ਗੁਰਦੁਆਰਾ ਪ੍ਰਬੰਧ ਵਿਚ ਸਿਆਸੀ ਘੁਸਪੈਠ ਰੋਕਣ ਲਈ ਵਾਲੰਟੀਅਰਾਂ ਦੀ ਫ਼ੌਜ ਤਿਆਰ ਕਰਨਗੇ ਫੂਲਕਾ

ਗੁਰਦੁਆਰਾ ਪ੍ਰਬੰਧ ਵਿਚ ਸਿਆਸੀ ਘੁਸਪੈਠ ਰੋਕਣ ਲਈ ਵਾਲੰਟੀਅਰਾਂ ਦੀ ਫ਼ੌਜ ਤਿਆਰ ਕਰਨਗੇ ਫੂਲਕਾ

ਚੰਡੀਗੜ੍ਹ/ਬਿਊਰੋ ਨਿਊਜ਼ :
ਸਿਆਸਤ ਵਿਚ ਆਪਣੇ ਅਸਤੀਫਿਆਂ ਕਾਰਨ ਚਰਚਾ ਵਿਚ ਚੱਲ ਰਹੇ ਉਘੇ ਵਕੀਲ ਐਚਐਸ ਫੂਲਕਾ ਨੇ ਐਲਾਨ ਕੀਤਾ ਹੈ ਕਿ ਸਾਬਕਾ ਜੱਜ ਕੁਲਦੀਪ ਸਿੰਘ ਦੀ ਸਰਪ੍ਰਸਤੀ ਹੇਠ ਸਿੱਖ ਸੇਵਕ ਸੰਗਠਨ ਦੇ ਨਾਮ ਹੇਠ ਇਕ ਬੁੱਧੀਜੀਵੀ ਵਿੰਗ ਕਾਇਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਫੂਲਕਾ ਨੇ ਇਹ ਵੀ ਐਲਾਨ ਕੀਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚੋਂ ਸਿਆਸਤ ਦੀ ਘੁਸਪੈਠ ਬੰਦ ਕਰਨ ਅਤੇ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਉਹ ਵਾਲੰਟੀਅਰਾਂ ਦੀ ਫ਼ੌਜ ਤਿਆਰ ਕਰਨਗੇ।
ਉਨ੍ਹਾਂ ਦੱਸਿਆ ਕਿ ਉਹ ਲੋਕ ਸਭਾ ਦੀ ਚੋਣ ਲੜਨ ਦੀ ਥਾਂ ਆਪਣੇ ਇਸ ਮਿਸ਼ਨ ਨੂੰ ਪਹਿਲ ਦੇਣਗੇ। ਉਨ੍ਹਾਂ ਦੱਸਿਆ ਕਿ ਵਾਲੰਟੀਅਰਾਂ ਦੀ ਫ਼ੌਜ ਦੇ ਦੋ ਯੂਨਿਟ ਹੋਣਗੇ। ਪਹਿਲੇ ਯੂਨਿਟ ਵਿਚ ਕੇਵਲ ਸਾਬਤ ਸੂਰਤ ਸਿੱਖ ਹੀ ਹੋਣਗੇ ਜਦਕਿ ਦੂਸਰੇ ਯੂਨਿਟ ਵਿਚ ਨਸ਼ਿਆਂ ਦੇ ਖਿਲਾਫ਼ ਲੜਾਈ ਲੜਣ ਵਾਲਾ ਕੋਈ ਵੀ ਵਿਅਕਤੀ ਸ਼ਾਮਲ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਫ਼ੌਜ ਦੀ ਰਜਿਸਟਰੇਸ਼ਨ ਦੀ ਸ਼ੁਰੂਆਤ 12 ਜਨਵਰੀ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰ ਕੇ ਕੀਤੀ ਜਾਵੇਗੀ। ਇਸ ਲਈ ਇੱਕ ਚੋਣ ਕਮੇਟੀ ਵੀ ਬਣਾਈ ਜਾਵੇਗੀ, ਜੋ ਵਾਲੰਟੀਅਰਾਂ ਦੀ ਚੋਣ ਕਰੇਗੀ।