‘ਆਪ’ ਦੇ ਬਾਗ਼ੀ ਧੜੇ ਵਿਚ ਵੀ ਉਠੀਆਂ ਬਾਗੀ ਸੁਰਾਂ

‘ਆਪ’ ਦੇ ਬਾਗ਼ੀ ਧੜੇ ਵਿਚ ਵੀ ਉਠੀਆਂ ਬਾਗੀ ਸੁਰਾਂ

ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਦੇ ਬਾਗ਼ੀ ਖਹਿਰਾ ਧੜੇ ਵਿਚ ਹੀ ਬਾਗੀ ਸੁਰ ਸੁਣਾਈ ਦੇਣ ਲੱਗੀ ਹੈ। ਬਾਗੀ ਧੜੇ ਵੱਲੋਂ ਲੋਕ ਇਨਸਾਫ਼ ਪਾਰਟੀ ਦੇ ਬੈਂਸ ਭਰਾਵਾਂ ਅਤੇ ‘ਆਪ’ ਵਿਚੋਂ ਮੁਅੱਤਲ ਕੀਤੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨਾਲ ਮਿਲ ਕੇ 8 ਤੋਂ 16 ਦਸੰਬਰ ਤਕ ਸੂਬੇ ਵਿਚ ਇਨਸਾਫ਼ ਮਾਰਚ ਕੀਤਾ ਜਾ ਰਿਹਾ ਹੈ। ਸੂਬੇ ਵਿਚ ਕੱਢੇ ਜਾ ਰਹੇ ਇਨਸਾਫ਼ ਮਾਰਚ ਤੋਂ ਉਨ੍ਹਾਂ ਦੇ ਇਕ ਸਾਥੀ ਵਿਧਾਇਕ ਜੈ ਕਿਸ਼ਨ ਰੋੜੀ ਨੇ ਦੂਰੀ ਬਣਾ ਲਈ ਹੈ। ਉਨ੍ਹਾਂ ਹੁਣ ਤਕ ਮਾਰਚ ਵਿਚ ਇਕ ਵਾਰ ਵੀ ਹਾਜ਼ਰੀ ਨਹੀਂ ਲਵਾਈ। ਇਸ ਕਾਰਨ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਵਿਧਾਇਕ ਰੋੜੀ ਘਰ ਵਾਪਸੀ ਦਾ ਮਨ ਬਣਾ ਲਿਆ ਹੈ।
ਇਹ ਮਾਰਚ 16 ਦਸੰਬਰ ਨੂੰ ਪਟਿਆਲਾ ਵਿਚ ਸਮਾਪਤ ਹੋਵੇਗਾ। ਬਾਗ਼ੀ ਧੜੇ ਦੇ ਆਗੂ ਸ੍ਰੀ ਖਹਿਰਾ ਨੇ ਸਪੱਸ਼ਟ ਸੰਕੇਤ ਦਿੱਤੇ ਹਨ ਕਿ ਇਸ ਦਿਨ ਉਹ ਕੋਈ ਵੱਡਾ ਐਲਾਨ ਕਰਨਗੇ। ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ 16 ਦਸੰਬਰ ਨੂੰ ਸ੍ਰੀ ਖਹਿਰਾ ਕਿਸੇ ਨਵੇਂ ਸਿਆਸੀ ਫ਼ਰੰਟ ਦਾ ਐਲਾਨ ਕਰ ਸਕਦੇ ਹਨ। ਸ੍ਰੀ ਖਹਿਰਾ ਨਾਲ ਜੁੜੇ 7 ਵਿਧਾਇਕਾਂ ਵਿਚੋਂ ਭਾਵੇਂ 6 ਵਿਧਾਇਕ ਮਾਰਚ ਵਿਚ ਸ਼ਾਮਲ ਹੋਏ ਹਨ ਪਰ ਸ੍ਰੀ ਰੋੜੀ ਨੇ ਹੁਣ ਤੱਕ ਦੂਰੀ ਹੀ ਬਣਾਈ ਰੱਖੀ ਹੈ। ਦੱਸਣਯੋਗ ਹੈ ਕਿ ਪਹਿਲਾਂ ਵੀ ਸ੍ਰੀ ਰੋੜੀ ਇਕ ਵਾਰ ਵਾਪਸ ਪਾਰਟੀ ਦੇ ਖੇਮੇ ਵਿਚ ਚਲੇ ਗਏ ਸਨ ਪਰ ਬਾਅਦ ਵਿਚ ਮੁੜ ਬਾਗ਼ੀ ਧਿਰ ਵਿਚ ਆ ਗਏ ਸਨ।
ਸੰਪਰਕ ਕਰਨ ‘ਤੇ ਸ੍ਰੀ ਰੋੜੀ ਨੇ ਦੱਸਿਆ ਕਿ ਉਹ ਅੱਜ ਤਕ ਇਨਸਾਫ਼ ਮਾਰਚ ਵਿਚ ਇਸ ਲਈ ਸ਼ਾਮਲ ਨਹੀਂ ਹੋਏ ਕਿਉਂਕਿ ਉਨ੍ਹਾਂ ਦਾ ਗੜ੍ਹਸ਼ੰਕਰ ਹਲਕਾ ਇਨਸਾਫ਼ ਮਾਰਚ ਵਾਲੇ ਰੂਟ ਤੋਂ ਕਾਫ਼ੀ ਦੂਰ ਹੈ। ਉਨ੍ਹਾਂ ਕਿਹਾ ਕਿ ਉਂਝ ਵੀ ਉਹ ਇਨ੍ਹੀਂ ਦਿਨੀਂ ਆਪਣੇ ਹਲਕੇ ਵਿਚਲੀਆਂ ਕੁਝ ਸਰਗਰਮੀਆਂ ਕਾਰਨ ਇਨਸਾਫ਼ ਮਾਰਚ ਵਿਚ ਸ਼ਾਮਲ ਹੋਣ ਦੇ ਸਮਰੱਥ ਨਹੀਂ ਸਨ। ਸ੍ਰੀ ਰੋੜੀ ਨੇ ਸਪੱਸ਼ਟ ਕੀਤਾ ਕਿ ਉਹ ਇਨਸਾਫ਼ ਮਾਰਚ ਦੀ ਥਾਂ 13 ਤੋਂ 15 ਦਸੰਬਰ ਤਕ ਹੋ ਰਹੇ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਵਿਚ ਸ਼ਾਮਲ ਹੋਣ ਨੂੰ ਤਰਜੀਹ ਦੇਣਗੇ ਤੇ ਹਲਕੇ ਦੀਆਂ ਸਮੱਸਿਆਵਾਂ ਰੱਖਣਗੇ। ਵਿਧਾਇਕ ਨੇ ਸਪੱਸ਼ਟ ਕੀਤਾ ਕਿ ਫ਼ਿਲਹਾਲ ਉਨ੍ਹਾਂ ਬਾਗੀ ਖਹਿਰਾ ਧੜੇ ਨੂੰ ਛੱਡਣ ਜਾਂ ਪਾਰਟੀ ਦੇ ਖੇਮੇ ਵਿਚ ਵਾਪਸ ਜਾਣ ਦਾ ਕੋਈ ਫ਼ੈਸਲਾ ਨਹੀਂ ਕੀਤਾ। ਸ੍ਰੀ ਰੋੜੀ ਨੇ ਕਿਹਾ ਕਿ ਉਹ ਇਸ ਬਾਰੇ ਜੋ ਵੀ ਫ਼ੈਸਲਾ ਕਰਨਗੇ, ਉਸ ਬਾਰੇ ਸਾਰਿਆਂ ਨੂੰ ਜਾਣੂ ਕਰਵਾਉਣਗੇ।
ਬਾਗ਼ੀ ਖਹਿਰਾ ਧੜੇ ਵਿਚ ਕੁੱਲ 8 ਵਿਧਾਇਕ ਹਨ, ਜਿਨ੍ਹਾਂ ਲਗਾਤਾਰ ਪਾਰਟੀ ਵਿਰੁੱਧ ਬਗਾਵਤੀ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ। ਸ੍ਰੀ ਖਹਿਰਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਵਿਧਾਨ ਸਭਾ ਦੇ ਸੀਮਤ ਸੈਸ਼ਨ ਵਿਚੋਂ ਕੁਝ ਨਹੀਂ ਨਿਕਲਣਾ, ਇਸ ਕਾਰਨ ਉਹ ਇਸ ਵਿਚ ਸ਼ਾਮਲ ਨਹੀਂ ਹੋਣਗੇ ਅਤੇ ਇਨਸਾਫ਼ ਮਾਰਚ ਨੂੰ ਹੀ ਤਰਜੀਹ ਦੇਣਗੇ। ‘ਆਪ’ ਨਾਲ ਜੁੜੇ ਸਿਆਸੀ ਹਲਕਿਆਂ ਵਿਚ ਇਹ ਵੀ ਚਰਚਾ ਦਾ ਵਿਸ਼ਾ ਹੈ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ 16 ਦਸੰਬਰ ਨੂੰ ਨਵੀਂ ਸਿਆਸੀ ਪਾਰਟੀ ਬਣਾਉਣ ਦੀ ਸੂਰਤ ਵਿਚ ਉਨ੍ਹਾਂ ਨਾਲ ਜੁੜੇ ਵਿਧਾਇਕਾਂ ਦਾ ਰੁਖ਼ ਕੀ ਹੋਵੇਗਾ। ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਇਨਸਾਫ਼ ਮਾਰਚ ਕਾਰਨ ਉਹ ਵਿਧਾਨ ਸਭਾ ਸੈਸ਼ਨ ਵਿਚ ਸ਼ਿਰਕਤ ਨਹੀਂ ਕਰਨਗੇ।