ਸ੍ਰੀ ਚਮਕੌਰ ਸਾਹਿਬ ਵਿਖੇ ਸ਼ਹੀਦੀ ਜੋੜ-ਮੇਲ ਸ਼ੁਰੂ

ਸ੍ਰੀ ਚਮਕੌਰ ਸਾਹਿਬ ਵਿਖੇ ਸ਼ਹੀਦੀ ਜੋੜ-ਮੇਲ ਸ਼ੁਰੂ

ਚਮਕੌਰ ਸਾਹਿਬ ਵਿਚ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਪੁਲੀਸ ਅਧਿਕਾਰੀ।
ਚਮਕੌਰ ਸਾਹਿਬ/ਬਿਊਰੋ ਨਿਊਜ਼ :
ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਅਤੇ ਗੜ੍ਹੀ ਚਮਕੌਰ ਵਿਚ ਮੁਗਲਾਂ ਨਾਲ ਲੜਦਿਆਂ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿਚ ਤਿੰਨ-ਦਿਨਾ ਸ਼ਹੀਦੀ ਸਮਾਗਮ ਸ਼ੁਰੂ ਹੋ ਗਏ ਹਨ। ਚਮਕੌਰ ਸਾਹਿਬ ਦੇ ਸਾਰੇ ਗੁਰਦੁਆਰਿਆਂ ਵਿਚ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋ ਗਏ ਹਨ ਅਤੇ 23 ਦਸੰਬਰ ਨੂੰ ਭੋਗ ਪਾਏ ਜਾਣਗੇ।
ਸਮਾਗਮਾਂ ਲਈ ਸ਼੍ਰੋਮਣੀ ਕਮੇਟੀ ਅਤੇ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਹੈ। ਸੰਗਤਾਂ ਲਈ ਲੰਗਰ, ਰਿਹਾਇਸ਼ ਤੇ ਕੜਾਹ ਪ੍ਰਸ਼ਾਦ ਦੇ ਕਾਊਂਟਰ ਲਾਏ ਗਏ ਹਨ।
ਸ਼ਹੀਦੀ ਜੋੜ ਮੇਲ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਜ਼ਿਲ੍ਹਾ ਪੁਲੀਸ ਮੁਖੀ ਸਵਪਨ ਸ਼ਰਮਾ ਨੇ ਕਿਹਾ ਕਿ ਸੰਗਤ ਨੂੰ ਆਵਾਜਾਈ ਸਬੰਧੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਸ਼ਹੀਦੀ ਜੋੜ ਮੇਲ ਸਬੰਧੀ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਡੀਐੱਸਪੀ ਨਵਰੀਤ ਸਿੰਘ ਵਿਰਕ ਅਨੁਸਾਰ ਜੋੜ ਮੇਲ ਦੌਰਾਨ ਸਿਵਲ ਵਰਦੀ ਵਿਚ ਪੁਲੀਸ ਮੁਲਾਜ਼ਮਾਂ ਨਾਲ ਸੀਆਈਡੀ ਦੇ ਮੁਲਾਜ਼ਮ ਵੀ ਤਾਇਨਾਤ ਰਹਿਣਗੇ। ਪਲੀਸ ਨੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਅਤੇ ਗੜ੍ਹੀ ਸਾਹਿਬ ਦੇ ਸਾਰੇ ਮਾਰਗਾਂ ਨੂੰ ਮੇਨ ਸੜਕਾਂ ‘ਤੇ ਬੈਰੀਕੇਡ ਲਗਾ ਕੇ ਵਾਹਨਾਂ ਲਈ ਬੰਦ ਕਰ ਦਿੱਤਾ ਹੈ। ਇਨ੍ਹਾਂ ਰਸਤਿਆਂ ‘ਤੇ ਸਿਰਫ ਪੈਦਲ ਹੀ ਜਾਇਆ ਜਾ ਸਕੇਗਾ।
ਸਿਹਤ ਵਿਭਾਗ ਦੀਆਂ ਟੀਮਾਂ ਹਸਪਤਾਲ ਵਿਚ 24 ਘੰਟੇ ਹਾਜ਼ਰ ਰਹਿਣਗੀਆਂ। ਸ਼੍ਰੋਮਣੀ ਕਮੇਟੀ ਵੱਲੋਂ ਇਸ ਵਾਰ ਵੀ ਸਮਾਗਮਾਂ ਦੌਰਾਨ ਬਾਹਰੋਂ ਆ ਕੇ ਲੰਗਰ ਲਗਾਉਂਦੀਆਂ ਸੰਗਤਾਂ ਨੂੰ ਸਾਦਾ ਲੰਗਰ ਲਗਾਉਣ ਦੀ ਅਪੀਲ ਕੀਤੀ ਹੈ।