ਬਰਗਾੜੀ ਮੋਰਚਾ : ਪੰਥਕ ਰਾਜਨੀਤੀ ਨਾ ਉਭਰੀ, ਸੰਗਤ ਨਿਰਾਸ਼

ਬਰਗਾੜੀ ਮੋਰਚਾ : ਪੰਥਕ ਰਾਜਨੀਤੀ ਨਾ ਉਭਰੀ, ਸੰਗਤ ਨਿਰਾਸ਼

ਕੈਪਟਨ ਸਰਕਾਰ ਨੇ ਕੀਤਾ ਧੋਖਾ ; ਮੋਰਚੇ ਤੇ  ਪਾਬੰਦੀ ; ਪੁਲਿਸ ਮੁਖੀ ਸੈਣੀ  ਨੂੰ ਬਚਾਉਣ ਦੇ ਯਤਨ ਜਾਰੀ
ਬਰਗਾੜੀ/ਬਿਊਰੋ ਨਿਊਜ਼ :
1 ਜੂਨ 2018 ਤੋਂ ਸ਼ੁਰੂ ਹੋ ਕੇ 9 ਦਸੰਬਰ 2018 ਤੱਕ 6 ਮਹੀਨੇ ਤੋਂ ਵੱਧ ਸਮਾਂ ਸ਼ਾਂਤਮਈ ਢੰਗ ਨਾਲ ਚੱਲੇ ਬਰਗਾੜੀ ਮੋਰਚੇ ਦਾ ਅੰਤ ਸਿੱਖ ਪੰਥ ਲਈ ਨਿਰਾਸ਼ਾ ਦਾ ਕਾਰਨ ਬਣ ਰਿਹਾ ਹੈ। ਹਾਲਾਂ ਕਿ ਇਕ ਸਮਾਂ ਸੀ ਕਿ ਬਰਗਾੜੀ ਮੋਰਚੇ ਦੀ ਚੜ੍ਹਤ ਵਿਚੋਂ ਪੰਜਾਬੀਆਂ, ਖ਼ਾਸ ਕਰ ਸਿੱਖਾਂ ਦੀਆਂ ਆਸ਼ਾਵਾਂ ਪੂਰੀਆਂ ਕਰਨ ਵਾਲੀ ਕੋਈ ਪਾਰਟੀ ਨਿਕਲਦੀ ਨਜ਼ਰ ਆ ਰਹੀ ਸੀ। ਭਾਈ ਧਿਆਨ ਸਿੰਘ ਮੰਡ ਨੇ ਤਾਂ ਇਥੋਂ ਤੱਕ ਬਿਆਨ ਦੇ ਦਿੱਤਾ ਸੀ ਕਿ ਬਰਗਾੜੀ ਮੋਰਚਾ ਭਾਵੇਂ ਬਿਨਾ ਕੋਈ ਜਥੇਬੰਦੀ ਬਣਾਏ ਸੰਨ 2019 ਦੀਆਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦੇਵੇ ਤਾਂ ਲੋਕ ਉਨ੍ਹਾਂ ਨੂੰ ਆਪੇ ਹੀ ਜਿਤਾ ਦੇਣਗੇ। ਪਰ ਹੁਣ ਬਰਗਾੜੀ ਮੋਰਚੇ ਨੇ ਆਪਣੀ ਚੜ੍ਹਤ ਗੁਆ ਲਈ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਬਰਗਾੜੀ ਮੋਰਚੇ ਕਾਰਨ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਕਰੀਬ 27 ਵਿਅਕਤੀ ਜੇਲ੍ਹਾਂ ਵਿਚ ਪੁੱਜੇ ਹਨ। ਅਜੇ ਇਕ ਭਗੌੜਾ ਹੈ ਤੇ ਕੁਝ ਮਹੱਤਵਪੂਰਨ ਵਿਅਕਤੀਆਂ ਨੂੰ ਪ੍ਰੋਡਕਸ਼ਨ ਵਰੰਟ ‘ਤੇ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬੇਅਦਬੀ ਦਾ ਵਿਰੋਧ ਕਰਦੇ ਮਾਰੇ ਗਏ ਅਤੇ ਜ਼ਖ਼ਮੀਆਂ ਨੂੰ ਠੀਕ ਮੁਆਵਜ਼ਾ ਮਿਲਿਆ ਹੈ। ਬਾਦਲ ਦੇ ਰਾਜ ਦੀ ਅਣ-ਪਛਾਤੀ ਪੁਲਿਸ ਉੱਤੇ ਬਾਇ-ਨੇਮ ਕੇਸ ਦਰਜ ਹੋਏ ਹਨ; 295-ਏ ਤਹਿਤ ਜਿਹੜੇ ਕੇਸ ਬਣੇ ਸਨ, ਉਹ ਰੱਦ ਹੋਏ ਹਨ। ਮ੍ਰਿਤਕਾਂ ਤੇ ਜਖ਼ਮੀਆਂ ਦੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਗਿਆ ਤੇ ਜੋ ਰਹਿ ਗਏ ਹਨ ਉਨ੍ਹਾਂ ਨੂੰ ਦਿੱਤਾ ਜਾ ਰਿਹਾ ਹੈ।ਦਿਲਬਾਗ ਸਿੰਘ ਬਾਘਾ ਦੀ 26 ਸਾਲ ਬਾਅਦ ਰਿਹਾਈ ਹੋ ਰਹੀ ਹੈ। ਬਾਹਰਲੀਆਂ ਜੇਲ੍ਹਾਂ ਵਿਚ ਬੰਦ ਸਿੱਖ ਕੈਦੀਆਂ ਨੂੰ ਪੰਜਾਬ ਲਿਆਉਣ ਲਈ ਪੱਤਰ ਲਿਖੇ ਗਏ ਹਨ ।ਪੈਰੋਲ ਦਾ ਸਮਾਂ ਵਧਾ ਕੇ 16 ਹਫ਼ਤੇ ਕਰਨ ਲਈ ਕੈਬਨਿਟ ਨੇ ਫੈਸਲਾ ਲਿਆ ਹੈ। ਇਸ ਸਬੰਧ ਵਿਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਅਕਸ਼ੈ ਕੁਮਾਰ ਅਤੇ ਕੁਝ ਹੋਰ ਨਾਮਵਰ ਵਿਅਕਤੀਆਂ ਨੂੰ ਜਾਂਚ ਦੇ ਘੇਰੇ ਵਿਚ ਲਿਆ ਗਿਆ ਹੈ। ਪਰ ਇਹ ਬਰਗਾੜੀ ਮੋਰਚੇ ਦੀ ਮੁਕੰਮਲ ਜਿੱਤ ਨਹੀਂ। ਮੋਰਚੇ ਨੂੰ ਖ਼ਤਮ ਕਰਨ ਸਮੇਂ ਕਾਹਲੀ ਕੀਤੀ ਗਈ ਤੇ ਬਹੁਤ ਸਾਰੀਆਂ ਧਿਰਾਂ ਨੂੰ ਵਿਸ਼ਵਾਸ ਵਿਚ ਵੀ ਨਹੀਂ ਲਿਆ ਗਿਆ। ਮੋਰਚੇ ਦੀ ਤੀਸਰੀ ਮੰਗ ਜੋ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਦੀ ਰਿਹਾਈ ਸਬੰਧੀ ਸੀ, ਉਹ ਵੀ ਅਜੇ ਅੱਧਵਾਟੇ ਹੀ ਹੈ। ਇਸ ਤਰ੍ਹਾਂ ਦੀ ਸਥਿਤੀ ਨੇ ਮੋਰਚਾ ਚਲਾਉਣ ਵਾਲੀਆਂ ਧਿਰਾਂ ਨੂੰ ਹੀ ਪੰਥ ਦੇ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਭਾਈ ਮੰਡ ਦੀ ਸੰਤ ਦਾਦੂਵਾਲ ਨਾਲ ਅਣਬਣ ਮੋਰਚਾ ਚਲਾਉਣ ਵਾਲੀਆਂ ਧਿਰਾਂ ਦੇ ਅਕਸ ਨੂੰ ਖ਼ਰਾਬ ਕਰ ਚੁੱਕੀ ਹੈ।
ਸੂਤਰਾਂ ਅਨੁਸਾਰ ਭਾਵੇਂ ਸਰਕਾਰ ਦੇ ਮੰਤਰੀ ਮੋਰਚਾ ਖ਼ਤਮ ਕਰਵਾਉਣ ਲਈ ਬਰਗਾੜੀ ਆਏ ਪਰ ਅਸਲੀਅਤ ਇਹ ਹੈ ਕਿ ਇਨ੍ਹਾਂ ਨੂੰ ਆਉਣ ਲਈ ਮਨਾਉਣ ਵਾਸਤੇ ਵੀ ਬਰਗਾੜੀ ਮੋਰਚੇ ਦੇ ਪ੍ਰਬੰਧਕਾਂ ਵਲੋਂ ਪਹੁੰਚ ਕੀਤੀ ਗਈ ਸੀ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਮੋਰਚਾ ਖ਼ਤਮ ਕਰ ਦਿੱਤਾ ਗਿਆ। ਪਰ ਇਸ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਸਥਿਤੀਆਂ ਬਣਦੀਆਂ ਦਿਖਾਈ ਦੇ ਰਹੀਆਂ ਹਨ, ਉਹ ਇਹੀ ਪ੍ਰਭਾਵ ਦੇ ਰਹੀਆਂ ਹਨ ਕਿ ਬਰਗਾੜੀ ਮੋਰਚੇ ਵਿਚੋਂ ਸਿੱਖਾਂ ਦੀ ਕਿਸੇ ਸਰਬ ਪ੍ਰਵਾਨਿਤ ਜਥੇਬੰਦੀ ਦੇ ਉਭਰਨ ਦੀ ਬਹੁਤੀ ਆਸ ਨਹੀਂ ਹੈ।ਪਰ ਇਹ ਸੱਚ ਹੈ ਤੇ ਇਸ ਨਾਲ ਜੁੜੇ ਵਿਵਾਦ ਵੱਖ-ਵੱਖ ਬਿਆਨਾਂ ਦੇ ਰੂਪ ਵਿੱਚ ਸਾਹਮਣੇ ਆ ਰਹੇ ਹਨ। ਜਿੱਥੇ ਇੱਕ ਪਾਸੇ ਇਸ ਮੋਰਚੇ ਦੀ ਸਮਾਪਤੀ ਤੋਂ ਬਾਅਦ ਭਾਈ ਧਿਆਨ ਸਿੰਘ ਮੰਡ ਅਤੇ ਉਨ੍ਹਾਂ ਦੇ ਸਾਥੀਆਂ ਨੇ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ੁਕਰਾਨੇ ਦੀ ਅਰਦਾਸ ਕਰਨ ਮੌਕੇ ਇਸ ਮੋਰਚੇ ਦੇ ਦੂਜੇ ਪੜਾਅ ਦੀ ਰੂਪ-ਰੇਖਾ ਉਲੀਕਣ ਲਈ 20 ਦਸੰਬਰ ਨੂੰ ਫਤਿਹਗੜ੍ਹ ਸਾਹਿਬ ਵਿਖੇ ਮੀਟਿੰਗ ਸੱਦ ਲਏ ਜਾਣ ਦਾ ਐਲਾਨ ਕੀਤਾ, ਉੱਥੇ ਦੂਜੇ ਪਾਸੇ ਇਸ ਮੋਰਚੇ ਵਿੱਚ ਭਾਈ ਮੰਡ ਦੇ ਭਾਈਵਾਲ ਰਹੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਬਰਗਾੜੀ ਮੋਰਚੇ ਦੀ ਸਮਾਪਤੀ ਦੇ ਫੈਸਲੇ ਨੂੰ ਭਾਈ ਮੰਡ ਵਲੋਂ ਆਪੇ ਲਿਆ ਗਿਆ ਨਾਦਰਸ਼ਾਹੀ ਫੈਸਲਾ ਗਰਦਾਨ ਦਿੱਤਾ ਹੈ ਤੇ ਐਲਾਨ ਕੀਤਾ ਹੈ ਕਿ ਹੁਣ ਉਹ ਭਾਈ ਮੰਡ ਨਾਲ ਮਿਲ ਕੇ ਇਸ ਸੰਘਰਸ਼ ਵਿਚ ਅੱਗੇ ਸ਼ਾਮਿਲ ਨਹੀਂ ਹੋਣਗੇ। ਭਾਈ  ਦਾਦੂਵਾਲ ਨੇ ਕਿਹਾ ਕਿ ਬਰਗਾੜੀ ਮੋਰਚੇ ਦੀ ਸਮਾਪਤੀ ਦਾ ਫੈਸਲਾ ਆਪਸੀ ਸਹਿਮਤੀ ਨਾਲ ਲਿਆ ਜਾਣਾ ਚਾਹੀਦਾ ਸੀ ਜੋ ਕਿ ਨਹੀਂ ਲਿਆ ਗਿਆ ਤੇ ਇਹ ਫੈਸਲਾ ਕਾਹਲੀ ਵਿਚ ਲੈ ਲਿਆ ਗਿਆ। ਉਨ੍ਹਾਂ ਕਿਹਾ ਕਿ ਇਹ ਮੋਰਚਾ ਉਦੋਂ ਤੱਕ ਸਮਾਪਤ ਨਹੀਂ ਕਰਨਾ ਚਾਹੀਦਾ ਸੀ ਜਦੋਂ ਤੱਕ ਬੇਅਦਬੀ ਕਾਂਡ ਅਤੇ ਉਸ ਤੋਂ ਬਾਅਦ ਵਾਪਰੇ ਗੋਲੀਕਾਂਡ ਦੇ ਮੁਲਜ਼ਮਾਂ ਦੀਆਂ ਗ੍ਰਿਫਤਾਰੀਆਂ ਨਹੀਂ ਹੋ ਜਾਂਦੀਆਂ। ਉਨ੍ਹਾਂ ਕਿਹਾ ਕਿ ਆਉਣ ਵਾਲੀ 20 ਦਸੰਬਰ ਨੂੰ ਭਾਈ ਮੰਡ ਵਲੋਂ ਬਰਗਾੜੀ ਮੋਰਚੇ ਦੇ ਦੂਜੇ ਪੜਾਅ ਦੀ ਰੂਪ ਰੇਖਾ ਉਲੀਕਣ ਲਈ ਫਤਿਹਗੜ੍ਹ ਸਾਹਿਬ ਵਿਖੇ ਸੱਦੀ ਗਈ ਮੀਟਿੰਗ ਵਿੱਚ ਸ਼ਾਮਿਲ ਹੋਣ ਸਬੰਧੀ ਉਹ ਮੁੜ ਵਿਚਾਰ ਕਰਨਗੇ। ਇੱਧਰ ਦੂਜੇ ਪਾਸੇ ਭਾਈ  ਮੰਡ ਇਹ ਮੰਨਣ ਲਈ ਬਿਲਕੁਲ ਵੀ ਤਿਆਰ ਨਹੀਂ ਹਨ ਕਿ ਭਾਈ  ਦਾਦੂਵਾਲ ਅਤੇ ਅਮਰੀਕ ਸਿੰਘ ਅਜਨਾਲਾ ਤੋਂ ਇਲਾਵਾ ਭਾਈ ਜਗਤਾਰ ਸਿੰਘ ਹਵਾਰਾ ਨਾਲ ਇਸ ਮੋਰਚੇ ਦੀ ਸਮਾਪਤੀ ਨੂੰ ਲੈ ਕੇ ਉਨ੍ਹਾਂ ਦੇ ਕਿਸੇ ਤਰ੍ਹਾਂ ਦੇ ਵੀ ਕੋਈ ਮਤਭੇਦ ਹੋਏ ਹਨ। ਉਨ੍ਹਾਂ ਬਰਗਾੜੀ ਮੋਰਚੇ ਨੂੰ ਪੂਰੀ ਤਰ੍ਹਾਂ ਸਫਲ ਕਰਾਰ ਦਿੰਦਿਆਂ ਦਾਅਵਾ ਕੀਤਾ ਹੈ ਕਿ ਇਸ ਮੋਰਚੇ ਦਾ ਹੀ ਦਬਾਅ ਸੀ ਕਿ ਸਰਕਾਰ ਬਾਦਲਾਂ ਅਤੇ ਅਕਸ਼ੈ ਕੁਮਾਰ ਵਰਗੇ ਲੋਕਾਂ ਤੋਂ ਪੁਛਗਿੱਛ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮੋਰਚਾ ਜਾਰੀ ਰਹੇਗਾ। ਇਸ ਤੋਂ ਇਲਾਵਾ ਇਸ ਮੋਰਚੇ ਵਿਚ ਭਾਈਵਾਲ ਤੀਜੇ ਮੁਤਵਾਜ਼ੀ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਵੀ ਭਾਈ ਦਾਦੂਵਾਲ ਵਾਂਗ ਹੀ ਭਾਈ ਮੰਡ ਵਲੋਂ ਬਰਗਾੜੀ ਮੋਰਚੇ ਦੀ ਸਮਾਪਤੀ ਸਬੰਧੀ ਲਏ ਗਏ ਫੈਸਲੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਇਸ ਮੋਰਚੇ ਤੋਂ ਵੱਖ ਹੋ ਚੁੱਕੇ ਹਨ ਕਿਉਂਕਿ ਜਦੋਂ ਮੋਰਚਾ ਸ਼ੁਰੂ ਕੀਤਾ ਗਿਆ ਸੀ ਤਾਂ ਕੁਝ ਦਿਨ ਬਾਅਦ ਹੀ ਪੰਜਾਬ ਸਰਕਾਰ ਦੇ ਮੰਤਰੀ ਉੱਥੇ ਗੱਲਬਾਤ ਕਰਨ ਲਈ ਆਏ ਸਨ ਪਰ ਭਾਈ ਮੰਡ ਨੇ ਇਹ ਮਾਮਲਾ ਜਾਣਬੁਝ ਕੇ ਲਟਕਾਈ ਰੱਖਿਆ।
ਭਾਈ  ਦਾਦੂਵਾਲ ਨੂੰ ਮਨਾਉਣ ਲਈ ਯਤਨ ਸ਼ੁਰੂ : ਮੁਤਵਾਜ਼ੀ ਜਥੇਦਾਰਾਂ ਵਿਚਾਲੇ ਪੈਦਾ ਹੋਏ ਮਤਭੇਦਾਂ ਦਾ ਪਰਛਾਵਾਂ ਬਰਗਾੜੀ ਇਨਸਾਫ਼ ਮੋਰਚੇ ਦੇ ਦੂਜੇ ਪੜਾਅ ‘ਤੇ ਪੈ ਸਕਦਾ ਹੈ। ਇਸ ਦੌਰਾਨ ਮੋਰਚੇ ਦੇ ਪ੍ਰਬੰਧਕਾਂ ਵਲੋਂ ਨਾਰਾਜ਼ ਹੋਏ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਮਨਾਉਣ ਲਈ ਯਤਨ ਸ਼ੁਰੂ ਕੀਤੇ ਜਾ ਰਹੇ ਹਨ। ਮੋਰਚੇ ਦੇ ਪਹਿਲੇ ਪੜਾਅ ਦੀ ਸਮਾਪਤੀ ਦੇ ਫ਼ੈਸਲੇ ਨੂੰ ਲੈ ਕੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਵਿਚਾਲੇ ਮਤਭੇਦ ਉਭਰੇ ਹਨ। ਇਸ ਕਾਰਨ ਬੀਤੇ ਦਿਨੀਂ ਦੋਵੇਂ ਧਾਰਮਿਕ ਆਗੂ ਇਥੇ ਸ੍ਰੀ ਹਰਿਮੰਦਰ ਸਾਹਿਬ ਵਿਚ ਇਕੱਠੇ ਮੱਥਾ ਟੇਕਣ ਨਹੀਂ ਪੁੱਜੇ। ਭਾਈ ਧਿਆਨ ਸਿੰਘ ਮੰਡ ਨੇ ਆਖਿਆ ਕਿ ਬਾਕੀ ਜਥੇਦਾਰਾਂ ਨਾਲ ਉਨ੍ਹਾਂ ਦੇ ਕੋਈ ਮਤਭੇਦ ਨਹੀਂ ਹਨ। ਬਲਜੀਤ ਸਿੰਘ ਦਾਦੂਵਾਲ ਬਾਰੇ ਬੋਲਦਿਆਂ ਧਿਆਨ ਸਿੰਘ ਮੰਡ ਨੇ ਕਿਹਾ, “ਉਹ ਤੇ ਮੈਂ ਅਤੇ ਦੂਜੇ ਪੰਥਕ ਆਗੂਆਂ ਤੇ ਸੰਗਠਨਾਂ ਨੇ ਸਿਰ ਜੋੜ ਕੇ ਸਾਢੇ ਛੇ ਮਹੀਨੇ ਲੜਾਈ ਲੜੀ ਹੈ। ਦਾਦੂਵਾਲ ਹੁਰਾਂ ਨੇ ਇਸ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ। ਮੈਂ ਕੌਮ ਦਾ ਜਥੇਦਾਰ ਹਾਂ, ਮੈਂ ਪੂਰੀ ਕੌਮ ਅਤੇ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਕੰਮ ਕਰਨਾ ਹੈ, ਮੈਂ ਪੂਰੀ ਕੌਮ ਨੂੰ ਜਵਾਬਦੇਹ ਹਾਂ, ਇਸ ਲਈ ਮੈਂ ਕੌਮ ਵੀ ਬਚਾਉਣੀ ਹੈ ਤੇ ਪੰਜਾਬ ਵੀ।” ਜਲਦਬਾਜ਼ੀ ਵਿਚ ਮੋਰਚਾ ਖਤਮ ਕੀਤੇ ਜਾਣ ਬਾਰੇ ਮੰਡ ਨੇ ਬਲਜੀਤ ਸਿੰਘ ਦਾਦੂਵਾਲ ਦੇ ਇਲਜ਼ਾਮਾਂ ਉੱਤੇ ਸਫ਼ਾਈ ਦਿੰਦਿਆਂ ਕਿਹਾ, “ਇਹ ਸਾਡਾ ਅੰਦਰੂਨੀ ਮਸਲਾ ਹੈ, ਇਸ ਨੂੰ ਅਸੀਂ ਆਪੇ ਹੱਲ ਕਰ ਲਵਾਂਗੇ।”
ਇਸ ਦੌਰਾਨ ਯੂਨਾਈਟਿਡ ਅਕਾਲੀ ਦਲ ਦੇ ਮੁਖੀ ਭਾਈ ਮੋਹਕਮ ਸਿੰਘ ਨੇ ਆਖਿਆ ਕਿ ਉਹ ਨਾਰਾਜ਼ ਹੋਏ ਮੁਤਵਾਜ਼ੀ ਜਥੇਦਾਰਾਂ ਨੂੰ ਜਲਦੀ ਹੀ ਮਨਾ ਲੈਣਗੇ। ਉਨ੍ਹਾਂ ਆਖਿਆ ਕਿ ਮੋਰਚੇ ਦਾ ਪਹਿਲਾ ਪੜਾਅ ਸਫ਼ਲ ਰਿਹਾ ਹੈ । ਇਸ ਦੌਰਾਨ ਮੋਰਚੇ ਦੇ ਪ੍ਰਬੰਧਕਾਂ ਨੇ ਦਾਅਵਾ ਕੀਤਾ ਕਿ ਮੋਰਚੇ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਸਰਕਾਰ ਵਲੋਂ ਜਲਦੀ ਹੀ ਅਮਲ ਵਿਚ ਲਿਆਂਦਾ ਜਾਵੇਗਾ। ਇਸ ਤਹਿਤ ਜਲਦੀ ਹੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਪੱਕੀ ਰਿਹਾਈ ਹੋਣ ਦੀ ਸੰਭਾਵਨਾ ਹੈ।

ਬਾਦਲ ਦਲ ਦਾ ਬਦਲ ਨਾ ਲੱਭ ਸਕਿਆ ਮੋਰਚਾ : ਸੁਆਲ ਅਜੇ ਖੜ੍ਹਾ ਹੈ ਕਿ ਕੀ ਅਸੀਂ ਬਾਦਲ ਦਲ ਦਾ ਬਦਲ ਲੱਭ ਸਕੇ? ਜਦੋਂ ਲੱਭ ਲਵਾਂਗੇ ਤਾਂ ਸਾਡੇ ਗਲ ਹਾਰਾਂ ਨਹੀਂ ਪੈਣਗੀਆਂ। ਮੋਰਚੇ ਦੀਆਂ ਪ੍ਰਾਪਤੀਆਂ ਤੇ ਗਲਤੀਆਂ ਦੋਹਾਂ ਦਾ ਅਧਿਐਨ ਕਰਨ ਦੀ ਲੋੜ ਹੈ। ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਗੁਰੂ ਗਰੰਥ ਸਾਹਿਬ ਉਤੇ ਹਮਲਾ ਆਮ ਨਹੀਂ ਯੋਜਨਾਬੱਧ ਹੈ ਸਾਜਿਸ਼ ਹੈ। ਸਰਕਾਰਾਂ ਹਮੇਸ਼ਾ ਰਾਜਨੀਤੀ ਖੇਡਦੀਆਂ ਹਨ। ਕੀ ਉਹ ਇਸ ਮਾਮਲੇ ਵਿਚ ਇਨਸਾਫ ਕਰਨਗੀਆਂ।ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਨੇ ਕਿਹਾ ਕਿ ਪਿਛਲੇ ਦਿਨੀਂ ਸਮਾਪਤ ਹੋਏ ਬਰਗਾੜੀ ਮੋਰਚੇ ਨੂੰ ਲਗਾਉਣ ਵਾਲੇ ਜਥੇਦਾਰਾਂ ਸਮੇਤ ਹੋਰ ਆਗੂਆਂ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਭਰੋਸਾ ਨਹੀਂ ਸੀ, ਜਿਸ ਕਾਰਨ ਮੈਂ ਇਸ ਮੋਰਚੇ ਵਿਚ ਸ਼ਮੂਲੀਅਤ ਨਹੀਂ ਕੀਤੀ। ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਇਨਸਾਫ਼ ਨਾ ਦੇ ਸਮੁੱਚੀ ਸਿੱਖ ਕੌਮ ਨੂੰ ਥਕਾਇਆ ਜਾ ਰਿਹਾ ਹੈ ਅਤੇ ਘੱਟ ਗਿਣਤੀ ਨਾਲ ਲੋਕਤੰਤਰ ਹੋਣ ਦੇ ਬਾਵਜੂਦ ਧੱਕਾ ਲਗਾਤਾਰ ਜਾਰੀ ਹੈ |

ਮੋਰਚੇ ਉਤੇ ਪਾਬੰਦੀ : ਬਰਗਾੜੀ ਮੋਰਚੇ ਦੇ ਅਗਲੇ ਪੜਾਅ ਦੇ ਡਰੋਂ ਫ਼ਰੀਦਕੋਟ ਪ੍ਰਸ਼ਾਸਨ ਨੇ ਕਸਬਾ ਬਰਗਾੜੀ ਦੀ ਅਨਾਜ ਮੰਡੀ ਵਿਚ ਕਿਸੇ ਤਰ੍ਹਾਂ ਦੇ ਧਰਨੇ-ਮੁਜ਼ਾਹਰੇ ਉੱਤੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ। ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਪਾਬੰਦੀ ਦੇ ਆਦੇਸ਼ ਉਪ ਮੰਡਲ ਮੈਜਿਸਟ੍ਰੇਟ ਜੈਤੋ ਤੇ ਐਸਐਚਓ ਬਾਜਾਖਾਨਾ ਨੂੰ ਭੇਜ ਕੇ ਸਖ਼ਤੀ ਨਾਲ ਅਮਲ ਕਰਨ ਲਈ ਕਿਹਾ ਹੈ। ਇਹ ਹੁਕਮ ਅਗਲੇ ਸਾਲ ਫਰਵਰੀ ਤਕ ਜਾਰੀ ਰਹਿਣਗੇ। ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਪ੍ਰਸ਼ਾਸਨ ਨੂੰ ਭੈਅ ਸਤਾ ਰਿਹਾ ਹੈ ਕਿ ਪੰਥਕ ਮੋਰਚੇ ਦੇ ਆਗੂ ਮੁੜ ਬਰਗਾੜੀ ਦੀ ਅਨਾਜ ਮੰਡੀ ਵਿਚ ਡੇਰੇ ਨਾ ਲਾ ਲੈਣ, ਇਸ ਕਰ ਕੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ।
ਬਚਾਇਆ ਜਾ ਰਿਹਾ ਏ ਸਾਬਕਾ ਪੁਲਿਸ ਮੁਖੀ ਸੈਣੀ ਨੂੰ : ਪੰਜਾਬ ਸਰਕਾਰ ਨੇ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦਾ ਵਿਰੋਧ ਕਰ ਰਹੇ ਸਿੱਖਾਂ ‘ਤੇ ਪੁਲਿਸ ਤਸ਼ੱਦਦ ਕਰਨ ਤੇ ਗੋਲੀ ਚਲਾਉਣ ਦੇ ਮਾਮਲੇ ਦੀ ਜੋ ਜਾਂਚ ਐਡੀਸ਼ਨਲ ਡੀਜੀਪੀ. ਪ੍ਰਬੋਧ ਕੁਮਾਰ ਦੀ ਅਗਵਾਈ ਵਿਚ ਬਣਾਈ 5 ਮੈਂਬਰੀ ਵਿਸ਼ੇਸ਼ ਜਾਂਚ ਟੀਮ ਨੂੰ ਦਿੱਤੀ ਸੀ, ਉਸ ਦਾ ਕੰਮ ਇਕ ਤਰ੍ਹਾਂ ਨਾਲ ਠੱਪ ਹੋ ਗਿਆ ਹੈ। ਸਾਬਕਾ ਪੁਲਿਸ ਮੁਖੀ ਸ੍ਰੀ ਸੁਮੇਧ ਸੈਣੀ ਨੂੰ ਪੁੱਛਗਿੱਛ ਲਈ ਬੁਲਾਏ ਜਾਣ ਦੇ ਮੁੱਦੇ ‘ਤੇ ਮੁੱਖ ਮੰਤਰੀ ਸਕੱਤਰੇਤ ਪੱਧਰ ‘ਤੇ ਚੁੱਪੀ ਚੱਲ ਰਹੀ ਹੈ, ਜਿਸ ਕਾਰਨ ਜਾਂਚ ਟੀਮ ਦਾ ਕੰਮ ਇਕ ਤਰ੍ਹਾਂ ਨਾਲ ਠੱਪ ਹੋ ਗਿਆ ਹੈ। ਪੁਲਿਸ ਹਲਕਿਆਂ ਦਾ ਮੰਨਣਾ ਹੈ ਕਿ  ਸੈਣੀ ਇਸ ਜਾਂਚ ਲਈ ਸਭ ਤੋਂ ਮਹੱਤਵਪੂਰਨ ਗਵਾਹ ਹਨ ਕਿਉਂਕਿ ਉਹ ਉਸ ਮੌਕੇ ਸੂਬੇ ਦੇ ਪੁਲਿਸ ਮੁਖੀ ਸਨ ਅਤੇ ਉਹ ਹੀ ਦੱਸ ਸਕਦੇ ਹਨ ਕਿ ਪੁਲਿਸ ਕਾਰਵਾਈ ਕਿਸ ਦੇ ਆਦੇਸ਼ ‘ਤੇ ਹੋਈ ਅਤੇ ਗੋਲੀ ਆਦਿ ਚਲਾਉਣ ਦੇ ਆਦੇਸ਼ ਕਿਸ ਪੱਧਰ ‘ਤੇ ਹੋਏ। ਹੁਣ ਕੈਪਟਨ ਸਰਕਾਰ ਕਿਸ ਦਬਾਅ ਹੇਠ ਇਸ ਜਾਂਚ ਨੂੰ ਅੱਗੇ ਤੋਰਨ ਤੋਂ ਰੁਕ ਗਈ ਹੈ ਜਦੋਂ ਕਿ ਮੁੱਖ ਮੰਤਰੀ ਚੋਣਾਂ ਤੋਂ ਪਹਿਲਾਂ ਅਤੇ ਚੋਣਾਂ ਤੋਂ ਬਾਅਦ ਲਗਾਤਾਰ ਬਿਨਾ ਦੇਰੀ ਜਾਂਚ ਕਰਾਉਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਦਾਅਵੇ ਕਰਦੇ ਰਹੇ ਹਨ। ਸਿਆਸੀ ਹਲਕਿਆਂ ਵਿਚ ਇਹ ਵੀ ਚਰਚਾ ਹੈ ਕਿ ਸੁਮੇਧ ਸੈਣੀ ਵਲੋਂ ਲੁਧਿਆਣਾ ਸਿਟੀ ਸੈਂਟਰ ਕੇਸ ਵਿਚ ਪਾਰਟੀ ਬਣਨ ਅਤੇ ਕੁਝ ਮਹੱਤਵਪੂਰਨ ਤੱਥ ਸਾਹਮਣੇ ਲਿਆਉਣ ਸਬੰਧੀ ਦਾਇਰ ਕੀਤੀ ਅਦਾਲਤ ਵਿਚ ਅਰਜ਼ੀ ਨੇ ਵੀ ਮੁੱਖ ਮੰਤਰੀ ਸਕੱਤਰੇਤ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ।|
ਸੋਸ਼ਲ ਮੀਡੀਆ ਉਤੇ ਸਖਤ ਵਿਰੋਧ : ਗੁਰਦਿਆਲ ਸਿੰਘ ਮਿਆਨੀ ਲਿਖਦੇ ਹਨ ਕਿ ਜਿਨ੍ਹਾਂ ਸੰਗਤਾਂ ਨੇ ਮੋਰਚੇ ਨੂੰ ਸਫਲ ਬਣਾਇਆ, ਮੋਰਚੇ ਦੀ ਸਮਾਪਤੀ ਤੋਂ ਪਹਿਲਾਂ ਉਸ ਸੰਗਤ ਦੀ ਰਾਏ ਕਿਉਂ ਨਹੀਂ ਜਾਣੀ ਗਈ।

ਚਮਕੌਰ ਸਿੰਘ ਸੰਧੂ ਆਖਦੇ  ਹਨ ਕਿ ਹਰ ਵਾਰ ਸਰਕਾਰ ਨੇ ਸਿੱਖਾਂ ਨੂੰ ਧੋਖਾ ਦਿਤਾ ਹੈ ਅਤੇ ਇਸ ਵਾਰ ਵੀ ਇਹੋ ਹੋਵੇਗਾ।|

ਮਨਜਿੰਦਰ ਸਿੰਘ ਭੱਠਲ ਆਖਦੇ  ਹਨ ਕਿ ਪੰਥ ਨੂੰ ਗੁਰੂ ਸਾਹਿਬ ਜੀ ਨੇ ਧਰਮ ਨਾਲ ਰਾਜਨੀਤੀ ਵੀ ਬਖ਼ਸ਼ੀ ਹੈ। ਜੇਕਰ ਪੰਥ ਨੇ ਆਗੂਆਂ ਦਾ ਸਾਥ ਦਿੱਤਾ ਹੈ ਤੇ ਆਗੂਆਂ ਨੂੰ ਵੀ ਪੰਥ ਦੀਆ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ ਹੈ।

ਕਰਮਜੀਤ ਸਿੰਘ ਪੱਤਰਕਾਰ ਚੰਡੀਗੜ੍ਹ ਤੋਂ ਆਖਦੇ ਹਨ ਕਿ ਮੰਡ ਸਾਹਿਬ ਦ੍ਰਿੜ ਸਨ ਅਤੇ ਇਸ ਕਰਕੇ ਮੋਰਚਾ ਹੈਰਾਨ-ਜਨਕ ਹੱਦ ਤਕ ਚੜ੍ਹਦੀ ਕਲਾ ਵਿਚ ਜਾ ਰਿਹਾ ਸੀ। ਸਹਿਯੋਗੀ ਪਾਰਟੀਆਂ ਦਾ ਵਜੂਦ ਇਕ ਤਰ੍ਹਾਂ ਨਾਲ ਬੇਅਸਰ ਹੋ ਗਿਆ ਸੀ ਪਰ ਫਿਰ ਵੀ ਉਹ ਮੰਡ ਸਾਹਿਬ ਦੀ ਦ੍ਰਿੜ੍ਹਤਾ ਕਾਰਨ ਨਾਲ ਚੱਲਣ ਲਈ ਮਜਬੂਰ ਵੀ ਸਨ ਅਤੇ ਜਕੋ-ਤਕੀ ਵਿਚ ਵੀ ਸਨ। ਇਹ ਹਾਲਤ ਲਗਾਤਾਰ ਬਣੀ ਹੋਈ ਸੀ। ਪਰ ਅਖੀਰਲੇ ਦਿਨਾਂ ਵਿਚ ਕੀ ਭਾਣਾ ਵਾਪਰਿਆ ਕਿ ਮੰਡ ਸਾਹਿਬ ਨੇ ਹਥਿਆਰ ਸੁੱਟ ਦਿੱਤੇ। ਕੋਈ ਲਿਖਤੀ ਭਰੋਸਾ ਵੀ ਨਾ ਲਿਆ। ਸਿੱਟ ਦੀ ਰਿਪੋਰਟ ਵੀ ਨਾ ਉਡੀਕੀ।ਇਹ ਕਾਹਲ ਕਿਉਂ ਹੋਈ? ਜੇ ਮੰਡ ਸਾਹਿਬ ਇਕ ਵਾਰ ਮੁੜ ਦ੍ਰਿੜ੍ਹਤਾ ਵਿਖਾਉਂਦੇ ਤਾਂ ਭਾਵੇਂ ਸਾਰੇ ਸਾਥ ਛੱਡ ਜਾਂਦੇ ਪਰ ਕੌਮ ਨੇ ਨਾਲ ਖਲੋਣਾ ਸੀ ਅਤੇ ਜਥੇਬੰਦੀਆਂ ਵੀ ਭੱਜ ਨਹੀਂ ਸੀ ਸਕਦੀਆਂ। ਇਕ ਵੱਡਾ ਇਤਿਹਾਸ ਬਣਨਾ ਸੀ। ਅਸੀਂ ਫਿਰ ਜਿੱਤ ਕੇ ਹਾਰ ਗਏ।ਮੰਡ ਸਾਹਿਬ ਅਖੀਰ ਉਤੇ ਥਿੜ੍ਹਕੇ ਜ਼ਰੂਰ ਹਨ।

ਸੁਖਦੇਵ ਲੇਹਿਲ ਲਿਖਦੇ ਹਨ ਕਿ ਬਰਗਾੜੀ ਵਿੱਚੋਂ ਨਿਕਲਿਆ ਕੀ ਸਿਵਾਏ ਲੱਖਾਂ ਰੁਪਏ ਦੇ ਖਰਚੇ ਦੇ ਅਤੇ ਸੰਗਤ ਖੱਜਲ-ਖੁਆਰ ਹੋਈ ਵਾਧੂ ਦੀ। ਹੁਣ ਆਉਣ ਵਾਲਾ ਕਾਫੀ ਸਮਾਂ ਉਲ਼ਾਮ੍ਹਿਆਂ ਵਿਚ ਤੇ ਗਾਲ਼ਾਂ ਕੱਢਣ ਵਿਚ ਲੰਘ ਜਾਣਾ। ਹੁਣ ਸੰਗਤ ਕਿਧਰ ਜਾਏ, ਕਿਸ ਦੀ ਬਾਂਹ ਫੜੇ। ਲੋਕ ਕਹਿੰਦੇ ਸਨ ਕਿ ਸ. ਅਮਰਿੰਦਰ ਸਿੰਘ, ਸ. ਸਿਮਰਨਜੀਤ ਸਿੰਘ ਮਾਨ ਅਤੇ ਸ. ਪਰਕਾਸ਼ ਸਿੰਘ ਬਾਦਲ ਇਹ ਤਿੰਨੇ ਅੰਦਰੋਂ ਇੱਕ ਹਨ ਅਤੇ ਇਹ ਮੋਰਚਾ ਉਹਨਾ ਦੇ ਹੱਥ ਵੱਸ ਹੈ। ਇਧਰੋਂ ਮੋਰਚਾ ਮੁੱਕ ਗਿਆ ਉੱਧਰ ਬਾਦਲ ਸਾਹਿਬ ਨਾਲ ਆਪਣਾ ਲਾਣਾ ਲੈਕੇ ਮੁਆਫੀ ਮੰਗ ਆਏ। ਇਹ ਦੋਵੇਂ ਗੱਲਾਂ ਕੱਠੀਆਂ ਕਿਵੇਂ ਹੋ ਗਈਆਂ। ਇਹ ਹੈ ਰਣਨੀਤੀ ਹੰਢੇ ਹੋਏ ਲੋਕਾਂ ਦੀ ਅਤੇ ਸਾਡੇ ਜਥੇਦਾਰ ਸੰਗਤ ਨੂੰ ਭੰਬਲ਼ਭੂਸੇ ਵਿਚ ਪਾਉਣ ਲਈ ਮੋਹਰੇ ਰੱਖ ਲਏ। ਇਹ ਪੰਜਾਬ ਦੀ ਤਰਾਸਦੀ ਹੈ।

ਜੀਐਸ ਖੇਮਕਰਨ ਲਿਖਦੇ ਹਨ ਕਿ ਮੁੱਕਦੀ ਗੱਲ ਇਹ ਆ ਕਿ ਹੁਣ ਇਲੈਕਸ਼ਨ ਆਉਂਦੀ ਦਿਸਦੀ ਆ ਤੇ ਏਹੋ ਬੰਦੇ ਸਰਕਾਰਾਂ ਨੇ ਵਰਤਣੇ ਨੇ, ਛੇਤੀ ਛੇਤੀ ਵਿਹਲੇ ਕਰ ਲਏ। ਇਹਨਾਂ ਤਾਂ ਇਕੱਠ ਵੇਖ ਕੇ ਹਵਾਰਾ ਸਾਹਬ ਨੂੰ ਵੀ ਭੁਲਾ ਦਿੱਤਾ ਸੀ । ਕਸੂਰ ਇਹਨਾਂ ਦਾ ਨਹੀਂ ਸਾਡੀ ਕੌਮ ਵਿਚ ਘਾਟ ਆ, ਉਹ ਹਰ ਵਾਰ ਚੱਲ ਚੁੱਕੇ ਪਟਾਕਿਆਂ ਵਿਚ ਮਸਾਲਾ ਭਰਨ ਦੀ ਕੋਸ਼ਿਸ਼ ਕਰਦੇ ਹਨ ।
ਤੇਜਿੰਦਰ ਸਿੰਘ ਲਿਖਦੇ ਹਨ ਕਿ ਸਿੱਖਾਂ ਨੂੰ ਸਰਬੱਤ ਖਾਲਸੇ ਤੋਂ ਬਾਅਦ ਸਮਝ ਆ ਜਾਣੀ ਚਾਹਦੀ ਸੀ।
ਸੰਤ ਸਿੰਘ ਸਿੱਧੂ ਆਖਦੇ ਹਨ ਕਿ ਇਹ ਬੇਅਦਬੀ ਮੋਰਚਾ ਭਾਈ ਪੰਥਪ੍ਰੀਤ ਸਿੰਘ ਅਤੇ ਰਣਜੀਤ ਸਿੰਘ ਅਤੇ ਹੋਰ ਸਿੰਘਾਂ ਨੇ ਗੈਰ ਸਿਆਸੀ ਨਿਰੋਲ ਧਾਰਮਿਕ ਸ਼ੁਰੂ ਕੀਤਾ ਸੀ ਪਰ ਪਰ ਦਾਦੂਵਾਲ ਅਤੇ ਮਾਨ ਦਲ ਨੇ ਅਗਵਾ ਕਰ ਲਿਆ ਸੀ ……ਇਹ ਦੋਵੇਂ ਬਿਆਸ ਵਾਲੇ ਨਾਲ ਗੁਪਤ ਮੀਟਿੰਗਾਂ ਕਰਦੇ ਰਹੇ ਹਨ। ਵੈਸੇ ਦਾਦੂਵਾਲ ਦਾ ਤਾਂ ਬਿਆਸ ਵਾਲਾ ਦੂਸਰੇ ਵਿਆਹ ਦਾ ਵਿਚੋਲਾ ਵੀ ਹੈ ……ਕੌਮ ਇਹਨਾਂ ਕੋਲੋਂ ਕੀ ਭਾਲਦੀ ਹੈ …ਭਾਈ ਮੰਡ ਵਿਚ ਕੁਝ ਦਮ ਦਿਸਦਾ ਸੀ ਪਰ ਰਾਹੂ ਤੇ ਕੇਤੂ ਨੇ ਪੇਸ਼ ਨਹੀਂ ਜਾਣ ਦਿੱਤੀ, ਮਾਨ ਵੀ ਕੀ ਕਰੇ। ਓਧਰੋਂ ਸਾਲੀ ਫੋਨ ਤੇ ਫੋਨ ਕਰ ਰਹੀ ਸੀ ਕੇ ਮੋਰਚਾ ਚੁਕਵਾਓ।