ਪੰਜਾਬ ਪੁਲਿਸ ਵੱਲੋਂ ਦਿੱਲੀ ਹਵਾਈ ਅੱਡੇ ਤੋਂ ਬੱਬਰ ਖਾਲਸਾ ਕਾਰਕੁਨ ਗ੍ਰਿਫ਼ਤਾਰ ਕਰਨ ਦਾ ਦਾਅਵਾ

ਪੰਜਾਬ ਪੁਲਿਸ ਵੱਲੋਂ ਦਿੱਲੀ ਹਵਾਈ ਅੱਡੇ ਤੋਂ ਬੱਬਰ ਖਾਲਸਾ ਕਾਰਕੁਨ ਗ੍ਰਿਫ਼ਤਾਰ ਕਰਨ ਦਾ ਦਾਅਵਾ

ਮੁਹਾਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕਥਿਤ ਬੱਬਰ ਖਾਲਸਾ ਦਾ ਕਾਰਕੁਨ।
ਮੁਹਾਲੀ/ਬਿਊਰੋ ਨਿਊਜ਼ :
ਸਾਊਦੀ ਅਰਬ ਤੋਂ ਡਿਪੋਰਟ ਕਰ ਕੇ ਵਾਪਸ ਭਾਰਤ ਭੇਜੇ ਗਏ ਇਕ ਸਿੱਖ ਨੌਜਵਾਨ ਦੀ ਦਿੱਲੀ ਹਵਾਈ ਅੱਡੇ ਉਤੇ ਗ੍ਰਿਫਤਾਰੀ ਹੋਈ ਹੈ। ਪੰਜਾਬ ਪੁਲੀਸ ਦੇ ਦਾਅਵੇ ਮੁਤਾਬਕ ਉਸ ਵੱਲੋਂ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਦਿਲਾਵਰ ਸਿੰਘ ਨਾਮ ਦਾ ਸਿੱਖ ਨੌਜਵਾਨ ਬੱਬਰ ਖਾਲਸਾ ਦਾ ਕਾਰਕੁਨ ਹੈ। ਅਦਾਲਤ ਨੇ ਦਿਲਾਵਰ ਨੂੰ 11 ਜਨਵਰੀ ਤਕ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੇ ਬੀਤੇ ਵਿਚ ਕੀਤੇ ਗਏ ਅਜਿਹੇ ਬਹੁਤ ਸਾਰੇ ਦਾਅਵੇ ਅਕਸਰ ਹੀ ਝੂਠੇ ਨਿਕਲਦੇ ਰਹੇ ਹਨ। ਇਸ ਕਰ ਕੇ ਇਸ ਕੇਸ ਦੀ ਅਸਲ ਸਚਾਈ ਵੀ ਅਦਾਲਤ ਵਿਚ ਹੀ ਟਰਾਇਲ ਦੌਰਾਨ ਪਤਾ ਲੱਗ ਸਕੇਗੀ। ਦਿਲਾਵਰ ਸਿੰਘ ਖ਼ਿਲਾਫ਼ ਪਿਛਲੇ ਸਾਲ ਮੁਹਾਲੀ ਥਾਣੇ ਵਿਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮ ‘ਤੇ ਖਾਲਿਸਤਾਨ ਪੱਖੀ ਲਹਿਰ ਚਲਾਉਣ ਦਾ ਦੋਸ਼ ਹੈ।
ਥਾਣਾ ਫੇਜ਼-1 ਦੇ ਐਸਐਚਓ ਗੁਰਬੰਤ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਉਰਫ਼ ਦਿਲਾਵਰ ਸਿੰਘ ਵਾਸੀ ਪਿੰਡ ਤਾਜਪੁਰ (ਰਾਏਕੋਟ) ਖ਼ਿਲਾਫ਼ 29 ਮਈ 2017 ਨੂੰ ਦੇਸ਼ ਵਿਰੋਧੀ ਕਾਰਵਾਈਆਂ ਵਿਚ ਹਿੱਸਾ ਲੈਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਨੂੰ ਹਾਲ ਹੀ ਵਿਚ ਸਾਊਦੀ ਅਰਬ ਦੀ ਸਰਕਾਰ ਵੱਲੋਂ ਡਿਪੋਰਟ ਕਰਕੇ ਵਾਪਸ ਭਾਰਤ ਭੇਜਿਆ ਗਿਆ ਸੀ ਜਿਸ ਨੂੰ ਦਿੱਲੀ ਹਵਾਈ ਅੱਡੇ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਦਿਲਾਵਰ ਸਿੰਘ ਨੇ ਬੱਬਰ ਖਾਲਸਾ ਨਾਲ ਸਬੰਧਤ ਕਾਰਕੁਨਾਂ ਨੂੰ ਮਾਰੂ ਹਥਿਆਰ ਖਰੀਦਣ ਲਈ ਲੋੜੀਂਦੇ ਫੰਡ ਮੁਹੱਈਆ ਕਰਵਾਏ ਸਨ ਅਤੇ ਉਹ ਪਾਕਿਸਤਾਨ ਵਿਚ ਬੈਠੇ ਖਾੜਕੂਆਂ ਦੇ ਲਗਾਤਾਰ ਸੰਪਰਕ ਵਿਚ ਸੀ।
ਪੁਲੀਸ ਮੁਤਾਬਕ ਦਿਲਾਵਰ ਸਿੰਘ ਸਾਲ 2010 ਤੋਂ ਸਾਊਦੀ ਅਰਬ ਵਿਚ ਰਹਿ ਰਿਹਾ ਸੀ ਅਤੇ ਮੁਹਾਲੀ ਪੁਲੀਸ ਵੱਲੋਂ ਉਸ ਖ਼ਿਲਾਫ਼ ਰੈਡ ਕਾਰਨਰ ਨੋਟਿਸ ਜਾਰੀ ਕਰਵਾਉਣ ਉਪਰੰਤ ਉੱਥੋਂ ਦੀ ਸਰਕਾਰ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਹ ਪਿਛਲੇ 8 ਮਹੀਨਿਆਂ ਤੋਂ ਸਾਊਦੀ ਅਰਬ ਦੀ ਜੇਲ੍ਹ ਵਿਚ ਸੀ। ਜਾਣਕਾਰੀ ਅਨੁਸਾਰ ਦਿਲਾਵਰ ਦੇ ਸਾਥੀਆਂ ਨੇ ਸੰਨ 2017 ਵਿਚ ਅੰਮ੍ਰਿਤਸਰ ਅਤੇ ਆਲਮਗੀਰ ਵਿਚ ਮੀਟਿੰਗ ਕਰਕੇ ਸਿੱਖ ਕਤਲੇਆਮ ਦੇ ਦੋਸ਼ੀਆਂ ਤੇ ਸੀਨੀਅਰ ਕਾਂਗਰਸ ਆਗੂਆਂ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਸਮੇਤ ਪੰਜਾਬ ਵਿਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਬਦਲਾ ਲੈਣ ਦੀ ਸਹੁੰ ਖਾਧੀ ਸੀ। ਪੁਲੀਸ ਅਨੁਸਾਰ ਇਸ ਮਾਮਲੇ ਵਿਚ ਦਿਲਾਵਰ ਸਿੰਘ ਦੇ 11 ਹੋਰ ਸਾਥੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।