ਚਾਬੀਆਂ ਦਾ ਮੋਰਚਾ

ਚਾਬੀਆਂ ਦਾ ਮੋਰਚਾ

ਪ੍ਰਮਿੰਦਰ ਸਿੰਘ ਪ੍ਰਵਾਨਾ
(510-781-0487)


ਸੰਨ 1849 ਵਿਚ ਪੰਜਾਬ 'ਤੇ ਅੰਗਰੇਜ਼ੀ ਹਕੂਮਤ ਦਾ ਰਾਜ ਹੋ ਗਿਆ। ਸਰਕਾਰ ਨੇ ਸ੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਅਤੇ ਤਰਨ ਤਾਰਨ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੀ ਥਾਪੇ ਸੰਚਾਲਕਾਂ ਦੇ ਹੱਥ ਦੇ ਦਿੱਤਾ। ਗੁਰਦੁਆਰਿਆਂ ਨਾਲ ਸਬੰਧਤ ਮਹੰਤ ਪੁਜਾਰੀ ਵੀ ਸਰਕਾਰ ਦੇ ਹੱਥ ਠੋਕੇ ਹੀ ਸਨ। ਮਹੰਤਾਂ ਦੀਆਂ ਮਨਮਾਨੀਆਂ ਜਾਰੀ ਰਹੀਆਂ। ਸ੍ਰੀ ਗੁਰੂ ਸਿੰਘ ਸਭਾ ਲਹਿਰ ਨੇ ਅਜਿਹੀਆਂ ਘਿਨਾਉਣੀਆਂ ਹਰਕਤਾਂ ਖਤਮ ਕਰਨ ਦੇ ਯਤਨ ਵਿਚ ਗੁਰੂ ਮਰਯਾਦਾ ਵਿਚ ਰਹਿਣ ਦਾ ਪ੍ਰਚਾਰ ਕੀਤਾ। ਸਭਾ ਨੇ ਸੰਗਤਾਂ ਨੂੰ ਜਾਗ੍ਰਿਤ ਕੀਤਾ ਜਿਸ ਨਾਲ ਸੁਧਾਰ ਹੋਣ ਲੱਗਾ। ਅਜਿਹੇ ਯਤਨਾਂ ਵਿਚ ਹੀ ਗੁਰਦੁਆਰਾ ਸੁਧਾਰ ਲਹਿਰ ਹੋਂਦ ਵਿਚ ਆਈ। ਮਹੰਤਾਂ ਅਤੇ ਪੁਜਾਰੀਆਂ ਨੇ ਇਸ ਦਾ ਵਿਰੋਧ ਕੀਤਾ। ਸੰਗਤਾਂ ਨੇ ਭਾਰੀ ਦੀਵਾਨ ਸਜਾ ਕੇ ਉਨ੍ਹਾਂ ਨੂੰ ਸੁਧਰਨ ਦੀ ਚਿਤਾਵਨੀ ਵੀ ਦਿੱਤੀ ਪਰ ਫਿਰ ਵੀ ਉਨ੍ਹਾਂ ਨੂੰ ਸਰਕਾਰੀ ਸ਼ਹਿ ਪ੍ਰਾਪਤ ਸੀ ਜਿਸ ਨਾਲ ਸੰਗਤ ਅੰਗਰੇਜ਼ੀ ਹਕੂਮਤ ਦੇ ਦਬਾਅ ਹੇਠ ਸੀ। ਜਦੋਂ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰ ਵਾ ਲਿਆ ਤਾਂ ਉਨ੍ਹਾਂ ਨੇ ਚਾਬੀਆਂ ਸਰਕਾਰ ਨੂੰ ਸੌਂਪ ਦਿੱਤੀਆਂ
ਭਾਵੇਂ ਅਕਤੂਬਰ-1920 ਵਿਚ ਗੁਰਦੁਆਰਾ ਪ੍ਰਬੰਧ  ਸੰਗਤਾਂ ਦੇ ਹੱਥ ਵਿਚ ਆ ਚੁੱਕਾ ਸੀ ਪਰ ਅੰਗਰੇਜ਼ੀ ਹਕੂਮਤ ਨੇ ਸ. ਸੁੰਦਰ ਸਿੰਘ ਰਾਮਗੜ੍ਹੀਆ ਨੂੰ ਨਿਗਰਾਨ ਨਿਯੁਕਤ ਕੀਤੀ ਰੱਖਿਆ, ਜਿਸ ਕੋਲ ਖਜ਼ਾਨੇ ਦੀਆਂ ਚਾਬੀਆਂ ਸਮੇਤ 53 ਚਾਬੀਆਂ ਸਨ। ਸੰਗਤਾਂ ਨੇ ਮਹਿਸੂਸ ਕੀਤਾ ਕਿ ਇਹ ਅਸਿੱਧੇ ਤੌਰ 'ਤੇ ਸਿੱਖ ਧਰਮ ਵਿਚ ਦਖ਼ਲਅੰਦਾਜ਼ੀ ਹੈ, ਜਿਸ ਨਾਲ ਗੁਰਦੁਆਰਿਆਂ ਨੂੰ ਸਰਕਾਰੀ ਕਬਜ਼ੇ ਹੇਠ ਰੱਖਣ ਦੀ ਚਾਲ ਹੈ। ਅਕਤੂਬਰ 20, 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਕਿ ਸ. ਸੁੰਦਰ ਸਿੰਘ ਰਾਮਗੜ੍ਹੀਆ ਨੂੰ ਚਾਬੀਆਂ ਕਮੇਟੀ ਦੇ ਪ੍ਰਧਾਨ ਸ. ਖੜਕ ਸਿੰਘ ਨੂੰ ਸੌਂਪਣੀਆਂ ਚਾਹੀਦੀਆਂ ਹਨ ਪਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਇਸ ਨੂੰ ਰੋਕਣ ਲਈ ਅਤਿਰਿਕਤ ਕਮਿਸ਼ਨਰ ਅਮਰਨਾਥ ਨੂੰ ਪੁਲਿਸ ਦੇ ਕੇ ਭੇਜਿਆ ਜਿਸ ਨੇ ਸ. ਸੁੰਦਰ ਸਿੰਘ ਰਾਮਗੜ੍ਹੀਆ ਦੇ ਘਰ ਤੋਂ ਚਾਬੀਆਂ ਕਾਬੂ ਕਰ ਲਈਆਂ। ਸੰਗਤਾਂ ਵਿਚ ਗੁੱਸੇ ਦੀ ਲਹਿਰ ਉਠ ਪਈ। ਇਹ ਚਾਬੀਆਂ ਦੇ ਮੋਰਚੇ ਦਾ ਆਰੰਭ ਸੀ। ਨਵੰਬਰ 12, 1921 ਨੂੰ ਵਿਦਰੋਹ ਇਕੱਤਰਤਾ ਨੂੰ ਬਾਬਾ ਖੜਕ ਸਿੰਘ ਨੇ ਸੰਬੋਧਨ ਕੀਤਾ। ਅਜਿਹੀਆਂ ਹੀ ਵਿਦਰੋਹ ਇਕੱਤਰਤਾਵਾਂ ਗੁੱਜਰਾਂਵਾਲਾ, ਗੁੱਜਰਖਾਸ ਅਤੇ ਅਜਨਾਲਾ ਵਿਚ ਵੀ ਹੋਈਆਂ। ਸਰਕਾਰ ਵੀ ਆਪਣੇ ਹਠੀਲੇ ਵਤੀਰੇ 'ਤੇ ਅੜੀ ਰਹੀ। ਸਰਕਾਰ ਨੇ ਚਾਬੀਆਂ ਸੌਂਪਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਸਰਕਾਰ ਨੇ ਸਿੱਖਾਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿੱਤੀਆਂ। ਸ. ਖੜਕ ਸਿੰਘ, ਸ. ਬਹਾਦਰ ਮਹਿਤਾਬ ਸਿੰਘ ਸਮੇਤ ਕਈ ਆਗੂਆਂ ਨੂੰ ਸਜ਼ਾਵਾਂ ਵੀ ਹੋਈਆਂ। ਸ. ਦਾਨ ਸਿੰਘ ਵਛੋਆ, ਜਸਵੰਤ ਸਿੰਘ ਝਬਾਲ ਵੀ ਅਜਨਾਲਾ ਦੇ ਦੀਵਾਨਾਂ ਵਿਚੋਂ ਗ੍ਰਿਫ਼ਤਾਰ ਕਰ ਲਏ ਗਏ। 
ਤਦ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਜਨਾਲਾ ਵਿਖੇ ਸਜਾਏ ਦੀਵਾਨ ਨੂੰ ਗੈਰਕਾਨੂੰਨੀ ਕਰਾਰ ਦੇਂਦਿਆਂ ਗ੍ਰਿਫਤਾਰੀਆਂ ਜਾਰੀ ਰੱਖੀਆਂ। ਸਰਕਾਰ ਦੀ ਇਸ ਕਾਰਵਾਈ ਦੀ ਨਿੰਦਿਆ ਕਰਦਿਆਂ 4-ਦਸੰਬਰ 1921 ਨੂੰ ਵਿਦਰੋਹ ਦਿਨ ਮਨਾਉਣ ਲਈ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਗਿਆ। ਸੰਗਤਾਂ ਦਾ ਭਾਰੀ ਵਿਰੋਧ ਵੇਖ ਕੇ ਸਰਕਾਰ ਦਾ ਵਤੀਰਾ ਨਰਮ ਹੁੰਦਾ ਗਿਆ। ਉਨ੍ਹਾਂ ਜਾਣ ਲਿਆ ਸੀ ਕਿ ਇਸ ਵਿਦਰੋਹ ਦਾ ਮਾੜਾ ਅਸਰ ਫੌਜੀਆਂ ਅਤੇ ਕਿਸਾਨਾਂ 'ਤੇ ਵੀ ਪਵੇਗਾ, ਜਿਸ ਨਾਲ ਆਰਥਿਕ ਉਨਤੀ ਦਾ ਕੰਮ ਕਾਜ ਠੱਪ ਹੋ ਜਾਵੇਗਾ। ਸਰਕਾਰ ਦੀ ਸਥਿਤੀ ਵੀ ਵਿਗੜ ਸਕਦੀ ਹੈ। 5 ਜਨਵਰੀ 1922 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਉਤੇ ਸਰਕਾਰ ਨੇ ਚਾਬੀਆਂ ਵਾਪਸ ਕਰਨ ਦਾ ਮਨ ਬਣਾ ਲਿਆ।  ਸੰਗਤਾਂ ਨੇ ਜਦੋਂ ਤੱਕ ਸਾਰੇ ਗ੍ਰਿਫ਼ਤਾਰ ਕੀਤੇ ਗਏ ਸ਼ਰਧਾਲੂ ਰਿਹਾਅ ਨਹੀਂ ਕੀਤੇ ਜਾਂਦੇ, ਚਾਬੀਆਂ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ। ਤਦ ਹੀ ਸੰਗਤਾਂ ਦੀ ਰਿਹਾਈ ਦੇ ਹੁਕਮ ਜਾਰੀ ਹੋ ਗਏ। ਜਨਵਰੀ-1922 ਨੂੰ ਸਰਕਾਰੀ ਅਧਿਕਾਰੀਆਂ ਨੇ ਚਾਬੀਆਂ ਬਾਬਾ ਖੜਕ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀਆਂ।
ਇਹ ਗੁਰਦੁਆਰਾ ਪ੍ਰਬੰਧ ਵਿਚ ਸਿੱਖ ਪੰਥ ਦੀ ਸ਼ਾਨਦਾਰ ਜਿੱਤ ਸੀ। ਇਸ ਜਿੱਤ ਦੀ ਸੰਸਾਰ ਭਰ ਵਿਚ ਸ਼ਲਾਘਾ ਹੋਈ। ਵਕਤੀ ਵਕਫ਼ਾਂ ਪਾ ਕੇ ਅੰਗਰੇਜ਼ੀ ਹਕੂਮਤ ਫਿਰ ਬਦਲਾਖੋਰੀ 'ਤੇ ਉਤਰ ਆਈ। ਸਿੱਖਾਂ ਦੀਆਂ ਨਜਾਇਜ਼ ਗ੍ਰਿਫਤਾਰੀਆਂ, ਕੈਦਾਂ, ਜੁਰਮਾਨਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਗ੍ਰਿਫ਼ਤਾਰੀਆਂ ਦੀ ਗਿਣਤੀ 2000 ਤੱਕ ਪੁੱਜ ਗਈ। ਉਪਰੋਂ ਹਰ ਤਰ੍ਹਾਂ ਦੀ ਸਖਤੀ ਕੀਤੀ ਜਾਂਦੀ। ਇਨ੍ਹਾਂ ਵਧੀਕੀਆਂ ਨੇ ਸਿੱਖਾਂ ਵਿਚ ਜੋਸ਼ ਭਰ ਦਿੱਤਾ। ਜਿਸ ਤੋਂ ਅੰਗਰੇਜ਼ੀ ਸਰਕਾਰ ਵਿਰੁੱਧ ਜਨਤਕ ਲਹਿਰ ਸ਼ੁਰੂ ਹੋ ਗਈ ਜਿਸ ਨੇ ਦੇਸ਼ ਦੀ ਆਜ਼ਾਦੀ ਅਤੇ ਹੋਰ ਮੋਰਚਿਆਂ ਲਈ ਰਾਹ ਖੋਲ੍ਹ ਦਿੱਤੇ। ਇਸ ਤਰ੍ਹਾਂ ਚਾਬੀਆਂ ਦਾ ਮੋਰਚਾ ਇਤਿਹਾਸਕ ਹੋ ਨਿਬੜਿਆ।