ਇਨਸਾਫ਼ ਮੋਰਚੇ ਦੇ ਆਗੂਆਂ ‘ਚ ਮੱਤਭੇਦਾਂ ਕਾਰਨ ਅਗਲੇ ਸੰਘਰਸ਼ ਬਾਰੇ ਬੇ-ਯਕੀਨੀ ਦਾ ਮਾਹੌਲ

ਇਨਸਾਫ਼ ਮੋਰਚੇ ਦੇ ਆਗੂਆਂ ‘ਚ ਮੱਤਭੇਦਾਂ ਕਾਰਨ ਅਗਲੇ ਸੰਘਰਸ਼ ਬਾਰੇ ਬੇ-ਯਕੀਨੀ ਦਾ ਮਾਹੌਲ

ਅੰਮ੍ਰਿਤਸਰ/ਬਿਊਰੋ ਨਿਊਜ਼ :
ਮੋਰਚੇ ਦੇ ਪਹਿਲੇ ਪੜਾਅ ਦੀ ਸਮਾਪਤੀ ਦੇ ਫ਼ੈਸਲੇ ਨੂੰ ਲੈ ਕੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਵਿਚਾਲੇ ਮਤਭੇਦ ਉਭਰੇ ਹਨ। ਇਸ ਕਾਰਨ ਦੋਵੇਂ ਧਾਰਮਿਕ ਆਗੂ ਇਥੇ ਸ੍ਰੀ ਹਰਿਮੰਦਰ ਸਾਹਿਬ ਵਿਚ ਇਕੱਠੇ ਮੱਥਾ ਟੇਕਣ ਨਹੀਂ ਪੁੱਜੇ। ਭਾਈ ਦਾਦੂਵਾਲ ਨੇ ਆਪਣੇ ਰੋਸ ਦਾ ਪ੍ਰਗਟਾਵਾ ਕਰਦਿਆਂ ਭਾਈ ਧਿਆਨ ਸਿੰਘ ਮੰਡ ਦੇ ਇਸ ਫ਼ੈਸਲੇ ਨੂੰ ਨਾਦਰਸ਼ਾਹੀ ਫ਼ੈਸਲਾ ਆਖਿਆ। 20 ਦਸੰਬਰ ਨੂੰ ਫਤਹਿਗੜ੍ਹ ਸਾਹਿਬ ‘ਚ ਰੱਖੀ ਮੀਟਿੰਗ ਵਿਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ। ਉਨ੍ਹਾਂ ਸੰਕੇਤ ਦਿੱਤਾ ਕਿ ਉਹ ਇਸ ਸੰਘਰਸ਼ ਨੂੰ ਆਪਣੇ ਤੌਰ ‘ਤੇ ਵੱਖ ਰੂਪ ਵਿਚ ਅਗਾਂਹ ਚਲਾਉਣਗੇ। ਇਸੇ ਤਰ੍ਹਾਂ ਤੀਜੇ ਮੁਤਵਾਜ਼ੀ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਪਹਿਲਾਂ ਹੀ ਇਸ ਮੋਰਚੇ ਤੋਂ ਵੱਖ ਹੋ ਚੁੱਕੇ ਹਨ। ਉਨ੍ਹਾਂ ਨੇ ਵੀ ਭਾਈ ਮੰਡ ਦੇ ਵਤੀਰੇ ‘ਤੇ ਨਾਰਾਜ਼ਗੀ ਪ੍ਰਗਟਾਈ।
ਇਨ੍ਹਾਂ ਮਤਭੇਦਾਂ ਤੋਂ ਬਾਅਦ ਇਕ ਪ੍ਰਬੰਧਕ ਆਗੂ ਨੇ ਖ਼ੁਲਾਸਾ ਕੀਤਾ ਕਿ ਭਾਈ ਦਾਦੂਵਾਲ ਦੇ ਵੱਖ ਹੋਣ ਦੇ ਫ਼ੈਸਲੇ ਅਤੇ ਦਿੱਤੇ ਬਿਆਨ ਦੇ ਕਾਰਨ ਪ੍ਰਬੰਧਕਾਂ ਵਿਚ ਨਿਰਾਸ਼ਾ ਹੈ। ਮੁਤਵਾਜ਼ੀ ਜਥੇਦਾਰਾਂ ਵਿਚਾਲੇ ਪੈਦਾ ਹੋਏ ਮਤਭੇਦਾਂ ਦਾ ਪਰਛਾਵਾਂ ਬਰਗਾੜੀ ਇਨਸਾਫ਼ ਮੋਰਚੇ ਦੇ ਦੂਜੇ ਪੜਾਅ ‘ਤੇ ਪੈ ਸਕਦਾ ਹੈ। ਇਸ ਦੌਰਾਨ ਮੋਰਚੇ ਦੇ ਪ੍ਰਬੰਧਕਾਂ ਵਲੋਂ ਨਾਰਾਜ਼ ਹੋਏ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਮਨਾਉਣ ਲਈ ਯਤਨ ਸ਼ੁਰੂ ਕੀਤੇ ਜਾ ਰਹੇ ਹਨ।
ਮੌਜੂਦਾ ਸਥਿਤੀ ਬਾਰੇ ਮੋਰਚੇ ਦੇ ਪ੍ਰਬੰਧਕਾਂ ਨੇ ਆਖਿਆ ਕਿ ਆਪਸੀ ਫੁੱਟ ਦਾ ਪਰਛਾਵਾਂ ਇਨਸਾਫ਼ ਮੋਰਚੇ ਦੇ ਅਗਲੇ ਪੜਾਅ ਨੂੰ ਪ੍ਰਭਾਵਿਤ ਕਰ ਸਕਦਾ ਹੈ। ਉਨ੍ਹਾਂ ਆਖਿਆ ਕਿ 20 ਦਸੰਬਰ ਨੂੰ ਫਤਹਿਗੜ੍ਹ ਸਾਹਿਬ ਵਿਚ ਮੀਟਿੰਗ ਹੋਵੇਗੀ। ਇਸ ਵਿਚ ਮੋਰਚੇ ਦੇ ਸਮਰਥਕਾਂ ਦੀ ਰਾਏ ਨਾਲ ਹੀ ਅਗਲਾ ਫ਼ੈਸਲਾ ਕੀਤਾ ਜਾਵੇਗਾ।
ਭਾਈ ਧਿਆਨ ਸਿੰਘ ਮੰਡ ਨੇ ਆਖਿਆ ਕਿ ਬਾਕੀ ਜਥੇਦਾਰਾਂ ਨਾਲ ਉਨ੍ਹਾਂ ਦੇ ਕੋਈ ਮਤਭੇਦ ਨਹੀਂ ਹਨ। ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਇਹ ਕਿਸੇ ਗ਼ਲਤਫ਼ਹਿਮੀ ਕਾਰਨ ਨਾਰਾਜ਼ਗੀ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੇ ਵਤੀਰੇ ਪ੍ਰਤੀ ਕੋਈ ਇਤਰਾਜ਼ ਹਨ ਤਾਂ ਉਹ ਖ਼ੁਦ ਇਹ ਨਾਰਾਜ਼ਗੀ ਦੂਰ ਕਰਨਗੇ। ਫਤਹਿਗੜ੍ਹ ਸਾਹਿਬ ਵਿਚ ਹੋਣ ਵਾਲੀ ਮੀਟਿੰਗ ਵਿਚ ਉਨ੍ਹਾਂ ਦੀ ਸ਼ਮੂਲੀਅਤ ਜ਼ਰੂਰੀ ਹੈ।
ਇਸ ਦੌਰਾਨ ਯੂਨਾਈਟਿਡ ਅਕਾਲੀ ਦਲ ਦੇ ਮੁਖੀ ਭਾਈ ਮੋਹਕਮ ਸਿੰਘ ਨੇ ਆਖਿਆ ਕਿ ਉਹ ਨਾਰਾਜ਼ ਹੋਏ ਮੁਤਵਾਜ਼ੀ ਜਥੇਦਾਰਾਂ ਨੂੰ ਜਲਦੀ ਹੀ ਮਨਾ ਲੈਣਗੇ। ਉਨ੍ਹਾਂ ਆਖਿਆ ਕਿ ਮੋਰਚੇ ਦਾ ਪਹਿਲਾ ਪੜਾਅ ਸਫ਼ਲ ਰਿਹਾ ਹੈ ਅਤੇ ਸਮੁੱਚੀ ਕੌਮ ਇਕ ਮੰਚ ‘ਤੇ ਇਕੱਠੀ ਹੋਈ ਹੈ। ਸਿੱਖ ਮੰਗਾਂ ਨੂੰ ਮਨਾਉਣ ਲਈ ਇਕੱਠੀ ਹੋਈ ਸਿੱਖ ਸ਼ਕਤੀ ਨੂੰ ਦੇਖਦਿਆਂ ਸਰਕਾਰ ਨੂੰ ਮੋਰਚੇ ਵਿਚ ਆ ਕੇ ਮੰਗਾਂ ਮੰਨਣ ਦਾ ਭਰੋਸਾ ਦੇਣਾ ਪਿਆ ਹੈ। ਇਸ ਦੌਰਾਨ ਮੋਰਚੇ ਦੇ ਪ੍ਰਬੰਧਕਾਂ ਨੇ ਦਾਅਵਾ ਕੀਤਾ ਕਿ ਮੋਰਚੇ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਸਰਕਾਰ ਵਲੋਂ ਜਲਦੀ ਹੀ ਅਮਲ ਵਿਚ ਲਿਆਂਦਾ ਜਾਵੇਗਾ। ਇਸ ਤਹਿਤ ਜਲਦੀ ਹੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਪੱਕੀ ਰਿਹਾਈ ਹੋਣ ਦੀ ਸੰਭਾਵਨਾ ਹੈ।