ਮੁਸਲਿਮ ਫੈਡਰੇਸ਼ਨ ਦੇ ਮੈਂਬਰਾਂ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਮੁਸਲਿਮ ਫੈਡਰੇਸ਼ਨ ਦੇ ਮੈਂਬਰਾਂ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਸ਼੍ਰੋਮਣੀ ਕਮੇਟੀ ਦਫਤਰ ਵਿਚ ਮੁਸਲਿਮ ਫੈਡਰੇਸ਼ਨ ਆਫ ਅਮਰੀਕਾ ਦੇ ਮੈਂਬਰਾਂ ਦਾ ਸਨਮਾਨ ਕਰਦੇ ਹੋਏ ਸੁਰਜੀਤ ਸਿੰਘ ਭਿੱਟੇਵੱਡ ਤੇ ਹੋਰ।

ਅੰਮ੍ਰਿਤਸਰ/ਬਿਊਰੋ ਨਿਊਜ਼ :

ਮੁਸਲਿਮ ਫੈਡਰੇਸ਼ਨ ਆਫ ਅਮਰੀਕਾ ਦੇ ਮੈਂਬਰਾਂ ਦੇ ਇਕ ਵਫ਼ਦ ਨੇ ਸਿੱਖ ਕੌਮ ਦੇ ਸਮੁੱਚੀ ਮਨੁੱਖਤਾ ਲਈ ਕੀਤੇ ਜਾ ਰਹੇ ਭਲਾਈ ਕਾਰਜਾਂ ਦੀ ਭਰਵੀਂ ਸ਼ਲਾਘਾ ਕੀਤੀ ਹੈ। ਇਹ ਵਫਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਨਤਮਸਤਕ ਹੋਇਆ। ਵਫ਼ਦ ਵਿਚ ਪ੍ਰਧਾਨ ਡਾ. ਏਐਸ ਨਕਾਦਾ, ਮੈਂਬਰ ਡਾ. ਅਸਲਮ ਅਬਦੁੱਲਾ, ਡਾ. ਰਜ਼ੀਆ, ਸ੍ਰੀ ਸਿਰਾਜ ਠਾਕੋਰ, ਸ੍ਰੀ ਅਯੂਬ ਖਾਨ, ਸ੍ਰੀ ਖ਼ੁਤਬਉਦੀਨ, ਡਾ. ਇਕਬਾਲ ਅਹਿਮਦ ਸ਼ਾਮਲ ਸਨ। ਉਨ•ਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ-ਦੀਦਾਰੇ ਕੀਤੇ ਅਤੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਵਫ਼ਦ ਦੇ ਮੈਂਬਰਾਂ ਨੇ ਸਮੁੱਚੀ ਸਿੱਖ ਕੌਮ ਵੱਲੋਂ ਵਿਸ਼ਵ ਦੇ ਵੱਖ-ਵੱਖ ਦੇਸ਼ਾਂ, ਥਾਵਾਂ ਵਿਖੇ ਕੀਤੇ ਜਾ ਰਹੇ ਮਨੁੱਖਤਾ ਦੀ ਭਲਾਈ ਦੇ ਕਾਰਜਾਂ ਲਈ ਧੰਨਵਾਦ ਕੀਤਾ। ਉਨ•ਾਂ ਦੱਸਿਆ ਕਿ ਸਿੱਖਾਂ ਵੱਲੋਂ ਲੋੜਵੰਦਾਂ ਤਕ ਲੰਗਰ ਪਹੁੰਚਾਏ ਜਾਣ ਤੋਂ ਬਹੁਤ ਪ੍ਰਭਾਵਿਤ ਹਨ ਅਤੇ ਉਨ•ਾਂ ਸਮੁੱਚੀ ਸਿੱਖ ਕੌਮ ਪ੍ਰਤੀ ਸਤਿਕਾਰ ਪ੍ਰਗਟ ਕੀਤਾ। ਵਫ਼ਦ ਦੇ ਮੈਂਬਰਾਂ ਨੇ ਸਿੱਖ ਧਰਮ ਅਤੇ ਸਿੱਖੀ ਸਿਧਾਂਤਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ।
ਇਸ ਮੌਕੇ ਮੁਸਲਿਮ ਵਫ਼ਦ ਦੇ ਮੈਂਬਰਾਂ ਨੇ ਸ਼੍ਰੋਮਣੀ ਕਮੇਟੀ ਅਤੇ ਸਮੂਹ ਸਿੱਖ ਸੰਗਤਾਂ ਵੱਲੋਂ ਵੱਖ-ਵੱਖ ਸਮੇਂ ਆਈਆਂ ਕੁਦਰਤੀ ਆਫਤਾਂ ਦੌਰਾਨ ਮਨੁੱਖਤਾ ਲਈ ਲੰਗਰ, ਦਵਾਈਆਂ ਆਦਿ ਦੇ ਕੀਤੇ ਜਾਂਦੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਸਿੱਖਾਂ ਵੱਲੋਂ ਸੀਰੀਆ ਵਿਚ ਅਤੇ ਰੋਹਿੰਗੀਆ ਮੁਸਲਮਾਨਾਂ ਦੀ ਕੀਤੀ ਮਦਦ ਲਈ ਮੁਸਲਿਮ ਫੈਡਰੇਸ਼ਨ ਨੇ ਸਮੁੱਚੇ ਮੁਸਲਮਾਨ ਭਾਈਚਾਰੇ ਵੱਲੋਂ ਸਿੱਖ ਭਾਈਚਾਰੇ ਦਾ ਧੰਨਵਾਦ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਦਫਤਰ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ, ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਸਕੱਤਰ ਦਿਲਜੀਤ ਸਿੰਘ ਬੇਦੀ ਵੱਲੋਂ ਵਫ਼ਦ ਨੂੰ ਸ੍ਰੀ ਦਰਬਾਰ ਸਾਹਿਬ ਅਤੇ ਸਿੱਖ ਧਰਮ ਨਾਲ ਸਬੰਧਤ ਪੁਸਤਕਾਂ ਦੇ ਕੇ ਸਨਮਾਨਤ ਕੀਤਾ ਗਿਆ।