50 ਦਿਨ ਬਾਅਦ ਵੀ ਨੋਟਬੰਦੀ ਕਾਰਨ ਛਾਈ ਰਹੀ ਮੰਦੀ

50 ਦਿਨ ਬਾਅਦ ਵੀ ਨੋਟਬੰਦੀ ਕਾਰਨ ਛਾਈ ਰਹੀ ਮੰਦੀ

ਲੋਕਾਂ ‘ਚ ਭਾਰੀ ਗੁੱਸਾ, ਨਵੀਂ ਕਰੰਸੀ ਦੀ ਕਮੀ ਜਿਉਂ ਦੀ ਤਿਉਂ
ਨਵੀਂ ਦਿੱਲੀ/ ਚੰਡੀਗੜ੍ਹ/ਬਿਊਰੋ ਨਿਊਜ਼ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਏ ਗਏ ਨੋਟਬੰਦੀ ਦੇ ਫ਼ੈਸਲੇ ਨੂੰ ਭਾਵੇਂ 50 ਤੋਂ ਵੱਧ ਦਿਨ ਹੋ ਗਏ ਹਨ, ਪ੍ਰੰਤੂ ਅਜੇ ਵੀ ਦੇਸ਼ ਵਿਚ ਨਕਦੀ ਸੰਕਟ ਬਰਕਰਾਰ ਹੈ। ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਪੁਰਾਣੇ ਨੋਟ ਜਮ੍ਹਾਂ ਕਰਵਾਉਣ ਦਾ ਆਖਰੀ ਦਿਨ ਹੋਣ ਕਰਕੇ ਬੈਂਕਾਂ ਵਿਚ ਲੰਬੀਆਂ ਕਤਾਰਾਂ ਵੇਖਣ ਨੂੰ ਮਿਲੀਆਂ। ਦੱਸਣਯੋਗ ਹੈ ਕਿ ਅਗਲੇ ਹਫ਼ਤੇ ਤੋਂ ਬਾਅਦ ਜਿਨ੍ਹਾਂ ਕੋਲ ਪੁਰਾਣੇ ਬੰਦ ਹੋ ਚੁੱਕੇ ਨੋਟ ਹਨ, ਉਹ ਸਿਰਫ ਰਿਜ਼ਰਵ ਬੈਂਕ ਵਿਚ 31 ਮਾਰਚ 2017 ਤੱਕ ਜਮ੍ਹਾਂ ਕਰਵਾਏ ਜਾ ਸਕਦੇ ਹਨ, ਪ੍ਰੰਤੂ ਇਸ ਦੌਰਾਨ ਜਮ੍ਹਾਂ ਕਰਵਾਉਣ ਵਾਲੇ ਨੂੰ ਇਸ ਦੇ ਸਰੋਤ ਅਤੇ ਕਾਰਨ ਦੱਸਣਾ ਪਵੇਗਾ ਕਿ ਇਹ ਨੋਟ ਕਿੱਥੋਂ ਆਏ। ਨੋਟਬੰਦੀ ਤੋਂ ਬਾਅਦ ਇਨ੍ਹਾਂ 50 ਦਿਨਾਂ ਵਿਚ ਦੇਸ਼ ਦੇ ਸਰਕਾਰੀ ਅਤੇ ਗੈਰ-ਸਰਕਾਰੀ 1,38,868 ਬੈਂਕ ਬ੍ਰਾਂਚਾਂ ਨੂੰ ਦੇਸ਼ ਦੀ 86 ਫ਼ੀਸਦੀ ਕਰੰਸੀ ਬਦਲਣ ਲਈ ਤਾਇਨਾਤ ਕੀਤਾ ਗਿਆ ਸੀ। ਇਨ੍ਹਾਂ 50 ਦਿਨਾਂ ਵਿਚ ਦੇਸ਼ ਦੇ ਸਾਰੇ ਬੈਂਕਾਂ ਨੇ ਇਸ ਕੰਮ ਨੂੰ ਬਾਖੂਬੀ ਕੀਤਾ, ਪ੍ਰੰਤੂ ਫਿਰ ਵੀ ਦੇਸ਼ ਭਰ ਵਿਚ ਕਈ ਜਗ੍ਹਾ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਕਿ ਬੈਂਕਾਂ ਨੂੰ ਬਦਨਾਮੀ ਦਾ ਵੀ ਸਾਹਮਣਾ ਕਰਨਾ ਪਿਆ। ਇਨ੍ਹਾਂ ਸਾਰੀਆਂ ਬੈਂਕ ਬ੍ਰਾਂਚਾਂ ਨੇ 50 ਦਿਨਾਂ ਵਿਚ 90 ਫ਼ੀਸਦੀ ਤੋਂ ਵੱਧ ਪੁਰਾਣੀ ਕਰੰਸੀ ਨੂੰ ਜਮ੍ਹਾਂ ਕਰਵਾ ਦਿੱਤਾ ਹੈ ਅਤੇ 50 ਫ਼ੀਸਦੀ ਤੋਂ ਵੱਧ ਨਵੀਂ ਕਰੰਸੀ ਦੇ ਪ੍ਰਵਾਹ ਨੂੰ ਚਲਾ ਦਿੱਤਾ ਹੈ। ਨੋਟਬੰਦੀ ਦੇ ਫ਼ੈਸਲੇ ਕਰਕੇ ਵਿਰੋਧੀ ਧਿਰ ਵੱਲੋਂ ਲਗਾਤਾਰ ਸਰਕਾਰ ਦੀ ਆਲੋਚਨਾ ਕੀਤਾ ਜਾ ਰਹੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਨੋਟਬੰਦੀ ਦੇ ਚੱਲਦਿਆਂ ਦੇਸ਼ ਭਰ ਵਿਚ ਕਰੀਬ ਹੋਈਆਂ 100 ਮੌਤਾਂ ਲਈ ਸਰਕਾਰ ਜ਼ਿੰਮੇਵਾਰ ਹੈ।

ਨਵੀਂ ਕਰੰਸੀ ਦੀ ਕਮੀ :
ਫ਼ਰੀਦਕੋਟ : ਨੋਟਬੰਦੀ ਦੇ 50ਵੇਂ ਤੇ ਆਖ਼ਰੀ ਦਿਨ ਬੈਂਕਾਂ ਵਿਚ ਪੁਰਾਣੇ 500 ਤੇ 1000 ਰੁਪਏ ਨੋਟ ਜਮ੍ਹਾਂ ਕਰਵਾਉਣ ਵਾਲਿਆਂ ਦੀ ਭਾਰੀ ਭੀੜ ਵੇਖਣ ਨੂੰ ਮਿਲੀ। ਸਵੇਰ ਤੋਂ ਸ਼ਾਮ ਤੱਕ ਬੈਂਕਾਂ ਅੱਗੇ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਪੈਸੇ ਜਮ੍ਹਾਂ ਕਰਵਾਉਣ ਦੇ ਨਾਲ-ਨਾਲ ਪੈਸੇ ਕਢਵਾਉਣ ਵਾਲਿਆਂ ਦੀ ਵੀ ਭੀੜ ਸੀ, ਜਿਸ ਦਾ ਮੁੱਖ ਕਾਰਨ ਬੈਂਕਾਂ ਵਿਚ ਨਵੀਂ ਕਰੰਸੀ ਦੀ ਕਮੀ ਹੈ। ਲੋਕਾਂ ਨੂੰ ਇਸ ਬਾਰੇ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਬੈਂਕਾਂ ਵਿਚ ਨਕਦੀ ਦੀ ਕਮੀ ਹੋਣ ਕਾਰਨ ਉਨ੍ਹਾਂ ਨੂੰ ਇਕ ਵਾਰੀ ਵਿਚ ਪੂਰੀ 24 ਹਜ਼ਾਰ ਰੁਪਏ ਦੀ ਪੇਮੈਂਟ ਨਹੀਂ ਮਿਲ ਪਾ ਰਹੀ। ਸਰਕਾਰ ਵੱਲੋਂ ਨੋਟਬੰਦੀ ਕਰਨ ਤੋਂ ਬਾਅਦ ਡਿਜੀਟਲ ਪੇਮੈਂਟ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਲਈ ਕਾਫ਼ੀ ਸਕੀਮਾਂ ਲਿਆਂਦੀਆਂ ਗਈਆਂ ਹਨ ਪਰ ਸਰਕਾਰ ਦੇ ਇਨ੍ਹਾਂ ਕਦਮਾਂ ਦਾ ਛੋਟੇ ਸ਼ਹਿਰਾਂ ਤੇ ਕਸਬਿਆਂ ਅਤੇ ਪਿੰਡਾਂ ਵਿਚ ਕੋਈ ਖ਼ਾਸ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ। ਇਨ੍ਹਾਂ ਥਾਵਾਂ ‘ਤੇ ਲੋਕ ਹਾਲੇ ਵੀ ਡਿਜੀਟਲ ਪੇਮੈਂਟ ਪ੍ਰਣਾਲੀ ਦੀ ਵਰਤੋਂ ਕਰਨ ਤੋਂ ਝਿਜਕ ਰਹੇ ਹਨ। ਕੁਝ ਥਾਵਾਂ ਜਿਥੇ ਡਿਜੀਟਲ ਪ੍ਰਣਾਲੀ ਸਫ਼ਲ ਹੋ ਸਕੀ ਹੈ ਉਹ ਹਨ ਪੈਟਰੋਲ ਪੰਪ, ਕੱਪੜੇ ਦੀਆਂ ਦੁਕਾਨਾਂ ਤੇ ਰੈਸਟੋਰੈਂਟ। ਛੋਟੇ ਵਪਾਰੀ ਹਾਲੇ ਵੀ ਕੈਸ਼ ਪੇਮੈਂਟ ਨੂੰ ਤਰਜੀਹ ਦਿੰਦੇ ਹਨ, ਜਿਸ ਕਰਕੇ ਜਿਨ੍ਹਾਂ ਨੇ ਆਪਣੇ ਕੋਲ ਨਾ ਸਵੈਪ ਮਸ਼ੀਨਾਂ ਲਗਾਈਆਂ ਹਨ ਜਾਂ ਹੋਰ ਡਿਜੀਟਲ ਮਾਧਿਅਮ ਦੀ ਵਰਤੋਂ ਕਰ ਰਹੇ ਹਨ। ਇਸ ਕਾਰਨ ਛੋਟੇ ਸ਼ਹਿਰਾਂ ਦੀ ਅਰਥ ਵਿਵਸਥਾ ‘ਤੇ ਵੀ ਅਸਰ ਪੈ ਰਿਹਾ ਹੈ।

ਦਿਹਾੜੀਦਾਰ ਮਜ਼ਦੂਰ ਫ਼ਾਕੇ ਕੱਟਣ ਲਈ ਮਜਬੂਰ :
ਬਠਿੰਡਾ : ਪੁਰਾਣੇ ਨੋਟ ਜਮ੍ਹਾਂ ਕਰਵਾਉਣ ਲਈ ਸਾਰੀਆਂ ਹੀ ਬੈਂਕਾਂ ਵਿਚ ਲੋਕ ਵੱਡੀ ਗਿਣਤੀ ਵਿਚ ਪਹੁੰਚੇ। ਬੈਂਕ ਅਧਿਕਾਰੀਆਂ ਅਨੁਸਾਰ ਬੈਂਕਾਂ ਵਿਚ ਦੇਰ ਸ਼ਾਮ ਤੱਕ ਕੰਮ ਚੱਲਿਆ। ਦਿਹਾੜੀਦਾਰ ਮਜ਼ਦੂਰਾਂ ਨੇ ਦੱਸਿਆ ਕਿ ਪਿਛਲੇ 50 ਦਿਨਾਂ ਤੋਂ ਉਨ੍ਹਾਂ ਦਾ ਰੁਜ਼ਗਾਰ ਠੱਪ ਪਿਆ ਹੈ, ਕਿਉਂਕਿ ਉਸਾਰੀ ਦੇ ਕੰਮ ਨਕਦੀ ਦੀ ਕਮੀ ਕਰਕੇ ਠੱਪ ਪਿਆ।
ਬੈਂਕਾਂ ਤੇ ਏ. ਟੀ. ਐਮ. ‘ਚੋਂ ਨਹੀਂ ਮਿਲਦੀ ਲੋੜੀਂਦੀ ਨਕਦੀ :
ਪਟਿਆਲਾ : ਜ਼ਿਲ੍ਹੇ ਵਿਚ 424 ਬੈਂਕ ਬ੍ਰਾਂਚਾਂ ਹਨ ਤੇ ਇਨ੍ਹਾਂ ਦੇ ਨਾਲ ਹੀ ਏ.ਟੀ.ਐਮ. ਵੀ ਹਨ, ਪਰ ਇਨ੍ਹਾਂ ਵਿਚੋਂ ਬਹੁਤੀਆਂ ਕੋਲ ਪੈਸੇ ਨਹੀਂ ਹੁੰਦੇ। ਛੋਟੇ ਮੋਟੇ ਕਾਰੋਬਾਰੀ ਇਸ ਨੋਟਬੰਦੀ ਕਾਰਨ ਰਗੜੇ ਗਏ ਹਨ। ਰੋਜ਼ਾਨਾ ਹੀ ਲੜਾਈ-ਝਗੜੇ ਹੋਣ ਦੀਆਂ ਖ਼ਬਰਾਂ ਹਨ।