ਬਾਦਲਾਂ ਦਾ ਚਹੇਤਾ ਜੀਕੇ ਭ੍ਰਿਸ਼ਟਾਚਾਰ ਦੇ ਕੇਸ ‘ਚ ਫਸਿਆ, ਐਫਆਈਆਰ ਦਰਜ ਕਰਨ ਦਾ ਹੁਕਮ

ਬਾਦਲਾਂ ਦਾ ਚਹੇਤਾ ਜੀਕੇ ਭ੍ਰਿਸ਼ਟਾਚਾਰ ਦੇ ਕੇਸ ‘ਚ ਫਸਿਆ, ਐਫਆਈਆਰ ਦਰਜ ਕਰਨ ਦਾ ਹੁਕਮ

ਨਵੀਂ ਦਿੱਲੀ/ਬਿਊਰੋ ਨਿਊਜ਼ :
ਬਾਦਲਾਂ ਦੇ ਖਾਸਮਖਾਸ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਖਿਲਾਫ ਭ੍ਰਿਸ਼ਟਾਚਾਰ ਦਾ ਕੇਸ ਦਰਜ ਹੋ ਰਿਹਾ ਹੈ। ਪਟਿਆਲਾ ਹਾਊਸ ਕੋਰਟ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ. ਦੇ ਨਾਲ-ਨਾਲ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੌਜੂਦਾ ਸਕੱਤਰ ਅਮਰਜੀਤ ਸਿੰਘ ਪੱਪੂ ਅਤੇ ਜਨਰਲ ਮੈਨੇਜਰ ਹਰਜੀਤ ਸਿੰਘ ਖਿਲਾਫ਼ ਐੱਫਆਈਆਰ ਦਰਜ ਕਰਨ ਦੇ ਆਦੇਸ਼ ਦਿੱਤੇ ਹਨ।
ਪਟਿਆਲਾ ਹਾਊਸ ਕੋਰਟ ਦੀ ਮੈਟਰੋਪੋਲਿਟਨ ਜੱਜ ਵਿਜੇਤਾ ਸਿੰਘ ਦੀ ਅਦਾਲਤ ਨੇ ਡੀਸੀਪੀ ਨੂੰ ਕਿਹਾ ਕਿ ਜਲਦੀ ਤੋਂ ਜਲਦੀ ਐੱਫਆਈਆਰ ਦਰਜ ਕੀਤੀ ਜਾਵੇ ਅਤੇ ਕੇਸ ਦੀ ਜਾਂਚ ਕਰ ਕੇ ਰਿਪੋਰਟ ਜਮ੍ਹਾਂ ਕਰਵਾਈ ਜਾਵੇ।
ਸਾਬਕਾ ਜਨਰਲ ਸਕੱਤਰ ਅਤੇ ਮੌਜੂਦਾ ਮੈਂਬਰ ਗੁਰਮੀਤ ਸਿੰਘ ਸ਼ੰਟੀ ਨੇ ਕਿਹਾ ਕਿ ਮਨਜੀਤ ਸਿੰਘ ਜੀਕੇ ਖਿਲਾਫ਼ ਕਈ ਗੰਭੀਰ ਦੋਸ਼ ਲੱਗੇ ਹਨ ਜਿਵੇਂ ਕਿ ਦਿੱਲੀ ਕਮੇਟੀ ਵਿਚ 82000 ਕਿਤਾਬਾਂ ਦੀ ਛਪਾਈ ਦਿਖਾ ਕੇ ਝੂਠੇ ਬਿੱਲ ਬਣਾਏ ਗਏ ਅਤੇ ਇਸ ਦੇ ਨਕਲੀ ਬਿੱਲ ਕਮੇਟੀ ਤੋਂ ਪਾਸ ਕਰਵਾਏ ਗਏ, ਗੁਰਦੁਆਰਾ ਕਮੇਟੀ ਤੋਂ 51 ਲੱਖ ਰੁਪਏ ਬੈਂਕ ਜਮ੍ਹਾਂ ਕਰਵਾਉਣ ਦੇ ਨਾਂ ‘ਤੇ ਕੱਢੇ ਗਏ ਜੋ ਅੱਜ ਤੱਕ ਬੈਂਕ ਵਿਚ ਜਮ੍ਹਾਂ ਨਹੀਂ ਹੋਏ ਅਤੇ ਜੀ.ਕੇ. ਨੇ ਆਪਣੇ ਧੀ-ਜਵਾਈ ਦੀ ਬੰਦ ਪਈ ਕੰਪਨੀ ਦੇ ਲੱਖਾਂ ਰੁਪਏ ਦੇ ਨਕਲੀ ਬਿੱਲ ਬਣਵਾਏ, ਜਿਸ ਦੇ ਕੰਮ ਦੀ ਸਪਲਾਈ ਅੱਜ ਤੱਕ ਕਮੇਟੀ ਵਿਚ ਨਹੀਂ ਹੋਈ। ਸ੍ਰੀ ਸ਼ੰਟੀ ਨੇ ਕਿਹਾ, ‘ਮੈਂ ਗੁਰਦੁਆਰਾ ਚੋਣ ਡਾਇਰੈਕਟਰ ਕੋਲ ਲਿਖਤੀ ਸ਼ਿਕਾਇਤ ਅਤੇ ਐੱਫਆਈਆਰ ਦੀ ਕਾਪੀ ਲੈ ਕੇ ਜਾਵਾਂਗਾ ਤੇ ਮੈਂਬਰਸ਼ਿਪ ਰੱਦ ਕੀਤੇ ਜਾਣ ਦੀ ਮੰਗ ਕਰਾਂਗਾ।’
ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਉਹ ਹਰ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ ਤੇ ਇਸ ਪਿੱਛੇ ਦੀ ਸਾਜ਼ਿਸ਼ ਸਾਹਮਣੇ ਲਿਆਂਦੀ ਜਾਵੇਗੀ। ਪਾਕ-ਸਾਫ਼ ਹੋਣ ਤੱਕ ਉਹ ਕੋਈ ਅਹੁਦਾ ਨਹੀਂ ਲੈਣਗੇ।
ਉਧਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੀ ਦਿੱਲੀ ਇਕਾਈ ਭੰਗ ਕਰ ਦਿੱਤੀ ਗਈ ਹੈ, ਜਿਸ ਕਰ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਇਸ ਮਗਰੋਂ ਦਿੱਲੀ ਦੀ ਸਿੱਖ ਰਾਜਨੀਤੀ ਵਿਚ ਕਾਫ਼ੀ ਉਥਲ-ਪੁਥਲ ਦੇ ਆਸਾਰ ਹਨ।