ਟਰੰਪ ਵੱਲੋਂ ਦੇਸ਼ ‘ਚ ਕੌਮੀ ਐਮਰਜੈਂਸੀ ਲਾਉਣ ਦਾ ਦਬਕਾ

ਟਰੰਪ ਵੱਲੋਂ ਦੇਸ਼ ‘ਚ ਕੌਮੀ ਐਮਰਜੈਂਸੀ ਲਾਉਣ ਦਾ ਦਬਕਾ

ਵਾਸ਼ਿੰਗਟਨ/ਬਿਊਰੋ ਨਿਊਜ਼ :
ਪਿਛਲੇ ਤਕਰੀਬਨ ਦੋ ਹਫ਼ਤਿਆਂ ਤੋਂ ਠੱਪ ਪਏ ਸਰਕਾਰੀ ਕੰਮਕਾਰ ਦਰਮਿਆਨ ਡੈਮੋਕਰੈਟ ਆਗੂਆਂ ਨਾਲ ਮੀਟਿੰਗ ਬੇਸਿੱਟਾ ਰਹਿਣ ਮਗਰੋਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਕਾਂਗਰਸ ਦੀ ਮਨਜ਼ੂਰੀ ਤੋਂ ਬਿਨਾਂ ਕੰਧ ਉਸਾਰਨ ਲਈ ਕੌਮੀ ਐਮਰਜੈਂਸੀ ਦਾ ਐਲਾਨ ਕਰ ਸਕਦੇ ਹਨ।
ਇਸ ਤਰ੍ਹਾਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਧਮਕੀ ਦਿੱਤੀ ਹੈ ਕਿ ਜੇਕਰ ਕਾਂਗਰਸ ਨੇ ਮੈਕਸਿਕੋ ਸਰਹੱਦ ‘ਤੇ ਕੰਧ ਦੀ ਉਸਾਰੀ ਲਈ 5.6 ਅਰਬ ਡਾਲਰ ਦੇ ਫੰਡ ਦੇਣ ਤੋਂ ਮਨ੍ਹਾਂ ਕੀਤਾ ਤਾਂ ਉਹ ਅਮਰੀਕਾ ‘ਚ ਸਰਕਾਰ ਦਾ ਕੰਮਕਾਰ ਮਹੀਨਿਆਂ ਜਾਂ ਸਾਲਾਂ ਲਈ ਠੱਪ ਕਰ ਦੇਣਗੇ ਤੇ ਦੇਸ਼ ਵਿਚ ਕੌਮੀ ਐਮਰਜੈਂਸੀ ਦਾ ਐਲਾਨ ਕਰ ਦੇਣਗੇ।
ਡੈਮੋਕਰੈਟਾਂ ਵੱਲੋਂ ਮੀਡੀਆ ਨੂੰ ਟਰੰਪ ਦੀ ਧਮਕੀ ਬਾਰੇ ਦੱਸੇ ਜਾਣ ਮਗਰੋਂ ਟਰੰਪ ਨੇ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ‘ਚ ਪੱਤਰਕਾਰਾਂ ਨੂੰ ਦੱਸਿਆ, ‘ਮੈਂ ਬਿਲਕੁਲ ਇਹੀ ਕਿਹਾ ਹੈ।’ ਸੈਨੇਟ ਮੈਂਬਰ ਚੱਕ ਸ਼ੂਮਰ ਨੇ ਕਿਹਾ, ‘ਅਸੀਂ ਰਾਸ਼ਟਰਪਤੀ ਨੂੰ ਕਿਹਾ ਹੈ ਕਿ ਸਰਕਾਰ ਦਾ ਕੰਮਕਾਰ ਖੋਲ੍ਹਣ ਦੀ ਲੋੜ ਹੈ। ਉਨ੍ਹਾਂ ਵਿਰੋਧ ਕੀਤਾ ਤੇ ਕਿਹਾ ਕਿ ਉਹ ਸਰਕਾਰ ਦਾ ਕੰਮ ਲੰਮੇ ਸਮੇਂ ਲਈ ਠੱਪ ਰੱਖ ਸਕਦੇ ਹਨ। ਮਹੀਨਿਆਂ ਜਾਂ ਸਾਲਾਂ ਲਈ।’
ਇਸੇ ਦੌਰਾਨ ਭਾਰਤੀ-ਅਮਰੀਕੀ ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਸਰਹੱਦੀ ਕੰਧ ਦੇ ਮਾਮਲੇ ‘ਚ ਰਾਸ਼ਟਰਪਤੀ ਡੋਨਲਡ ਟਰੰਪ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਮੈਕਸਿਕੋ ਦੀ ਕੌਮਾਂਤਰੀ ਸਰਹੱਦ ਨੇੜੇ ਸੁਰੱਖਿਆ ਕੰਧ ਦੀ ਹਮਾਇਤ ਕਰਦੇ ਹਨ।