ਕਸ਼ਮੀਰਨਾਮਾ: ਕੁਲਗਾਮ ਵਿਚ 5 ਖਾੜਕੂਆਂ ਦੀ ਮੌਤ; ਸ਼੍ਰੀਨਗਰ ਵਿਚ 4 ਪੁਲਸੀਏ, 3 ਸੀਆਰਪੀ ਜਵਾਨ ਜ਼ਖਮੀ

ਕਸ਼ਮੀਰਨਾਮਾ: ਕੁਲਗਾਮ ਵਿਚ 5 ਖਾੜਕੂਆਂ ਦੀ ਮੌਤ; ਸ਼੍ਰੀਨਗਰ ਵਿਚ 4 ਪੁਲਸੀਏ, 3 ਸੀਆਰਪੀ ਜਵਾਨ ਜ਼ਖਮੀ

ਸ਼੍ਰੀਨਗਰ: ਕਸ਼ਮੀਰ ਵਿਚ ਚੱਲ ਰਹੇ ਅਜ਼ਾਦੀ ਸੰਘਰਸ਼ ਵਿਚ ਕੱਲ੍ਹ ਦੋ ਵੱਡੀਆਂ ਹਿੰਸਕ ਘਟਨਾਵਾਂ ਵਾਪਰੀਆਂ। ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਭਾਰਤੀ ਫੌਜਾਂ ਅਤੇ ਕਸ਼ਮੀਰੀ ਖਾੜਕੂਆਂ ਦਰਮਿਆਨ ਹੋਏ ਮੁਕਾਬਲੇ ਵਿਚ 5 ਕਸ਼ਮੀਰੀ ਖਾੜਕੂ ਮਾਰੇ ਗਏ। ਇਸ ਦੌਰਾਨ ਮੌਕੇ 'ਤੇ ਇਕੱਤਰ ਹੋਏ ਆਮ ਕਸ਼ਮੀਰੀ ਵਿਚੋਂ 10 ਲੋਕ ਜ਼ਖਮੀ ਹੋਏ ਹਨ। ਕਸ਼ਮੀਰ ਵਿਚ ਹੁੰਦੇ ਮੁਕਾਬਲਿਆਂ ਵਿਚ ਆਮ ਕਸ਼ਮੀਰੀ ਲੋਕ ਕਸ਼ਮੀਰੀ ਖਾੜਕੂਆਂ ਦੀ ਮਦਦ ਲਈ ਵੱਡੀ ਗਿਣਤੀ ਵਿਚ ਇਕੱਤਰ ਹੋ ਜਾਂਦੇ ਹਨ। ਇਹਨਾਂ ਵਿਚ ਜ਼ਿਆਦਾਤਰ ਨੌਜਵਾਨ ਹੁੰਦੇ ਹਨ। 

ਇਸ ਮੁਕਾਬਲੇ ਵਿਚ ਮਾਰੇ ਗਏ ਸਾਰੇ ਖਾੜਕੂ ਸਥਾਨਕ ਪਿੰਡਾਂ ਦੇ ਨੌਜਵਾਨ ਸਨ। ਇਹਨਾਂ ਸਾਰਿਆਂ ਨੇ ਕਰੀਬ ਇਕ ਸਾਲ ਪਹਿਲਾਂ ਹੀ ਭਾਰਤ ਖਿਲਾਫ ਕਸ਼ਮੀਰ ਦੀ ਅਜ਼ਾਦੀ ਲਈ ਹਥਿਆਰ ਚੁੱਕਿਆ ਸੀ। 

ਕਸ਼ਮੀਰੀ ਅਖਬਾਰਾਂ ਦੀ ਖਬਰ ਮੁਤਾਬਿਕ ਇਹਨਾਂ ਖਾੜਕੂਆਂ ਨੇ ਇਕ ਘਰ ਵਿਚ ਪਨਾਹ ਲਈ ਹੋਈ ਸੀ। ਭਾਰਤੀ ਫੌਜ ਵਲੋਂ ਪਹਿਲਾਂ ਉਸ ਘਰ ਨੂੰ ਅੱਗ ਲਗਾ ਦਿੱਤੀ ਗਈ ਤਾਂ ਕਿ ਖਾੜਕੂ ਬਾਹਰ ਨਿਕਲ ਆਉਣ। 

ਮੁਕਾਬਲੇ ਤੋਂ ਬਾਅਦ ਮਾਰੇ ਗਏ ਖਾੜਕੂਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਦੇ ਦਿੱਤੀਆਂ ਗਈਆਂ। 

ਸ਼੍ਰੀਨਗਰ: ਸ਼੍ਰੀਨਗਰ ਦੇ ਮਸ਼ਹੂਰ ਅਤੇ ਵਿਅਸਤ ਰਹਿਣ ਵਾਲੇ ਲਾਲ ਚੌਂਕ ਵਿਖੇ ਸੀਆਰਪੀਐਫ ਦੇ ਬੰਕਰ 'ਤੇ ਇਕ ਗ੍ਰਨੇਡ ਸੁੱਟ ਕੇ ਹਮਲਾ ਕੀਤਾ ਗਿਆ। ਇਸ ਹਮਲੇ ਵਿਚ 11 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ ਜਿਹਨਾਂ ਵਿਚ 4 ਪੁਲਿਸ ਮੁਲਾਜ਼ਮ ਅਤੇ ਤਿੰਨ ਸੀਆਰਪੀ ਵਾਲੇ ਸ਼ਾਮਿਲ ਹਨ। 

ਗ੍ਰਨੇਡ ਸੁੱਟਣ ਵਾਲੇ ਖਾੜਕੂ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਸ਼ੀਨਗਰ ਦੀਆਂ ਅਖਬਾਰਾਂ ਮੁਤਾਬਿਕ ਇਸ ਹਮਲੇ ਦੀ ਜਿੰਮੇਵਾਰੀ ਜੈਸ਼-ਏ-ਮੋਹੱਮਦ ਦੀ "ਅਫਜ਼ਲ-ਗੁਰੂ-ਸਕੁਐਡ" ਵਲੋਂ ਲਈ ਗਈ ਹੈ। 

ਅਜ਼ਾਦੀ ਪਸੰਦ ਆਗੂਆਂ ਵਲੋਂ ਕੁਲਗਾਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
ਕਸ਼ਮੀਰ ਦੀਆਂ ਅਜ਼ਾਦੀ ਪਸੰਦ ਧਿਰਾਂ ਵਲੋਂ ਕੁਲਗਾਮ ਵਿਖੇ ਹੋਏ ਮੁਕਾਬਲੇ ਵਿਚ ਮਾਰੇ ਗਏ ਕਸ਼ਮੀਰੀ ਖਾੜਕੂਆਂ ਨੂੰ ਕਸ਼ਮੀਰ ਦੇ ਅਜ਼ਾਦੀ ਸੰਘਰਸ਼ ਦੇ ਸ਼ਹੀਦ ਦਸਦਿਆਂ ਸ਼ਰਧਾਂਜਲੀ ਦਿੱਤੀ ਗਈ। ਸਈਅਦ ਅਲੀ ਸ਼ਾਹ ਗਿਲਾਨੀ ਅਤੇ ਮੀਰਵਾਇਜ਼ ਉਮਰ ਫਾਰੂਕ ਵਲੋਂ ਇਸ ਸਬੰਧੀ ਬਿਆਨ ਜਾਰੀ ਕੀਤੇ ਗਏ।