਦੇਸ਼ ਹੈ। ਅਜਿਹੇ ਹਾਲਾਤ ਵਿਚ ਅਜਿਹੀ ਜੁਮਲੇਬਾਜ਼ੀ ਦੇ ਅਰਥ ਸੱਤਾ ਪ੍ਰਾਪਤੀ ਵਿਚ ਨਿਕਲਣਾ ਆਮ ਵਰਤਾਰਾ ਹੈ। ਇਸ ਕਰਕੇ ਬਿਪਰਵਾਦੀਆਂ ਦੇ ਇਸ ਅੰਧਵਿਸ਼ਵਾਸ ਫੈਲਾਉਣ ਵਾਲੇ ਅਸਤਰ ਦੀ ਕਾਟ ਲਈ ਸੁਚੇਤ ਹੋਣ ਅਤੇ ਭਗਤ ਕਬੀਰ ਜੀ ਤੇ ਗੁਰੂ ਨਾਨਕ ਸਾਹਿਬ ਦੇ ਵਿਸ਼ਵ-ਵਿਆਪੀ ਸੋਚ ਵਾਲੇ ਮਿਸ਼ਨ ਦੀ ਸ਼ਰਣ ਵਿਚ ਜਾਣ ਦੀ ਜ਼ਰੂਰਤ ਹੈ। ਕਦੇ ਧੁੰਦ ਤੇ ਕਦੇ ਧੁੱਪ ਦਾ ਪਸਰਨਾ ਕੁਦਰਤ ਦਾ ਆਮ ਵਰਤਾਰਾ ਹੈ। ਵਿਗਿਆਨਕ ਦ੍ਰਿਸ਼ਟੀਕੋਣ ਤੋਂ ਖਾਲੀ ਬਿਪਰਵਾਦ ‘ਤਿੰਨ ਕੋਣਾਂ’ ਵਾਲੇ ਰੱਬ ਦੇ ਦਰਸ਼ਨ ਕਰ ਕੇ ਹੀ ਨਿਹਾਲ ਹੋ ਜਾਂਦਾ ਹੈ। ਰੱਬ ਜੀ ਦਾ ਚੌਥੇ ਕੋਣ ਵਾਲਾ ਨਿਰਾਕਾਰ ਰੂਪ ਗੁਰੂ ਨਾਨਕ ਸਾਹਿਬ ਜੀ ਦੇ ਵਿਗਿਆਨਕ ਦ੍ਰਿਸ਼ਟੀਕੋਣ ਵਾਲੇ ਨੂੰ ਹੀ ਦਿਖਦਾ ਹੈ। 
ਭਾਰਤ ਰਿਸ਼ੀਆਂ-ਮੁਨੀਆਂ ਅਤੇ ਗੁਰੂਆਂ ਦੇ ਚਰਨ-ਛੋਹ ਵਾਲੀ ਧਰਤੀ ਹੈ ਜਿਨ•ਾਂ ਦੇ ਪ੍ਰਕਾਸ਼ ਨਾਲ ਅੰਧਕਾਰ ਤੇ ਅੰਧਵਿਸ਼ਵਾਸ ਦੀ ਧੁੰਦ ਮਿਟ ਗਈ ਸੀ ਤੇ ਜਗ ਵਿਚ ਚਾਨਣ ਹੋਇਆ ਸੀ। ਮੱਧਕਾਲੀਨ ਯੁਗ ਵਿਚ ਭਗਤੀ ਲਹਿਰ ਚੱਲੀ ਜਿਸ ਨੇ ਲੋਕਾਂ ਵਿਚ ਚੇਤਨਾ ਦਾ ਸੰਚਾਰ ਕੀਤਾ ਸੀ। ਵਿਗਿਆਨ ਕੁਦਰਤ ਦੇ ਰਹੱਸਾਂ ਨੂੰ ਖੋਲ•ਣ ਅਤੇ ਪ੍ਰਗਟ ਕਰਨ ਵਾਲਾ ਇਕ ਅਜਬ ਵਰਤਾਰਾ ਹੈ। ਉਹ ਰੋਜ਼ ਹੀ ਨਵੇਂ-ਨਵੇਂ ਰਹੱਸ ਸਾਡੇ ਸਾਹਮਣੇ ਫਰੋਲਦਾ ਜਾ ਰਿਹਾ ਹੈ। ਵਿਗਿਆਨ ਦੇ ਚੰਗੇ ਪੱਖ ਨੇ ਅੱਜ ਮਨੁੱਖ ਦਾ ਰਾਹ ਦਿਸੇਰਾ ਬਣ ਕੇ ਬਹੁਤ ਕੁਝ ਨਵਾਂ ਸਿਰਜਿਆ ਹੈ ਤੇ ਬਹੁਤ ਸਾਰੀਆਂ ਪੁਰਾਣੀਆਂ ਮਿੱਥਾਂ ਨੂੰ ਤੋੜਿਆ ਹੈ। ਸਿਆਣੇ ਲੋਕ ਬੇ-ਦਲੀਲ ਤੇ ਤਰਕਹੀਣ ਵਿਚਾਰਾਂ ਨੂੰ ਵਿਸਾਰ ਛੱਡਦੇ ਹਨ ਪਰ ਕਈ ਇਨ•ਾਂ ‘ਚ ਘਿਰੇ ਹੀ ਸਾਰੀ ਜ਼ਿੰਦਗੀ ਹਨੇਰਾ ਢੋਂਹਦੇ ਰਹਿੰਦੇ ਹਨ। ਅਜਿਹੇ ਅੰਧ-ਵਿਸ਼ਵਾਸ ਜੇਕਰ ਸਾਡੀ ਸੋਚ ਨਾਲ ਨਾ ਜੁੜਨ, ਤਾਂ ਹੀ ਇਸ ਮਨੁੱਖਾ ਜੀਵਨ ਦੇ ਵਧੀਆ ਹੋਣ ਦੀ ਜ਼ਾਮਨੀ ਕੀਤੀ ਜਾ ਸਕਦੀ ਹੈ। ਇਸੇ ਵਿਚ ਹੀ ਦੇਸ਼, ਕੌਮ ਤੇ ਸੰਸਾਰ ਦਾ ਭਲਾ ਹੋ ਸਕਦਾ ਹੈ।

ਮਨਜੀਤ ਸਿੰਘ ਟਿਵਾਣਾ