ਬਾਦਲਾਂ ਤੇ ਸਿਰਸੇਵਾਲੇ ਦੀ ਵਿਚੋਲਗਿਰੀ ਕਰਨ ਦੇ ਮਾਮਲੇ ‘ਚ ਕਸੂਤਾ ਫਸਿਆ ਫਿਲਮ ਐਕਟਰ ਅਕਸ਼ੈ ਕੁਮਾਰ

ਬਾਦਲਾਂ ਤੇ ਸਿਰਸੇਵਾਲੇ ਦੀ ਵਿਚੋਲਗਿਰੀ ਕਰਨ ਦੇ ਮਾਮਲੇ ‘ਚ ਕਸੂਤਾ ਫਸਿਆ ਫਿਲਮ ਐਕਟਰ ਅਕਸ਼ੈ ਕੁਮਾਰ

ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਅਕਸ਼ੈ ਕੁਮਾਰ ਦੀ ਇਕ ਫਾਈਲ ਫੋਟੋ।
ਬਠਿੰਡਾ/ਬਿਊਰੋ ਨਿਊਜ਼ :
ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੂੰ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਨੇ ਸੰਮਨ ਕੀਤੇ ਹਨ। ਮਾਮਲਾ ਸਿਰਸੇਵਾਲੇ ਸਾਧ ਦੀ ਵਿਵਾਦਤ ਫਿਲਮ ਨੂੰ ਪੰਜਾਬ ਵਿਚ ਰਿਲੀਜ਼ ਕਰਵਾਉਣ ਬਦਲੇ ਕਥਿਤ ਤੌਰ ‘ਤੇ ਸੌ ਕਰੋੜ ਦੀ ”ਸੌਦੇਬਾਜ਼ੀ” ਨਾਲ ਜੁੜਿਆ ਹੋਇਆ ਹੈ। ਵਿਸ਼ੇਸ਼ ਜਾਂਚ ਟੀਮ ਨੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ, ਦੋਵੇਂ ਪਿਓ-ਪੁੱਤ ਨੂੰ ਵੀ ਸੰਮਨ ਕੀਤੇ ਹਨ। ਪੰਜਾਬ ਦੇ ਇਕ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਵੱਲੋਂ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਬਣੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਮੂਹਰੇ ਬਕਾਇਦਾ ਬਿਆਨ ਦੇ ਕੇ ਇਸ ਤਰ੍ਹਾਂ ਦੀ ”ਸੌਦੇਬਾਜ਼ੀ” ਦਾ ਜ਼ਿਕਰ ਕੀਤਾ ਗਿਆ ਸੀ। ਇਸ ਜਾਂਚ ਰਿਪੋਰਟ ਵਿਚ ਇਸ ਦਾ ਪੂਰਾ ਜ਼ਿਕਰ ਹੈ।
ਰਾਮਪੁਰਾ ਫੂਲ ਦੇ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਨੇ 9 ਅਕਤੂਬਰ 2017 ਨੂੰ ਬੇਅਦਬੀ ਮਾਮਲਿਆਂ ਦੇ ਸਬੰਧ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਬਿਆਨ ਕਲਮਬੰਦ ਕਰਾਏ ਸਨ। ਸਾਬਕਾ ਵਿਧਾਇਕ ਜਲਾਲ ਨੇ ਇਨ੍ਹਾਂ ਬਿਆਨਾਂ ਵਿਚ ਖ਼ੁਲਾਸਾ ਕੀਤਾ ਸੀ ਕਿ ਡੇਰਾ ਮੁਖੀ ਦੀ ਫ਼ਿਲਮ ਨੂੰ ਪੰਜਾਬ ਵਿਚ ਚਲਾਉਣ ਇੱਕ ਸੌਦਾ ਅਕਾਲੀ ਦਲ ਤੇ ਡੇਰਾ ਮੁਖੀ ਦਰਮਿਆਨ ਹੋਇਆ ਸੀ, ਜਿਸ ਦੀ ਵਿਚੋਲਗੀ ਅਕਸ਼ੈ ਕੁਮਾਰ ਨੇ ਮੁੰਬਈ ਵਿਚ ਕੀਤੀ ਸੀ। ਜਲਾਲ ਨੇ 100 ਕਰੋੜ ਦੀ ਸੌਦੇਬਾਜ਼ੀ ਦੀ ਗੱਲ ਕਹੀ ਸੀ।
ਅਕਸ਼ੇ ਕੁਮਾਰ ਅਜਿਹੀ ਕਿਸੇ ਘਟਨਾ ਤੋਂ ਸਾਫ ਮੁੱਕਰ ਗਿਆ ਹੈ। ਉਸ ਨੇ ਕਿਹਾ ਕਿ ਉਹ ਜ਼ਿੰਦਗੀ ਵਿਚ ਕਦੇ ਵੀ ਸਿਰਸਾ ਮੁਖੀ ਨੂੰ ਨਹੀਂ ਮਿਲਿਆ। ਅਕਸ਼ੈ ਕੁਮਾਰ ਨੇ ਟਵੀਟ ਕਰਕੇ ਸਪਸ਼ਟੀਕਰਨ ਦਿੱਤਾ ਹੈ ਕਿ ਉਹ ਆਪਣੀ ਜ਼ਿੰਦਗੀ ਵਿਚ ਕਦੇ ਵੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਨਹੀਂ ਮਿਲਿਆ। ਉਨ੍ਹਾਂ ਚੁਣੌਤੀ ਵੀ ਦਿੱਤੀ ਕਿ ਕੋਈ ਵੀ ਇਸ ਨੂੰ ਸਾਬਤ ਕਰਕੇ ਦਿਖਾਵੇ।
ਉਧਰ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਨੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਚੁਣੌਤੀ ਕਬੂਲਣ ਦਾ ਐਲਾਨ ਕੀਤਾ ਹੈ। ਜਲਾਲ ਨੇ ਆਖਿਆ ਕਿ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਬਿਆਨੀ ਸਚਾਈ ‘ਤੇ ਅੱਜ ਵੀ ਪੂਰੀ ਤਰ੍ਹਾਂ ਕਾਇਮ ਹਨ ਅਤੇ ਉਹ ਆਪਣੀ ਕਹੀ ਗੱਲ ਨੂੰ ਸਹੀ ਸਾਬਤ ਕਰਨ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਆਖਿਆ ਕਿ ਉਹ ਕਦੇ ਵੀ ਪਿੱਛੇ ਨਹੀਂ ਹਟਣਗੇ ਅਤੇ ਅਕਸ਼ੈ ਕੁਮਾਰ ਵੱਲੋਂ ਕਰਾਈ ਸੌਦੇਬਾਜ਼ੀ ਨੂੰ ਸਾਬਤ ਕਰ ਸਕਦੇ ਹਨ। ਉਸ ਨੇ ਇਕੱਲੇ ਨੇ ਨਹੀਂ ਬਲਕਿ ਹੋਰਨਾਂ ਨੇ ਵੀ ਇਸ ਸੌਦੇਬਾਜ਼ੀ ਦਾ ਖ਼ੁਲਾਸਾ ਕੀਤਾ ਹੈ।
ਉਨ੍ਹਾਂ ਆਖਿਆ ਕਿ ਹੁਣ ਮੁੱਕਰਨਾ ਅਕਸ਼ੈ ਕੁਮਾਰ ਦੀ ਮਜਬੂਰੀ ਹੈ ਕਿਉਂਕਿ ਅਗਰ ਉਹ ਮੁੱਕਰੇਗਾ ਨਹੀਂ ਤਾਂ ਉਸ ਦੀਆਂ ਪੰਜਾਬ ਵਿਚ ਫ਼ਿਲਮਾਂ ਕੌਣ ਦੇਖੇਗਾ। ਉਨ੍ਹਾਂ ਆਖਿਆ ਕਿ ਅਕਸ਼ੈ ਕੁਮਾਰ ਨੇ ਆਪਣੇ ਵਪਾਰਿਕ ਨੁਕਸਾਨ ਦੇ ਡਰੋਂ ਅੱਜ ਸਪਸ਼ਟੀਕਰਨ ਦਿੱਤਾ ਹੈ। ਜਲਾਲ ਨੇ ਇਹ ਵੀ ਆਖਿਆ ਕਿ ਗੱਠਜੋੜ ਸਰਕਾਰ ਸਮੇਂ ਅਕਸ਼ੈ ਕੁਮਾਰ ਆਪਣੀਆਂ ਫ਼ਿਲਮਾਂ ਦੀ ਮਸ਼ਹੂਰੀ ਵਿਸ਼ਵ ਕਬੱਡੀ ਕੱਪਾਂ ਵਿਚ ਮੁਫ਼ਤ ਕਰਦਾ ਰਿਹਾ ਹੈ ਬਲਕਿ ਸਰਕਾਰ ਉਸ ਨੂੰ ਬਦਲੇ ਵਿਚ ਕਰੋੜਾਂ ਰੁਪਏ ਦਿੰਦੀ ਰਹੀ ਹੈ। ਵਿਸ਼ਵ ਕਬੱਡੀ ਕੱਪ ਦਾ ਮੰਚ ਅਕਸ਼ੈ ਕੁਮਾਰ ਨੂੰ ਮੁਫ਼ਤ ਵਿਚ ਮਿਲ ਜਾਂਦਾ ਸੀ। ਉਨ੍ਹਾਂ ਆਖਿਆ ਕਿ ਕਰੋੜਾਂ ਰੁਪਏ ਦੀ ਸੌਦੇਬਾਜ਼ੀ ਕਰਾਉਣਾ ਵੀ ਗ਼ੈਰਕਾਨੂੰਨੀ ਹੈ, ਜਿਸ ਦਾ ਅਕਸ਼ੈ ਨੂੰ ਡਰ ਹੈ। ਉਨ੍ਹਾਂ ਆਖਿਆ ਕਿ ਨਵੀਂ ਸਿੱਟ ਟੀਮ ਤਰਫ਼ੋਂ ਫ਼ਿਲਹਾਲ ਉਸ ਨੂੰ (ਜਲਾਲ) ਬਿਆਨਾਂ ਲਈ ਬੁਲਾਇਆ ਨਹੀਂ ਗਿਆ ਹੈ। ਅਗਰ ਟੀਮ ਬੁਲਾਏਗੀ ਤਾਂ ਉਹ ਜਾਣਗੇ ਪਰ ਉਸ ਤੋਂ ਪਹਿਲਾਂ ਮੀਡੀਆ ਕੋਲ ਵੀ ਸਾਰਾ ਖ਼ੁਲਾਸਾ ਕਰਨਗੇ।
ਵਿਸ਼ੇਸ਼ ਜਾਂਚ ਟੀਮ ਵੱਲੋਂ ਬਾਦਲਾਂ ਤੋਂ ਇਲਾਵਾ ਅਕਸ਼ੈ ਕੁਮਾਰ ਨੂੰ ਵੀ ਤਲਬ ਕੀਤਾ ਗਿਆ ਹੈ ਅਤੇ ਸੰਮਨ ਭੇਜ ਕੇ 21 ਨਵੰਬਰ ਨੂੰ ਟੀਮ ਕੋਲ ਪੇਸ਼ ਹੋਣ ਲਈ ਆਖਿਆ ਗਿਆ ਹੈ।