ਪੰਜਾਬੀ ਸਾਹਿਤ ਅਕੈਡਮੀ ਐਵਾਰਡਾਂ ਦਾ ਕੌੜਾ-ਸੱਚ : ਮਾਣ-ਸਨਮਾਨ ਦੇ ਹਮਾਮ ਵਿਚ ਬਹੁਤੇ ਪੰਜਾਬੀ ਲੇਖਕ ਨੰਗੇ

ਪੰਜਾਬੀ ਸਾਹਿਤ ਅਕੈਡਮੀ ਐਵਾਰਡਾਂ ਦਾ ਕੌੜਾ-ਸੱਚ : ਮਾਣ-ਸਨਮਾਨ ਦੇ ਹਮਾਮ ਵਿਚ ਬਹੁਤੇ ਪੰਜਾਬੀ ਲੇਖਕ ਨੰਗੇ

ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ, ਡਾ. ਮੋਹਨਜੀਤ
ਚੰਡੀਗੜ੍ਹ/ਬਿਊਰੋ ਨਿਊਜ਼ :
ਹਾਲ ਹੀ ਵਿਚ ਪੰਜਾਬੀ ਸਾਹਿਤ ਅਕੈਡਮੀ ਦੇ ਐਵਾਰਡਾਂ ਦਾ ਐਲਾਨ ਹੋਇਆ ਹੈ। ਕਿਸੇ ਸਮੇਂ ਜਦੋਂ ਸ਼ਿਵ ਕੁਮਾਰ ਬਟਾਲਵੀ ਨੂੰ ”ਲੂਣਾ” ਲਈ ਐਵਾਰਡ ਮਿਲਿਆ ਸੀ ਤਾਂ ਉਦੋਂ ਸ਼ਿਵ ਕੁਮਾਰ ਬਟਾਲਵੀ ਨੇ ਕਿਹਾ ਸੀ ਕਿ ਐਵਾਰਡ ਲੈਣਾ ਕੋਈ ਵੱਡਾ ਸੌਦਾ ਨਹੀਂ ਹੈ। ਇਸ ਲਈ ਤੁਹਾਨੂੰ ਸਿਰਫ ਅਕੈਡਮੀ ਦੇ ਚੋਣ ਮੈਂਬਰਾਂ ਨੂੰ 2500 ਰੁਪਏ ਦੀ ਸ਼ਰਾਬ ਪਿਲਾਉਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਉਸ ਸਮੇਂ ਐਵਾਰਡ ਦਾ ਨਕਦ ਇਨਾਮ 5000 ਰੁਪਏ ਸੀ।
ਜਦੋਂ ਅੰਮ੍ਰਿਤਾ ਪ੍ਰੀਤਮ ਨੂੰ ਸਾਹਿਤ ਅਕੈਡਮੀ ਐਵਾਰਡ ਮਿਲਿਆ ਸੀ, ਉਦੋਂ ਉਹ ਆਪ ਵੀ ਜਿਊਰੀ ਦੀ ਮੈਂਬਰ ਸੀ। ਉਸ ਸਮੇਂ ਇਹ ਐਵਾਰਡ ਸ਼ੁਰੂ ਹੋਏ ਨੂੰ ਸਿਰਫ ਇਕ ਸਾਲ ਹੀ ਹੋਇਆ ਸੀ। ਉਦੋਂ ਤੋਂ ਹੀ ਸਾਹਿਤ ਅਕੈਡਮੀ ਨਾਲ ਵਿਵਾਦਾਂ ਦਾ ਨਾਤਾ ਜੁੜਨਾ ਸ਼ੁਰੂ ਹੋ ਗਿਆ।
ਇਸ ਤੋਂ ਬਾਅਦ ਹਰ ਸਾਲ ਇਸ ‘ਤੇ ਰਿਸ਼ਵਤ, ਪੱਖਪਾਤ, ਧੜੇਬੰਦੀ ਤੇ ਹੋਰ ਦੋਸ਼ ਲੱਗਣ ਲੱਗ ਗਏ। ਇਸ ਸਾਲ ਵੀ ਇਵੇਂ ਹੀ ਹੋਇਆ, ਜਦੋਂ ਸਾਹਿਤ ਅਕੈਡਮੀ ਨੇ ਕਵੀ ਮੋਹਨਜੀਤ ਨੂੰ ਐਵਾਰਡ ਦੇਣ ਦਾ ਐਲਾਨ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਅਕੈਡਮੀ ਦੇ ਕੁਝ ਮੈਂਬਰ ਉਨ੍ਹਾਂ ਖ਼ਿਲਾਫ਼ ਹੋਣ ਕਾਰਨ ਉਨ੍ਹਾਂ ਨੂੰ ਇਹ ਐਵਾਰਡ ਕਾਫੀ ਪਛੜ ਕੇ ਮਿਲਿਆ ਹੈ।
ਇਹ ਐਵਾਰਡ ਸ਼ੁਰੂ ਹੋਣ ਦੇ ਦੂਜੇ ਸਾਲ ਹੀ ਇਹ ਵਿਵਾਦਾਂ ਨਾਲ ਘਿਰਨਾ ਸ਼ੁਰੂ ਹੋ ਗਿਆ ਸੀ। ਅੰਮ੍ਰਿਤਾ ਪ੍ਰੀਤਮ ਨੂੰ ਜਿਊਰੀ ਮੈਂਬਰ ਹੋਣ ਦੇ ਬਾਵਜੂਦ ਐਵਾਰਡ ਲਈ ਚੁਣਿਆ ਗਿਆ। ਇਸ ਬਾਰੇ ਖੁਸ਼ਵੰਤ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਉਦੋਂ ਕਾਫੀ ਨਿਰਾਸ਼ਾ ਹੋਈ ਜਦੋਂ ਅੰਮ੍ਰਿਤਾ ਪ੍ਰੀਤਮ ਨੂੰ ਪੰਜਾਬੀ ਸਾਹਿਤ ਅਕੈਡਮੀ ਮਿਲਿਆ। ਉਹ ਉਸ ਸਮੇਂ ਜਿਊਰੀ ਦੀ ਮੈਂਬਰ ਸੀ ਅਤੇ ਉਸਨੇ ਨੇ ਆਪਣੇ ਹੱਕ ਵਿਚ ਵੋਟ ਪਾਈ ਸੀ।
ਪੰਜਾਬੀ ਸਾਹਿਤਕਾਰ ਅਮਰਜੀਤ ਚੰਦਨ ਨੇ ਕਿਹਾ ਕਿ ਸਾਹਿਤ ਅਕੈਡਮੀ ਐਵਾਰਡ ਦੀ ਚੋਣ ਕਮੇਟੀ ਵਿਚੋਂ ਇਕ ਮੈਂਬਰ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਇਸ ਵਾਰ ਕੋਈ ਵੀ ਫਾਇਨਲਿਸਟ ਇਸ ਸਨਮਾਨ ਦੀਆਂ ਸ਼ਰਤਾਂ ‘ਤੇ ਖਰਾ ਨਹੀਂ ਉਤਰ ਰਿਹਾ ਸੀ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਲੋਕਾਂ ਨੇ ‘ਨੋਟਾ’ ਦੀ ਕੀਮਤ ਸਮਝਣੀ ਸ਼ੁਰੂ ਕਰ ਦਿੱਤੀ ਹੈ ਤੇ ਸਾਹਿਤਕ ਐਵਾਰਡਾਂ ਦੇ ਮਾਮਲੇ ‘ਚ ਵੀ ਖਾਨਾਪੂਰਤੀ ਦੀ ਜਗ੍ਹਾ ਐਵਾਰਡ ਦੀ ਪਵਿੱਤਰਤਾ ਕਾਇਮ ਰੱਖਣੀ ਵੱਧ ਮਹੱਤਵਪੂਰਨ ਹੈ। ਚੋਣ ਮੈਂਬਰਾਂ ਦੀ ਅਜਿਹੀ ਪਹੁੰਚ ਇਸ ਦੀ ਸਾਖ ਨੂੰ ਸੱਟ ਮਾਰ ਰਹੀ ਹੈ।
ਸਾਹਿਤ ਅਕੈਡਮੀ ਐਵਾਰਡ ਜੇਤੂ ਲੇਖਕ ਗੁਰਬਚਨ ਭੁੱਲਰ ਨੇ ਮੰਨਿਆ ਕਿ ਦੋ ਦਹਾਕੇ ਪਹਿਲਾਂ ਇਹ ਐਵਾਰਡ ਉਸ ਸਾਹਿਤਕਾਰ ਨੂੰ ਦਿੱਤਾ ਜਾਂਦਾ ਸੀ, ਜਿਸ ਨੇ ਪੰਜਾਬੀ ਸਾਹਿਤ ਦੀ ਅਮੀਰੀ ਲਈ ਕੁਝ ਕੀਤਾ ਹੈ। ਪਰ ਅੱਜ-ਕੱਲ੍ਹ ਜਦੋਂ ਜੇਤੂਆਂ ਦੇ ਨਾਂ ਐਲਾਨੇ ਜਾਂਦੇ ਹਨ, ਤਾਂ ਸਭ ਤੋਂ ਪਹਿਲੀ ਗੱਲ ਦਿਮਾਗ ਵਿਚ ਇਹੀ ਆਉਂਦੀ ਹੈ ਕਿ ਇਹ ਲੇਖਕ ਕੌਣ ਹੈ; ਇਹ ਕੀ ਲਿਖਦਾ ਹੈ, ਨਾਵਲ ਜਾਂ ਕਹਾਣੀਆਂ। ਸ੍ਰੀ ਭੁੱਲਰ ਨੇ ਵੀ ਇਹ ਗੱਲ ਕਬੂਲੀ ਕਿ ਅਕੈਡਮੀ ਨੂੰ ਕੋਈ ਧੜਾ ਕੰਟਰੋਲ ਕਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਸ਼੍ਰੋਮਣੀ ਅਕਾਲੀ ਦਲ ‘ਤੇ ਪਿਛਲੇ ਕੁਝ ਦਹਾਕਿਆਂ ਤੋਂ ਸਿਰਫ ਇਕ ਧੜਾ ਹੀ ਕਾਬਜ਼ ਹੈ, ਠੀਕ ਉਸੇ ਤਰ੍ਹਾਂ ਸਾਹਿਤ ਅਕੈਡਮੀ ‘ਤੇ ਵੀ ਇਕ ਧੜਾ ਕੁਝ ਦਹਾਕਿਆਂ ਤੋਂ ਕਾਬਜ਼ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਦੇ ਆਲੋਚਕ ਸਤਿੰਦਰ ਸਿੰਘ ਨੂਰ, ਜੋ ਸੰਨ 2011 ਵਿਚ ਗੁਜ਼ਰ ਗਏ ਸਨ, ਨੇ ਇਸ ਐਵਾਰਡ ਦੀ ਸਾਖ ਨੂੰ ਸਭ ਤੋਂ ਵੱਧ ਸੱਟ ਮਾਰੀ। ਇਹ ਨੂਰ ਦੀ ਹੀ ਦੇਣ ਹੈ ਜੋ ਅਸੀਂ ਇਸ ਐਵਾਰਡ ਨਾਲ ਜੁੜੇ ਵਿਵਾਦਾਂ ਬਾਰੇ ਸੁਣਦੇ ਹਾਂ।