ਪੰਜਾਬੀ ਯੂਨੀਵਰਸਿਟੀ ਅਤੇ ਵਿਲਕਸ ਯੂਨੀਵਰਸਿਟੀ ਪੈਨਸਲਵੇਨੀਆ ਦਰਮਿਆਨ ਅਕਾਦਮਿਕ ਸਮਝੌਤੇ ਬਾਰੇ ਗੱਲਬਾਤ

ਪੰਜਾਬੀ ਯੂਨੀਵਰਸਿਟੀ ਅਤੇ ਵਿਲਕਸ ਯੂਨੀਵਰਸਿਟੀ ਪੈਨਸਲਵੇਨੀਆ ਦਰਮਿਆਨ ਅਕਾਦਮਿਕ ਸਮਝੌਤੇ ਬਾਰੇ ਗੱਲਬਾਤ

ਡਾ. ਬੀਐੱਸ ਘੁੰਮਣ ਵਿਲਕਸ ਯੂਨੀਵਰਸਿਟੀ ਦੇ ਡੈਲੀਗੇਟ ਮੁਖੀ ਨਾਲ ਸਮਝੌਤੇ ਦੇ ਮਸੌਦੇ ਦਾ ਆਦਾਨ-ਪ੍ਰਦਾਨ ਕਰਦੇ ਹੋਏ।
ਪਟਿਆਲਾ/ਬਿਊਰੋ ਨਿਊਜ਼ :
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਅਮਰੀਕਾ ਦੀ ਵਿਲਕਸ ਯੂਨੀਵਰਸਿਟੀ ਪੈਨਸਲਵੇਨੀਆ ਨਾਲ ਪਹਿਲਾਂ ਹੋਏ ਇਕ ਅਕਾਦਮਿਕ ਸਮਝੌਤੇ ਨੂੰ ਨਵਿਆਉਣ ਤੇ ਇਸ ਸਮਝੌਤੇ ਦੀਆਂ ਸੀਮਾਵਾਂ ਨੂੰ ਹੋਰ ਵਿਸਥਾਰਨ ਲਈ ਉਚ ਪੱਧਰੀ ਗੱਲਬਾਤ ਕੀਤੀ ਗਈ। ਇਸ ਬਾਬਤ ਅਮਰੀਕਨ ਯੂਨੀਵਰਸਿਟੀ ਦੇ ਇਕ ਉਚ ਪੱਧਰੀ ਵਫ਼ਦ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਦੌਰਾ ਕੀਤਾ। ਇਸ ਵਫ਼ਦ ਵਿਚ ਪ੍ਰੋਫ਼ੈਸਰ ਐਨੇ ਸਕਲੈਡਰ, ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਵਿਲਕਸ ਯੂਨੀਵਰਸਿਟੀ ਪੈਨਸਲਵੇਨੀਆ ਅਤੇ ਮਾਰਕ ਕੋਪੈਨਸਕੀ, ਪ੍ਰੈਜ਼ੀਡੈਂਟ ਐਂਡ ਸੀਈਓ ਗਲੋਬਲ ਸਟੂਡੈਂਟ ਰਿਕੁਆਇਰਮੈਂਟ ਐਡਵਾਈਜ਼ਰ ਸ਼ਾਮਿਲ ਸਨ। ਉਪ ਕੁਲਪਤੀ ਡਾ. ਬੀਐੱਸ. ਘੁੰਮਣ ਦੀ ਅਗਵਾਈ ਹੇਠ ਸਿੰਡੀਕੇਟ ਰੂਮ ਵਿਚ ਹੋਈ ਮੀਟਿੰਗ ਵਿਚ ਉਨ੍ਹਾਂ ਵਿਭਾਗਾਂ ਦੇ ਮੁਖੀ ਸ਼ਾਮਿਲ ਹੋਏ, ਜਿਨ੍ਹਾਂ ਦੇ ਵਿਭਾਗਾਂ ਦੀ ਇਸ ਨਵ-ਸਮਝੌਤੇ ਵਿਚ ਕਿਸੇ ਤਰ੍ਹਾਂ ਦੀ ਸਾਂਝੇਦਾਰੀ ਹੋ ਸਕਦੀ ਹੈ। ਮੈਨੇਜਮੈਂਟ ਨਾਲ ਸਬੰਧਤ ਵਿਭਾਗ ਅਤੇ ਸੈਂਟਰ ਫਾਰ ਐਡਵਾਂਸਡ ਮੀਡੀਆ ਸਟੱਡੀਜ਼ ਪਹਿਲਾਂ ਹੀ ਇਸ ਸਮਝੌਤੇ ਤਹਿਤ ਕੋਰਸ ਕਰਵਾ ਰਹੇ ਹਨ। ਡਾ. ਘੁੰਮਣ ਨੇ ਕਿਹਾ ਕਿ ਇਸ ਸਮਝੌਤੇ ਨੂੰ ਨਵਿਆਉਣ ਸਮੇਂ ਹੋਰ ਕਿਸ ਵਿਭਾਗ ਨੂੰ ਜੋੜਿਆ ਜਾ ਸਕਦਾ ਹੈ, ਇਸ ਵਿਸ਼ੇ ‘ਤੇ ਹਰੇਕ ਵਿਭਾਗ ਮੁਖੀ ਦੇ ਸੁਝਾਅ ਲੋੜੀਂਦੇ ਹਨ।
ਮੀਟਿੰਗ ਵਿਚ ਹਾਜ਼ਰ ਮਨੋਵਿਗਿਆਨ, ਸਿੱਖਿਆ, ਮੈਨੇਜਮੈਂਟ, ਕਾਮਰਸ, ਇੰਜਨੀਅਰਿੰਗ, ਰਾਜਨੀਤੀ ਸ਼ਾਸਤਰ, ਕੈਮਜ਼, ਅਰਥ ਸ਼ਾਸਤਰ ਆਦਿ ਵਿਭਾਗਾਂ ਦੇ ਪ੍ਰਤੀਨਿਧੀਆਂ ਨੇ ਆਪਣੇ ਸੁਝਾਅ ਪੇਸ਼ ਕੀਤੇ। ਇਸ ਸਮਝੌਤੇ ਵਿਚ ਗਰੈਜੂਏਟ, ਅੰਡਰ ਗਰੈਜੂਏਟ, ਇੰਜਨੀਅਰਿੰਗ ਅਤੇ ਇੰਟੀਗਰੇਟਿਡ ਕੋਰਸ ਸ਼ਾਮਿਲ ਹਨ, ਜਿਨ੍ਹਾਂ ਦਾ ਅੰਤਲਾ ਸਾਲ ਇੱਥੋਂ ਦੇ ਵਿਦਿਆਰਥੀ ਉਸ ਯੂਨੀਵਰਸਿਟੀ ਵਿਚ ਜਾ ਕੇ ਸਿੱਖਿਆ ਪ੍ਰਾਪਤ ਕਰਨਗੇ। ਵਿਦਿਆਰਥੀਆਂ ਲਈ ਇੰਟਰਨਸ਼ਿਪ, ਗਰਮੀ ਦੀਆਂ ਛੁੱਟੀਆਂ ਸਮੇਂ ਲੱਗਣ ਵਾਲੀ ਸਿਖਲਾਈ ਆਦਿ ਦੀਆਂ ਸਹੂਲਤਾਂ ਵੀ ਸ਼ਾਮਿਲ ਹਨ।
ਵਿਲਕਸ ਯੂਨੀਵਰਸਿਟੀ ਦੇ ਵਫ਼ਦ ਨੇ ਕਿਹਾ ਕਿ ਇਸ ਸਮਝੌਤੇ ਨੂੰ ਨਵਿਆਉਣ ਮੌਕੇ ਇਨ੍ਹਾਂ ਸਾਰੇ ਪੱਖਾਂ ਦਾ ਖਿਆਲ ਰੱਖਿਆ ਜਾਵੇਗਾ। ਇਸ ਮੌਕੇ ਅੰਤਰਰਾਸ਼ਟਰੀ ਵਿਦਿਆਰਥੀ ਡਾਇਰੈਕਟੋਰੇਟ ਦੇ ਕੋਆਰਡੀਨੇਟਰ ਡਾ. ਦਮਨ ਸੰਧੂ, ਡੀਨ ਅਕਾਦਮਿਕ ਡਾ. ਗੁਰਦੀਪ ਸਿੰਘ ਬਤਰਾ, ਐਸੋਸੀਏਟ ਡੀਨ ਰਿਸਰਚ ਡਾ. ਲਖਵਿੰਦਰ ਗਿੱਲ, ਡਾਇਰੈਕਟਰ ਮੀਡੀਆ ਸੈਂਟਰ ਡਾ. ਗੁਰਮੀਤ ਮਾਨ ਨੇ ਸ਼ਿਰਕਤ ਕੀਤੀ। ਇਸ ਡੈਲੀਗੇਟ ਨੇ ਇੰਜਨੀਅਰ ਵਿੰਗ ਦਾ ਦੌਰਾ ਵੀ ਕੀਤਾ, ਜਿੱਥੇ ਡਾ. ਅਨੂਪ ਠਾਕੁਰ ਨੇ ਲੈਬ ਸਬੰਧੀ ਚੱਲ ਰਹੀਆਂ ਅਕਾਦਮਿਕ ਗਤਵਿਧੀਆਂ ਅਤੇ ਖੋਜ ਬਾਰੇ ਚਾਨਣਾ ਪਾਇਆ।