ਸ਼ਹਾਦਤਾਂ ਦੀ ਰੁੱਤ : ਆਨੰਦਪੁਰ ਦੇ ਕਿਲ੍ਹੇ ਤੋਂ ਸਰਹਿੰਦ ਦੀ ਦੀਵਾਰ ਤਕ

ਸ਼ਹਾਦਤਾਂ ਦੀ ਰੁੱਤ : ਆਨੰਦਪੁਰ ਦੇ ਕਿਲ੍ਹੇ ਤੋਂ ਸਰਹਿੰਦ ਦੀ ਦੀਵਾਰ ਤਕ

-ਮਨਜੀਤ ਸਿੰਘ ਟਿਵਾਣਾ
ਦਸੰਬਰ ਦਾ ਮਹੀਨਾ ਸਿੱਖ ਇਤਿਹਾਸ ਵਿਚ ਸ਼ਹਾਦਤਾਂ ਦੇ ਮਹੀਨੇ ਵੱਜੋਂ ਦਰਜ ਹੈ। ਇਸ ਮਹੀਨੇ ਦਾ ਸਿੱਖ ਇਤਿਹਾਸ ਆਪਣੀ ਬੁੱਕਲ ਵਿਚ ਦੁਨੀਆ ਦੀ ਤਵਾਰੀਖ ਵਿਚ ਕਿਤੇ ਨਾ ਲੱਭਣ ਵਾਲੇ ਅਜਿਹੇ ਅਨੌਖੇ ਤੇ ਹਿਰਦਾ-ਵੇਧਕ ਲਮਹੇ ਸਮੋਈ ਬੈਠਾ ਹੈ, ਕਿ ਇਕੋ ਸਮੇਂ ਇਨ੍ਹਾਂ ਲਮਹਿਆਂ ਉਤੇ ਜਿਥੇ ਮਾਣ ਹੁੰਦਾ ਹੈ, ਉਥੇ ਅੱਖਾਂ ਵੀ ਭਰ ਆਉਂਦੀਆਂ ਹਨ। ਇਤਿਹਾਸ ਵਿਚ ਇਸ ਸਮੇਂ ਦੌਰਾਨ ਗੁਰੂ ਪਿਤਾ ਦੇ ਪਰਿਵਾਰ ਉਤੇ ਝੁੱਲੇ ਜਬਰ-ਜ਼ੁਲਮ ਦੇ ਝੱਖੜ ਨੂੰ ਕਿਸੇ ਦੁਨਿਆਵੀ ਨਜ਼ਰੀਏ ਵਿਚ ਪ੍ਰਗਟ ਕਰਨਾ ਹੀ ਅਸੰਭਵ ਹੈ। ਇਹ ਸਿੱਖੀ ਸਿਦਕ ਦੇ ਰੂਹਾਨੀ ਰੰਗਾਂ ਦੇ ਪੜਾਅ ਦੀ ਉਹ ਬੁਲੰਦੀ ਹੈ, ਜਿਥੇ ਜਾ ਕੇ ਸ਼ਬਦ ਮੂਕ ਹੋ ਜਾਂਦੇ ਹਨ, ਸਭ ਕਲਮਾਂ ਤੇ ਸਭ ਬੋਲੀਆਂ ਊਣੀਆਂ ਰਹਿ ਜਾਂਦੀਆਂ ਹਨ।
ਸਿੱਖ ਇਤਿਹਾਸ ਵਿਚ ਸ਼ਹਾਦਤਾਂ ਦੇ ਲੰਮੇ ਸਫ਼ਰ ਦੀ ਭਵਿੱਖਬਾਣੀ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਜੀ ਦੇ ਪਾਵਨ ਸ਼ਬਦ।। ਜਉ ਤਉ ਪ੍ਰੇਮ ਖੇਲਣ ਕਾ ਚਾਉ£ ਸਿਰੁ ਧਰਿ ਤਲੀ ਗਲੀ ਮੇਰੀ ਆਉ£ ਇਤੁ ਮਾਰਗਿ ਪੈਰੁ ਧਰੀਜੈ£ ਸਿਰੁ ਦੀਜੈ ਕਾਣਿ ਨ ਕੀਜੈ£ ਨਾਲ ਹੀ ਹੋ ਗਈ ਸੀ। ਸਤਿਗੁਰੂ ਆਪ ਜਿਸ ਮਾਰਗ ਉਤੇ ਤੁਰੇ ਸਨ ਤੇ ਅੱਗੇ ਸਿੱਖਾਂ ਨੂੰ ਜਿਸ ਮਾਰਗ ਉਤੇ ਤੁਰਨ ਦੀ ਤਾਕੀਦ ਕਰ ਰਹੇ ਸਨ, ਉਹ ਦੁਨੀਆਂਦਾਰੀ ਦੇ ਪ੍ਰਚਲਿਤ ਰਾਹਾਂ ਤੋ ਨਿਵੇਕਲਾ ਸੀ। ਇਸ ਰਾਹ ਦੇ ਪਾਂਧੀ ਬਣਨ ਲਈ ਸਿਰ ਦੇਣ ਦੀ ਸ਼ਰਤ ਦੇ ਨਾਲ-ਨਾਲ ਗੁਰਮੁੱਖਤਾ ਵਾਲੇ ਵੱਖਰੇ ਤੇ ਨਿਆਰੇ ਜੀਵਨ ਦੇ ਧਾਰਨੀ ਵੀ ਬਣਨਾ ਪੈਣਾ ਸੀ। ਸ਼ਹਾਦਤਾਂ ਦੇ ਇਸ ਲੰਮੇ ਪੈਂਡੇ ਵਿਚ ਤੱਤੀਆਂ ਤਵੀਆਂ ਸਨ, ਚਾਂਦਨੀ ਚੌਕ ਸੀ, ਸਰਸਾ ਨਦੀ, ਚਮਕੌਰ ਦੀ ਕੱਚੀ ਗੜੀ, ਠੰਡਾ ਬੁਰਜ, ਸਰਹਿੰਦ ਦੀ ਦੀਵਾਰ ਅਤੇ ਖਿਦਰਾਣੇ ਦੀ ਢਾਬ ਸੀ।
ਗੁਰਬਾਣੀ ਅੰਦਰ ਸ਼ਹਾਦਤ ਦੇ ਜੋ ਅਰਥ ਵਿਦਮਾਨ ਹਨ, ਸਾਨੂੰ ਉਸ ਦੇ ਪਰਸੰਗ ਵਿਚ ਹੀ ਸ਼ਹਾਦਤ ਦੇ ਸਿਧਾਂਤ ਨੂੰ ਸਮਝਣਾ ਹੋਵੇਗਾ। ‘ਸ਼ਹਾਦਤ’ ਮੂਲ ਰੂਪ ਵਿਚ ਅਰਬੀ-ਫਾਰਸੀ ਦਾ ਸ਼ਬਦ ਹੈ। ਇਸਲਾਮ ਵਿਚ ਸ਼ਹਾਦਤ ਨੂੰ ਧਰਮ ਦੇ ਕਾਰਜ ਲਈ ਮੌਤ ਨੂੰ ਚੁਣਨ ਦੇ ਇਕ ਵੱਡੇ ਕਰਮ ਵੱਜੋਂ ਪ੍ਰਭਾਸ਼ਿਤ ਕੀਤਾ ਗਿਆ ਹੈ। ਸ਼ਾਬਦਿਕ ਰੂਪ ਵਿਚ ਸਿੱਖ ਧਰਮ ਅੰਦਰ ਵੀ ਸ਼ਹੀਦ ਅਤੇ ਸ਼ਹਾਦਤ ਦੇ ਇਹੋ ਅਰਥ ਲਏ ਜਾਂਦੇ ਹਨ ਪਰ ਕਾਰਜ ਜਾਂ ਕਰਮ ਦੇ ਪੱਖ ਤੋਂ ਸਿੱਖ ਦੀ ਸ਼ਹਾਦਤ ਇਸਲਾਮ ਵਿਚ ਪ੍ਰਭਾਸ਼ਿਤ ਚੌਖਟੇ ਤੋਂ ਅਮਲ ਵਿਚ ਵੀ ਤੇ ਬੁਲੰਦੀ ਵਿਚ ਵੀ ਨਿਖੱੜਦੀ ਰਹੀ ਹੈ। ਸਿੱਖ ਧਰਮ ਵਿਚ ਸ਼ਹਾਦਤ ਦਾ ਸਿਧਾਂਤ।। ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ£ ਦੀ ਵਿਚਾਰਧਾਰਾ ਨਾਲ ਰੂਪਮਾਨ ਹੁੰਦਾ ਹੈ।
ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸਮੁੱਚੇ ਪਰਿਵਾਰ ਦੀਆਂ ਸ਼ਹਾਦਤਾਂ ਦਾ ਸਮਾਂ ਇਕ ਹੀ ਦਸੰਬਰ ਮਹੀਨੇ ਵਿਚ ਆਉਣ ਕਰਕੇ ਸਿੱਖ ਇਤਿਹਾਸ ਨੇ ਇਸ ਨੂੰ ‘ਸ਼ਹਾਦਤਾਂ ਦੀ ਰੁੱਤ’ ਦਾ ਦਰਜਾ ਵੀ ਦਿੱਤਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਚਾਰ ਸਾਹਿਬਜ਼ਾਦੇ, ਮਾਤਾ ਗੁਜਰੀ ਜੀ, ਚਮਕੌਰ ਦੀ ਗੜ੍ਹੀ ਦੇ ਸ਼ਹੀਦ ਅਤੇ ਚਾਲੀ ਮੁਕਤਿਆਂ ਦੀ ਸ਼ਹੀਦੀ ਦਸੰਬਰ ਮਹੀਨੇ ਵਿਚ ਹੋਣ ਕਾਰਨ ਇਹ ਇਕ ਮਹੀਨਾ ਸਿੱਖ ਇਤਿਹਾਸ ਦੇ ਭੀਆਵਲੇ ਦਿਨਾਂ ਦੀ ਬਾਤ ਪਾਉਂਦਾ ਹੋਇਆ, ਇਕੋ ਸਮੇਂ ਡੂੰਘੀਆਂ ਉਦਾਸੀਆਂ ਵਿਚ ਤੇ ਦੁਨੀਆ ਵਿਚੋਂ ਸਭ ਤੋਂ ਨਿਰਾਲੇ ਤੇ ਨਿਆਰੇ ਫਖਰ ਦੀ ਯਾਦ ਵਿਚ ਗੋਤੇ ਲੁਆ ਜਾਂਦਾ ਹੈ।
ਸੰਨ 1704 ਦੇ ਦੇਸੀ ਮਹੀਨੇ 6 ਪੋਹ ਨੂੰ ਜਦੋਂ ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਝੂਠੀਆਂ ਕਸਮਾਂ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਇਸ ਸ਼ਹਾਦਤਾਂ ਦੀ ਰੁੱਤ ਦੀ ਸ਼ੁਰੂਆਤ ਹੋ ਗਈ ਸੀ। ਇਤਿਹਾਸ ਗਵਾਹ ਹੈ ਕਿ ਇਨ੍ਹਾਂ ਸ਼ਹਾਦਤਾਂ ਨੇ ਹਿੰਦੂਸਤਾਨ ਦੀ ਤਾਰੀਖ ਨੂੰ  ਇਨਕਲਾਬੀ ਮੋੜਾ ਦਿੱਤਾ। ਇਨ੍ਹਾਂ ਸ਼ਹੀਦੀ ਸਾਕਿਆਂ ਤੋਂ ਬਾਅਦ ਹੀ ਸੰਨ 1710 ਈ. ਵਿਚ ਸਿੱਖ ਕੌਮ ਦੀ ਪਹਿਲੀ ਸਲਤਲਤ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਖੜ੍ਹੀ ਹੁੰਦੀ ਹੈ। ਸਿੱਖ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੰਦੇ ਹਨ ਤੇ ਉਸ ਵੇਲੇ ਦੇ ਇਕ ਵੱਡੇ ਮੁਗਲ ਅੰਪਾਇਰ ਨੂੰ ਪਹਿਲੀ ਵਾਰ ਭਾਰਤ ਦੀ ਧਰਤੀ ਉਤੇ ਵੱਡਾ ਚੈਲਿੰਜ ਪੇਸ਼ ਕਰਦੇ ਹਨ। ਸਰਹਿੰਦ ਦੇ ਕਿਲ੍ਹੇ ਉਪਰ ਖਾਲਸਾਈ ਪਰਚਮ ਦਾ ਝੁਲਣਾ ਇਸ ਧਰਤੀ ਦੀ ਸਦੀਆਂ ਦੀ ਗੁਲਾਮੀ ਦਾ ਪਹਿਲਾਂ ਕਿੰਗਰਾ ਭੋਰੇ ਜਾਣ ਦੀ ਨਿਸ਼ਾਨੀ ਸੀ।
ਇਸ ਤਰ੍ਹਾਂ ਸਿੱਖਾਂ ਨੇ ਆਪਣਾ ਲਹੂ ਵਹਾ ਕੇ ਦੇਸ਼ ਦੀ ਲਗਭਗ ਛੇ ਸੌ ਸਾਲਾਂ ਦੀ ਮੁਗਲਾਂ ਦੀ ਗੁਲਾਮੀ ਨੂੰ ਤੋੜਿਆ ਤੇ ਖਾਲਸੇ ਦਾ ਰਾਜ ਸਥਾਪਿਤ ਕੀਤਾ। ਬੰਦਾ ਸਿੰਘ ਬਹਾਦਰ ਤੇ ਮਹਾਰਾਜਾ ਰਣਜੀਤ ਸਿੰੰਘ ਦੀ ਅਗਵਾਈ ਵਾਲੇ ਖਾਲਸਾ ਰਾਜ ਦੀਆਂ ਸ਼ਾਨਾਮੱਤੀਆਂ ਉਦਾਹਰਣਾਂ ਅੱਜ ਵਿਸ਼ਵ ਇਤਿਹਾਸ ਦੇ ਸੁਨਹਿਰੀ ਪੰਨਿਆਂ ਉਤੇ ਦਰਜ ਹਨ। ਇਸ ਤੋਂ ਬਾਅਦ ਅੰਗਰੇਜ਼ ਦੀ ਗੁਲਾਮੀ ਗਲੋਂ ਲਾਹੁਣ ਲਈ ਸਿੱਖ ਕੌਮ ਪੂਰੇ ਹਿੰਦੂਸਤਾਨ ਵਿਚੋਂ ਸਭ ਤੋਂ ਮੂਹਰੇ ਹੋ ਕੇ ਲੜੀ।
ਸਮੇਂ-ਸਮੇਂ ਦੌਰਾਨ ਸਿੱਖ ਕੌਮ ਨੇ ਹਮੇਸ਼ਾ ਜਬਰ-ਜ਼ੁਲਮ ਦੇ ਟਾਕਰੇ ਲਈ ਕੁਰਬਾਨੀਆਂ ਦੀ ਝੜੀ ਲਗਾ ਕੇ ਰੱਖੀ ਹੈ। ਕਦੇ ਸਿੱਖਾਂ ਨੂੰ ਘਰ-ਬਾਰ ਛੱਡ ਕੇ ਜੰਗਲਾਂ-ਬੇਲਿਆਂ ਵਿਚ ਬਸੇਰਾ ਕਰਨਾ ਪਿਆ, ਉਹ ਚਰਖੜੀਆਂ ਉਤੇ ਚੜ੍ਹਾਏ ਗਏ, ਆਰਿਆਂ ਨਾਲ ਚੀਰੇ ਗਏ, ਰੰਬੀਆਂ ਨਾਲ ਖੋਪਰ ਲਾਹ ਦਿੱਤੇ, ਗਲਾਂ ਵਿਚ ਟਾਇਰ ਪਾ-ਪਾ ਸਾੜਿਆ ਗਿਆ, ਝੂਠੇ ਪੁਲਿਸ ਮੁਕਾਬਲਿਆਂ ਵਿਚ ਕੋਹਿਆਂ ਗਿਆ ਪਰ ਸਿੱਖਾਂ ਦੇ ਸਿਦਕ ਨੇ ਕਦੇ ਹਾਰ ਨਾ ਮੰਨੀ। ਮੌਜੂਦਾ ਦੌਰ ਵਿਚ ਵੀ ਅਜਿਹੀਆਂ ਸ਼ਹਾਦਤਾਂ ਦੀ ਰੌਂਅ ਕਦੇ ਮੱਠੀ ਨਹੀਂ ਪਈ ਹੈ।
ਸਿੱਖ ਕੌਮ ਦੇ ਮੌਜੂਦਾ ਹਾਲ-ਬੇਹਾਲ ਦੀ ਘੜੀ ਵਿਚ ‘ਸ਼ਹਾਦਤਾਂ ਦੀ ਰੁੱਤ’ ਵਾਲੇ ਇਸ ਮਹੀਨੇ ਵਿਚ ਗੁਰੂ ਪਿਤਾ ਦੇ ਦਰਸਾਏ ਮਾਰਗ ਉਤੇ ਚੱਲਣ ਦਾ ਅਹਿਦ ਕਰਨ ਦੀ ਜ਼ਰੂਰਤ ਹੈ। ਗੁਰਬਾਣੀ ਦਾ ਚਾਨਣ ਤੇ ਗੁਰੂ ਸਾਹਿਬਾਨਾਂ ਦੀ ਲਾਸਾਨੀ ਘਾਲਣਾ ਦੀ ਯਾਦ ਵੱਡੇ-ਵੱਡੇ ਘੱਲੂਘਾਰਿਆਂ ਵਿਚੋਂ ਸਿੱਖ ਕੌਮ ਨੂੰ ਬਾਹਰ ਕੱਢਦੇ ਆਏ ਹਨ। ਇਹੋ ਯਾਦ ਇਨ੍ਹਾਂ ਔਖੀਆਂ ਘਾਟੀਆਂ ਵਿਚ ਵੀ ਸਮੂਹ ਖਾਲਸਾ ਪੰਥ ਦਾ ਰਾਹ ਦਸੇਰਾ ਬਣੇਗੀ। ਇਕ ਤਰ੍ਹਾਂ ਨਾਲ ਸ਼ਹਾਦਤਾਂ ਦੀ ਰੁੱਤ ਦੇ ਇਸ ਮਹੀਨੇ ਵਿਚ ਸਾਨੂੰ ਆਪਣੀ ਗੌਰਵਸ਼ਾਲੀ ਵਿਰਾਸਤ ਨਾਲ ਆਤਮਸਾਤ ਹੋਣ ਦਾ ਸਬੱਬ ਮਿਲਦਾ ਹੈ। ਇਸ ਕਰਕੇ ਇਸ ਮੌਕੇ ਕੁਰਬਾਨੀਆਂ ਭਰੇ ਇਤਿਹਾਸ ਦੇ ਉਸ ਦੌਰ ਨੂੰ ਯਾਦ ਕਰਨ ਦੇ ਨਾਲ-ਨਾਲ ਮਹਿਸੂਸ ਕਰਨ ਦੀ ਵੀ ਲੋੜ ਹੈ। ਇਹ ਝੋਰਾ ਸਾਡੀਆਂ ਬਿਰਤੀਆਂ ਦਾ ਹਿੱਸਾ ਨਹੀਂ ਬਣਨਾ ਚਾਹੀਦਾ ਕਿ ਅਸੀਂ ਥਿੜਕ ਗਏ ਹਾਂ। ਸਾਡਾ ਇਤਿਹਾਸ ਸਾਨੂੰ ਘੱਲੂਘਾਰਿਆਂ ਵਿਚੋਂ ਨਿਕਲ ਕੇ ਬਾਦਸ਼ਾਹਤਾਂ ਸਥਾਪਿਤ ਕਰਨ ਦੀ ਜਾਚ ਹੀ ਤਾਂ ਦੱਸਦਾ ਹੈ।