ਪੰਜਾਬ ਦੀਆਂ ਪੰਚਾਇਤੀ ਚੋਣਾਂ ‘ਚ ਬਾਦਲਾਂ ਦੇ ਗੜ੍ਹ ਟੁੱਟਣ ਦੀ ਉਮੀਦ

ਪੰਜਾਬ ਦੀਆਂ ਪੰਚਾਇਤੀ ਚੋਣਾਂ ‘ਚ ਬਾਦਲਾਂ ਦੇ ਗੜ੍ਹ ਟੁੱਟਣ ਦੀ ਉਮੀਦ

ਬਠਿੰਡਾ/ਬਿਊਰੋ ਨਿਊਜ਼ :

ਪੰਜਾਬ ਵਿਚ ਗਰਾਮ ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ ਹਨ। ਸੂਬੇ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਤੇ ਅਕਾਲੀ ਪਾਰਟੀ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਨੂੰ ਉਮਰ ਦੇ ਸਿਖਰਲੇ ਪੜਾਅ ਉਤੇ ਆ ਕੇ ਆਪਣੇ ਹਲਕੇ ਦੇ ਪਿੰਡਾਂ ਵਿਚ ਪੰਚਾਇਤੀ ਚੋਣਾਂ ਵਿਚ ਹੀ ਸਖਤ ਚੁਣੌਤੀ ਮਿਲਣ ਦੇ ਆਸਾਰ ਬਣਦੇ ਜਾ ਰਹੇ ਹਨ। ਅਕਾਲੀ ਰਾਜ ਵੇਲੇ ਦਸ ਸਾਲ ਲੰਮਾ ਬਣਵਾਸ ਝੱਲਣ ਵਾਲੇ ਲੰਬੀ ਦੇ ਕਾਂਗਰਸੀ ਐਤਕੀਂ ਦਾਅ ਮਾਰਨ ਲਈ ਕਾਹਲੇ ਹਨ। ਇਨ੍ਹਾਂ ਪੇਂਡੂ ਕਾਂਗਰਸੀ ਲੀਡਰਾਂ ਨੇ ਦਸ ਵਰ੍ਹੇ ਸੋਕਾ ਝੱਲਿਆ। ਹੁਣ ਉਹ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਸਰਪੰਚੀ ਦੀ ਕੁਰਸੀ ‘ਤੇ ਬੈਠਣ ਲਈ ਕਾਹਲੇ ਹਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਪੇਂਡੂ ਲੀਡਰ ਟਿੰਢ ‘ਚ ਕਾਨਾ ਪਾਉਣ ਲਈ ਜਗ੍ਹਾ ਤਲਾਸ਼ ਰਹੇ ਹਨ। ਉਂਝ ਮਾਲਵਾ ਖ਼ਿੱਤੇ ਵਿਚ ਕੁਝ ਪਿੰਡਾਂ ਨੂੰ ਛੱਡ ਕੇ ਇਸ ਵਾਰ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਵਿਚ ਸਿਰ ਧੜ ਦੀ ਬਾਜ਼ੀ ਨਹੀਂ ਲੱਗ ਰਹੀ, ਖ਼ਾਸ ਕਰ ਕੇ ਰਾਖਵੇਂ ਹੋਏ ਪਿੰਡਾਂ ਵਿਚ ਮਾਹੌਲ ਮੱਠਾ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਪੰਚਾਇਤੀ ਚੋਣਾਂ ਤਕ ਉਹ ਪਿੰਡ ਬਾਦਲ ਹੀ ਰਹਿਣਗੇ।
ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਦੀ ਆਖ਼ਰੀ ਤਾਰੀਕ ਖਤਮ ਹੋਣ ਮਗਰੋਂ ਹੀ ਮਾਹੌਲ ਗਰਮਾਉਣ ਦੀ ਸੰਭਾਵਨਾ ਹੈ। ਪੰਜਾਬ ਦੇ ਚੋਣ ਕਮਿਸ਼ਨ ਨੇ ਗਰਾਮ ਪੰਚਾਇਤ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸਰਪੰਚਾਂ ਤੇ ਪੰਚਾਂ ਦੇ ਅਹੁਦੇ ਦੀ ਚੋਣ ਲਈ ਸ਼ਨਿਚਰਵਾਰ ਤੋਂ ਨਾਮਜ਼ਦਗੀਆਂ ਦਾ ਅਮਲ ਸ਼ੁਰੂ ਹੋ ਗਿਆ ਹੈ ਅਤੇ 19 ਦਸੰਬਰ ਤੱਕ ਕਾਗਜ਼ ਦਾਖ਼ਲ ਕੀਤੇ ਜਾ ਸਕਣਗੇ। ਇਸੇ ਤਰ੍ਹਾਂ 20 ਦਸੰਬਰ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਤੇ 21 ਦਸੰਬਰ ਨੂੰ ਕਾਗਜ਼ ਵਾਪਸ ਲਏ ਜਾ ਸਕਣਗੇ ਤੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ। ਪੰਜਾਬ ਵਿੱਚ 13276 ਗਰਾਮ ਪੰਚਾਇਤਾਂ ਦੀਆਂ ਚੋਣਾਂ ਲਈ 30 ਦਸੰਬਰ ਨੂੰ ਵੋਟਾਂ ਪੈਣੀਆਂ ਹਨ। ਚੋਣ ਕਮਿਸ਼ਨ ਨੇ ਦੱਸਿਆ ਕਿ 13276 ਪੰਚਾਇਤਾਂ ਲਈ 83831 ਪੰਚਾਂ ਦੀ ਚੋਣ ਕੀਤੀ ਜਾਵੇਗੀ, ਜਿਨ੍ਹਾਂ ਵਿੱਚੋਂ ਅਨੁਸੂਚਿਤ ਜਾਤੀ ਲਈ 17811, ਅਨੁਸੂਚਿਤ ਜਾਤੀ ਇਸਤਰੀਆਂ ਲਈ 12634, ਆਮ ਵਰਗ ਇਸਤਰੀਆਂ ਲਈ 22690, ਪਛੜੀਆਂ ਸ਼੍ਰੇਣੀਆਂ ਲਈ 4381 ਅਤੇ ਆਮ ਵਰਗ ਲਈ 26315 ਸੀਟਾਂ ਹਨ। ਇਨ੍ਹਾਂ ਚੋਣਾਂ ਵਿੱਚ 1.27 ਕਰੋੜ ਦਿਹਾਤੀ ਵੋਟਰ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨਗੇ।

ਕਾਂਗਰਸ ਪਾਰਟੀ ਤਰਫ਼ੋਂ ਸਰਪੰਚੀ ਦੇ ਚਾਹਵਾਨ ਹਰ ਪਿੰਡ ਵਿੱਚ ਦੋ-ਦੋ ਤਿੰਨ-ਤਿੰਨ ਹਨ ਜਦੋਂਕਿ ਅਕਾਲੀ ਦਲ ਇਸ ਗੱਲੋਂ ਐਤਕੀਂ ਸੌਖ ਮਹਿਸੂਸ ਕਰ ਰਿਹਾ ਹੈ। ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੇ ਪ੍ਰਸ਼ਾਸਨ ਨੇ ਵੱਡੇ ਕਾਂਗਰਸੀ ਲੀਡਰਾਂ ਨੂੰ ਖ਼ੁਸ਼ ਕਰਨ ਦੇ ਚੱਕਰ ਵਿਚ ਰਾਖਵੇਂਕਰਨ ਵਿਚ ਫੇਰ ਬਦਲ ਕਰਨਾ ਸ਼ੁਰੂ ਕਰ ਦਿੱਤਾ ਸੀ। ਚੋਣ ਕਮਿਸ਼ਨ ਦੀ ਘੁਰਕੀ ਮਗਰੋਂ ਹੀ ਛੇੜਛਾੜ ਬੰਦ ਹੋਈ ਹੈ। ਬਾਦਲਾਂ ਦੇ ਪੁਰਖਿਆਂ ਦੇ ਪਿੰਡ ਘੁੱਦਾ ਵਿਚ ਨਜ਼ਾਰਾ ਦਿਲਚਸਪ ਹੈ। ਸਰਬਸੰਮਤੀ ਨੂੰ ਲੈ ਕੇ ਦੋ ਨੇਤਾ ਅੜ ਗਏ। ਦੋਵੇਂ ਨੇਤਾ ਪਿੰਡ ਨੂੰ ਲੱਖਾਂ ਰੁਪਏ ਦਾਨ ਵਜੋਂ ਦੇਣ ਲਈ ਨਿੱਤਰੇ ਸਨ ਪਰ ਇਹ ਗੱਲ ਸਿਰੇ ਨਹੀਂ ਲੱਗ ਸਕੀ।
ਪਿੰਡ ਬਾਦਲ ਦੀ ਸਰਪੰਚੀ ਐਤਕੀਂ ਜਨਰਲ ਵਰਗ ਲਈ ਹੈ, ਜਿਸ ਦੀ ਉਮੀਦਵਾਰੀ ਦੀ ਚੋਣ ਲਈ ਪਿੰਡ ਦੇ ਵੋਟਰ ਬਾਦਲਾਂ ਦੇ ਮੂੰਹ ਵੱਲ ਵੇਖ ਰਹੇ ਹਨ। ਦਿਉਣ ਖ਼ੁਰਦ ਵਿੱਚ ਸਰਬਸੰਮਤੀ ਨਾਲ ਸਰਪੰਚ ਬਣਨ ਲਈ ਦੋ ਵਿਅਕਤੀ ਆਪਸ ਵਿੱਚ ਵਿਕਾਸ ਕੰਮਾਂ ‘ਤੇ ਪੱਲਿਓਂ ਖ਼ਰਚਣ ਦੀ ਗੱਲ ਆਖ ਰਹੇ ਹਨ। ਮੱਲੂਆਣਾ ਪਿੰਡ ਵਿਚ ਸਰਬਸੰਮਤੀ ਹੋ ਗਈ ਸੀ, ਜੋ ਮਗਰੋਂ ਟੁੱਟ ਗਈ। ਪਿੰਡ ਹਿੰਮਤਪੁਰਾ ਵਿੱਚ ਹਮੇਸ਼ਾ ਸਰਬਸੰਮਤੀ ਹੁੰਦੀ ਰਹੀ ਹੈ। ਐਤਕੀਂ ਇੱਕ ਕਾਂਗਰਸੀ ਨੇਤਾ ਪਿੰਡ ਦੀ ਰਵਾਇਤ ਤੋੜਨ ਲਈ ਕਾਹਲਾ ਹੈ। ਦੋ ਦਿਨ ਪਹਿਲਾਂ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਪਿੰਡ ਜਲਾਲ ਵਿਚ ਸਰਪੰਚੀ ਦੇ ਚਾਹਵਾਨਾਂ ਦਾ ਇਕੱਠ ਵੀ ਸੱਦਿਆ ਸੀ। ਦੂਸਰੀ ਤਰਫ਼ ਸਾਬਕਾ ਬਿਜਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ ਉਮੀਦਵਾਰ ਖੜ੍ਹੇ ਕਰਨ ਲੱਗੇ ਹਨ।
ਸੂਤਰ ਦੱਸਦੇ ਹਨ ਕਿ ਮੌੜ ਹਲਕੇ ਦੇ ਇੱਕ ਵੱਡੇ ਪਿੰਡ ਦੇ ਇੱਕ ਅਕਾਲੀ ਨੇਤਾ ਨੇ ਇਸ ਕਰਕੇ ਆਪਣਾ ਪਿੰਡ ਰਿਜ਼ਰਵ ਕਰਾਇਆ ਕਿ ਉਸ ਨੂੰ ਪਾਰਟੀ ਕਿਤੇ ਸਰਪੰਚੀ ਦੀ ਚੋਣ ਲੜਨ ਲਈ ਨਾ ਆਖ ਦੇਵੇ।
ਗਿੱਦੜਬਾਹਾ ਹਲਕੇ ਦੇ ਵਿਧਾਇਕ ਰਾਜਾ ਵੜਿੰਗ ਅਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਡਿੰਪੀ ਢਿੱਲੋਂ ਸਰਪੰਚੀ ਦੇ ਚਾਹਵਾਨਾਂ ਇਕੱਠ ਸੱਦ ਰਹੇ ਹਨ।
ਮਾਨਸਾ ਦੇ ਪਿੰਡ ਫੱਤਾ ਮਲਕੋ ਵਿਚ ਸਰਬਸੰਮਤੀ ਟੁੱਟ ਗਈ ਹੈ ਜਦੋਂ ਕਿ ਰਾਮਾਨੰਦੀ ਵਿਚ ਸਰਪੰਚ ਸਰਬਸੰਮਤੀ ਨਾਲ ਚੁਣ ਲਈ ਹੈ। ਇਸ ਜ਼ਿਲ੍ਹੇ ਦੇ ਪਿੰਡ ਆਹਲੂਪੁਰ ਅਤੇ ਝੰਡਾ ਕਲਾਂ ਵਿਚ ਸਰਪੰਚੀ ਦੇ ਉਮੀਦਵਾਰਾਂ ਵਿਚ ਪੈਸੇ ਨਾਲ ਵੱਡਾ ਦੰਗਲ ਹੋਣ ਦੀ ਸੰਭਾਵਨਾ ਹੈ। ਪਿੰਡ ਖ਼ਿਆਲਾ ਮਲਿਕਪੁਰ ਵਿੱਚ ਕਾਂਗਰਸੀ ਪਾਰਟੀ ਦੇ ਉਮੀਦਵਾਰ ਹੀ ਆਹਮੋ- ਸਾਹਮਣੇ ਹਨ। ਮੁਕਤਸਰ ਜ਼ਿਲ੍ਹੇ ਵਿੱਚ ਸਾਬਕਾ ਵਿਧਾਇਕਾ ਕਰਨ ਬਰਾੜ ਨਾਲ ਪਿੰਡਾਂ ਦੇ ਰਾਖਵੇਂਕਰਨ ਦੇ ਮਾਮਲੇ ਤੋਂ ਕਾਂਗਰਸੀ ਨੇਤਾ ਹਨੀ ਫ਼ੱਤਣਵਾਲਾ ਔਖੇ ਹਨ। ਇਸ ਜ਼ਿਲ੍ਹੇ ਦੇ ਪਿੰਡ ਭਾਗੂ ਵਿੱਚ ਚਾਹਵਾਨਾਂ ਨੇ ਲੱਖਾਂ ਰੁਪਏ ਅਤੇ ਜ਼ਮੀਨ ਦਾਨ ਦੇਣ ਦੀਆਂ ਪੇਸ਼ਕਸ਼ਾਂ ਤੱਕ ਕਰ ਦਿੱਤੀਆਂ ਹਨ। ਉਂਜ, ਪੰਚਾਇਤੀ ਚੋਣਾਂ ਪ੍ਰਤੀ ਲੋਕਾਂ ਵਿਚ ਬਹੁਤਾ ਉਤਸ਼ਾਹ ਨਹੀਂ ਹੈ।
ਜ਼ਿਲ੍ਹਾ ਬਰਨਾਲਾ ਵਿੱਚ 175 ਪੰਚਾਇਤਾਂ ਦੀ ਚੋਣ ਹੋਣੀ ਹੈ ਅਤੇ ਫ਼ਿਲਹਾਲ ਕਿਧਰੇ ਬਹੁਤੇ ਸਰਗਰਮੀ ਨਹੀਂ ਦਿੱਖ ਰਹੀ ਹੈ। ਜ਼ਿਲ੍ਹਾ ਫ਼ਰੀਦਕੋਟ ਵਿਚ ਚਾਰ ਪੰਚਾਇਤਾਂ ਦੀ ਸਰਬਸੰਮਤੀ ਹੋਈ ਹੈ, ਜਿਸ ਵਿੱਚ ਝੱਖੜਵਾਲਾ ਤੇ ਘੋਨੀਵਾਲਾ ਵੀ ਸ਼ਾਮਲ ਹਨ। ਜ਼ਿਲ੍ਹਾ ਫ਼ਰੀਦਕੋਟ ਵਿਚ 243 ਪੰਚਾਇਤਾਂ ਹਨ, ਜਿਨ੍ਹਾਂ ‘ਚੋਂ 101 ਪੰਚਾਇਤਾਂ ਰਿਜ਼ਰਵ ਹਨ। ਜੋ ਵੱਡੇ ਪਿੰਡਾਂ ਦੇ ਕਾਂਗਰਸੀ ਸਰਪੰਚ ਬਣਨ ਲਈ ਪੱਬਾਂ ਭਾਰ ਸਨ, ਉਨ੍ਹਾਂ ਦੇ ਪਿੰਡ ਰਾਖਵੇਂਕਰਨ ਦੀ ਮਾਰ ਹੇਠ ਆ ਗਏ ਹਨ। ਇਸੇ ਤਰ੍ਹਾਂ ਮੋਗਾ ਜ਼ਿਲ੍ਹੇ ਵਿਚ 341 ਪੰਚਾਇਤਾਂ ਦੀ ਚੋਣ ਹੋ ਰਹੀ ਹੈ ਅਤੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਇੱਕ ਪਿੰਡ ਹੀ ਸਰਬਸੰਮਤੀ ਹੋਈ ਹੈ। ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਹਲਕਾ ਵਿਧਾਇਕਾਂ ਤੋਂ ਚਾਹਵਾਨ ਥਾਪੀਆਂ ਲੈ ਰਹੇ ਹਨ।