ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੀ ਗੁਰਦਾਸਪੁਰ ਰੈਲੀ ‘ਚ ਪਿਆ ਰੌਲਾ

ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੀ ਗੁਰਦਾਸਪੁਰ ਰੈਲੀ ‘ਚ ਪਿਆ ਰੌਲਾ

‘ਚੌਕੀਦਾਰ ਹੀ ਚੋਰ ਹੈ’ ਦੇ ਨਾਹਰੇ ਗੂੰਜੇ
ਗੁਰਦਾਸਪੁਰ/ਬਿਊਰੋ ਨਿਊਜ਼ :
ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪੰਜਾਬ ਦੇ ਗੁਰਦਾਸਪੁਰ ਵਿਖੇ ਕੀਤੀ ਗਈ ਰੈਲੀ ‘ਚ ਪਿਆ ਕਾਫੀ ਰੌਲਾ-ਰੱਪਾ ਪੈਣ ਤੋਂ ਬਾਅਦ ਪੁਲਿਸ ਨੇ ਰੋਸ ਪ੍ਰਗਟਾਵਾ ਕਰ ਰਹੇ ਕਈ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰੈਲੀ ਦੌਰਾਨ ਉਨ੍ਹਾਂ ਦੇ ਭਾਸ਼ਣ ਦੇਣ ਸਮੇਂ ਕੁਝ ਨੌਜਵਾਨਾਂ ਨੇ ਵਿਰੋਧ ਕੀਤਾ। ਨੌਜਵਾਨਾਂ ਨੇ ਮੋਦੀ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਤੇ “ਚੋਰ ਹੈ ਚੋਰ ਹੈ” ਦੇ ਨਾਅਰੇ ਵੀ ਲਾਏ। ਪੁਲਿਸ ਨੇ ਹੰਗਾਮਾ ਕਰਨ ਵਾਲੇ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ।
ਪ੍ਰਾਪਤ ਜਾਣਕਾਰੀ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰੈਲੀ ਤੋਂ ਪਹਿਲਾਂ ਸਵੇਰ ਸਮੇਂ ਜਲੰਧਰ ਵਿਚ ਵੀ ਕੁਝ ਨੌਜਵਾਨਾਂ ਨੇ ਹੰਗਾਮੇ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਇਹ ਨੌਜਵਾਨ ਯੂਥ ਕਾਂਗਰਸ ਦੇ ਨਾਲ ਸਬੰਧਤ ਦੱਸੇ ਜਾਂਦੇ ਹਨ।
ਗੁਰਦਾਸਪੁਰ ਵਿਚ ਰੈਲੀ ਸ਼ੁਰੂ ਹੋਣ ਮਗਰੋਂ ਜਿਸ ਸਮੇਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣਾ ਭਾਸ਼ਣ ਦੇ ਰਹੇ ਸਨ ਤਾਂ ਪੰਡਾਲ ਵਿਚ ਮੌਜੂਦ ਕੁਝ ਨੌਜਵਾਨਾਂ ਨੇ ਆਪਣੀ ਜੇਬ ਵਿਚੋਂ ਕਾਲੀਆਂ ਝੰਡੀਆਂ ਕੱਢੀਆਂ ਤੇ ਪੀਐਮ ਨੂੰ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਨਾਲ ਹੀ ਉਨ੍ਹਾਂ “ਚੋਰ ਹੈ, ਚੋਰ ਹੈ“ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਪੁਲਿਸ ਨੇ ਤੁਰੰਤ ਉਨ੍ਹਾਂ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ। ਬਾਅਦ ਵਿਚ ਪਤਾ ਲੱਗਾ ਕਿ ਉਹ ਕਾਂਗਰਸ ਦੇ ਵਿਦਿਆਰਥੀ ਵਿੰਗ ਐਨਐਸਯੂਆਈ ਦੇ ਕਾਰਕੁੰਨ ਸਨ।
ਮੋਦੀ ਨੇ ਗੁਰਦਾਸਪੁਰ ਵਿੱਚ 34 ਮਿੰਟ ਲੰਮਾ ਭਾਸ਼ਣ ਦਿੱਤਾ ਤੇ ਹਰ ਗੱਲ ਨਾਲ ਕਾਂਗਰਸ ਨੂੰ ਨਿਸ਼ਾਨੇ ‘ਤੇ ਲਿਆ ਪਰ ਪੰਜਾਬ ਲਈ ਕੋਈ ਨਵੇਂ ਵਿਕਾਸ ਪ੍ਰਾਜੈਕਟ ਜਾਂ ਕੋਈ ਵਿਸ਼ੇਸ਼ ਪੈਕੇਜ ਆਦਿ ਨਹੀਂ ਐਲਾਨਿਆ। ਮੋਦੀ ਨੇ ਕਰਤਾਰਪੁਰ ਸਾਹਿਬ ਗਲਿਆਰੇ ਦੇ ਮੁੱਦੇ ਤੋਂ ਲੈ ਕੇ ਸੰਨ 1984 ਸਿੱਖ ਕਤਲੇਆਮ ਤਕ ਕਾਂਗਰਸ ਨੂੰ ਖ਼ੂਬ ਰਗੜੇ ਲਾਏ ਪਰ ਕਿਸਾਨੀ ਤ੍ਰਾਸਦੀ, ਪਾਣੀ ਤੇ ਆਰਥਿਕ ਸੰਕਟ ਦੇ ਹੱਲ ਵਜੋਂ ਮੋਦੀ ਨੇ ਕੁਝ ਨਾ ਦਿੱਤਾ। ਸਿਰਫ਼ ਇੰਨਾ ਕਿਹਾ ਕਿ ਪੰਜਾਬ ਵਿੱਚ ਕਈ ਪ੍ਰਾਜੈਕਟ ਚੱਲ ਰਹੇ ਹਨ ਤੇ ਸੂਬਾ ਸਰਕਾਰ ਨੂੰ ਕੇਂਦਰ ਦੀਆਂ ਸਕੀਮਾਂ ਛੇਤੀ ਪੂਰੀਆਂ ਕਰਨੀਆਂ ਚਾਹੀਦੀਆਂ ਹਨ।
ਮੋਦੀ ਨੇ ਕਰਤਾਰਪੁਰ ਸਾਹਿਬ ਲਾਂਘੇ ਦਾ ਕ੍ਰੈਡਿਟ ਆਪਣੀ ਸਰਕਾਰ ਨੂੰ ਦਿੰਦਿਆਂ ਕਿਹਾ ਕਿ ਚਾਰ ਕਿਲੋਮੀਟਰ ਦੇ ਫਰਕ ਲਈ ਸਿਰਫ਼ ਕਾਂਗਰਸ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਹੁਣ ਕੇਂਦਰ ਸਰਕਾਰ ਕਰਤਾਰਪੁਰ ਸਾਹਿਬ ਲਈ ਬੇਹੱਦ ਸ਼ਾਨਦਾਰ ਕੌਰੀਡੋਰ ਬਣਾਏਗੀ। ਮੋਦੀ ਨੇ ਸੰਨ 1984 ਸਿੱਖ ਕਤਲੇਆਮ ਦੇ ਸੰਦਰਭ ਵਿਚ ਕਮਲ ਨਾਥ ਦਾ ਨਾਂ ਲਏ ਬਗ਼ੈਰ ਕਿਹਾ ਕਿ ਜੋ ਲੋਕ ਦੰਗਾ ਮੁਲਜ਼ਮ ਨੂੰ ਸੀਐਮ ਬਣਾਉਂਦੇ ਹਨ, ਦੇਸ਼ ਨੂੰ ਉਨ੍ਹਾਂ ਤੋਂ ਚੌਕਸ ਰਹਿਣ ਦੀ ਲੋੜ ਹੈ। ਮੋਦੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਪੂਰੀ ਦੁਨੀਆ ਵਿਚ ਪਹੁੰਚਾਇਆ ਜਾਵੇਗਾ।
ਪ੍ਰਧਾਨ ਮੰਤਰੀ ਨੇ ਕਿਸਾਨੀ ਮਸਲਿਆਂ ‘ਤੇ ਵੀ ਕਾਂਗਰਸ ‘ਤੇ ਖ਼ੂਬ ਨਿਸ਼ਾਨੇ ਲਾਏ। ਉਨ੍ਹਾਂ ਕਿਹਾ ਕਿ 70 ਸਾਲਾਂ ਤੋਂ ਕਿਸਾਨਾਂ ਦਾ ਕੁਝ ਫਾਇਦਾ ਨਾ ਕਰਨ ਵਾਲੇ ਅੱਜ ਵੀ ਕਿਸਾਨਾਂ ਨੂੰ ਧੋਖਾ ਦੇ ਰਹੇ ਹਨ। ਉਨ੍ਹਾਂ ਇੱਕ ਵਾਰ ਫਿਰ ਕੈਪਟਨ ਸਰਕਾਰ ਦੀ ਕਰਜ਼ ਮੁਆਫ਼ੀ ‘ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਪੰਜਾਬ ‘ਚ ਕਿਸਾਨਾਂ ਦਾ ਸਾਰਾ ਕਰਜ਼ ਮੁਆਫ਼ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਇਹ ਨਹੀਂ ਕੀਤਾ। ਉਨ੍ਹਾਂ ਸੰਸਦ ਵਿੱਚ ਕਰਜ਼ ਮੁਆਫ਼ੀ ਬਾਰੇ ਰਿਕਾਰਡ ਲੈ ਕੇ ਗਏ ਸੁਨੀਲ ਜਾਖੜ ‘ਤੇ ਵੀ ਤਨਜ਼ ਕਸਦਿਆਂ ਕਿਹਾ ਕਿ ਡੇਢ ਸਾਲ ਵਿਚ 3400 ਕਰੋੜ ਦਾ ਕਰਜ਼ ਮੁਆਫ ਪਰ ਕਿਸਾਨ ਤਾਂ ਭੋਲਾ-ਭਾਲਾ ਹੈ।
ਮੋਦੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਹੈ ਤੇ ਕਾਂਗਰਸ ਹਮੇਸ਼ਾ ਲਾਰੇ ਹੀ ਲਾਏ। ਉਨ੍ਹਾਂ ਪੰਜਾਬ ਲਈ ਸ਼ਾਹਪੁਰ ਕੰਢੀ ਬੰਨ੍ਹ ਸ਼ੁਰੂ ਕੀਤੇ ਜਾਣ, 11 ਲੱਖ ਮੁਫ਼ਤ ਰਸੋਈ ਗੈਸ ਕੁਨੈਕਸ਼ਨ ਵੰਡਣ ਤੇ ਧਾਰਮਿਕ ਅਦਾਰਿਆਂ ਨੂੰ ਜੀਐਸਟੀ ਮੁਕਤ ਕਰਨ ‘ਤੇ ਆਪਣੀ ਸਰਕਾਰ ਦੀ ਪਿੱਠ ਵੀ ਥਾਪੜੀ। ਮੋਦੀ ਦੀ ਰੈਲੀ ਵਿਚ ਜਿੱਥੇ ਭਾਜਪਾ ਦੀ ਸੂਬਾਈ ਲੀਡਰਸ਼ਿਪ ਤੇ ਅਕਾਲੀ ਨੇਤਾ ਵੀ ਹਾਜ਼ਰ ਸਨ ਪਰ ਪਰਕਾਸ਼ ਸਿੰਘ ਬਾਦਲ ਸਿਹਤ ਠੀਕ ਨਾ ਹੋਣ ਕਾਰਨ ਗ਼ੈਰ ਹਾਜ਼ਰ ਰਹੇ, ਜੋ ਚਰਚਾ ਦਾ ਵਿਸ਼ਾ ਰਿਹਾ।