ਦਿੱਲੀ ਸਿੱਖ ਕਤਲੇਆਮ ਦੇ ਮੁਜਰਿਮ ਦੇ ਅਕਾਲੀ ਆਗੂ ਸਿਰਸਾ ਨੇ ਜੜਿਆ ਥੱਪੜ

ਦਿੱਲੀ ਸਿੱਖ ਕਤਲੇਆਮ ਦੇ ਮੁਜਰਿਮ ਦੇ ਅਕਾਲੀ ਆਗੂ ਸਿਰਸਾ ਨੇ ਜੜਿਆ ਥੱਪੜ

ਨਵੀਂ ਦਿੱਲੀ/ਬਿਊਰੋ ਨਿਊਜ਼ :

ਸੰਨ-1984 ਦੇ ਸਿੱਖ ਕਤਲੇਆਮ ਦੇ ਇਕ ਕੇਸ ਵਿਚ ਮੁਜਰਮ ਯਸ਼ਪਾਲ ਸਿੰਘ ਦੇ ਸਿੱਖਾਂ ਬਾਰੇ ਗਲਤ ਭਾਸ਼ਾ ਵਰਤਣ ਉਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰੰਘ ਸਿਰਸਾ ਨੇ ਥੱਪੜ ਮਾਰ ਦਿੱਤਾ। ਇਸ ਦੌਰਾਨ ਸ. ਸਿਰਸਾ ਨੇ ਅਦਾਲਤੀ ਕੰਪਲੈਕਸ ਵਿਚ ਸਿੱਖਾਂ ਬਾਰੇ ਮੰਦੀ ਭਾਸ਼ਾ ਵਰਤਣ ਤੇ ਉਨ੍ਹਾਂ ਨੂੰ ਧਮਕੀਆਂ ਦੇਣ ਵਾਲੇ ਅਣਪਛਾਤਿਆਂ ਖ਼ਿਲਾਫ਼ ਤਿਲਕ ਮਾਰਗ ਥਾਣੇ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਜ਼ਿਕਰਯੋਗ ਹੈ ਕਿ ਸੰਨ 1984 ਦੇ ਸਿੱਖ ਕਤਲੇਆਮ ਦੇ ਇਕ ਮਾਮਲੇ ‘ਚ ਅਦਾਲਤ ਵੱਲੋਂ ਸਜ਼ਾ ਸੁਣਾਈ ਜਾਣੀ ਸੀ ਪਰ ਅਦਾਲਤ ਨੇ ਸਜ਼ਾ ਸੁਣਾਉਣ ਦਾ ਫੈਸਲਾ 20 ਨਵੰਬਰ ਤਕ ਰਾਖਵਾਂ ਰੱਖ ਲਿਆ। ਜਿਵੇਂ ਹੀ ਅਦਾਲਤ ਨੇ ਫੈਸਲਾ ਸੁਣਾਇਆ ਅਤੇ ਪੁਲਿਸ ਦੋਸ਼ੀਆਂ ਨੂੰ ਅਦਾਲਤ ਦੇ ਕਮਰੇ ਤੋਂ ਬਾਹਰ ਲੈ ਕੇ ਜਾਣ ਲੱਗੀ ਤਾਂ ਉੱਥੇ ਹੋਰਨਾ ਸਿੱਖਾਂ ਸਮੇਤ ਮੌਜੂਦ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦੋਸ਼ੀ ਯਸ਼ਪਾਲ ‘ਤੇ ਹਮਲਾ ਕਰ ਦਿੱਤਾ। ਇਹ ਸਭ ਕੁਝ ਇੰਨੀ ਤੇਜ਼ੀ ਨਾਲ ਹੋਇਆ ਕਿ ਅਦਾਲਤ ਦੇ ਬਾਹਰ ਕੁਝ ਦੇਰ ਲਈ ਮਾਹੌਲ ਕਾਫੀ ਤਣਾਅਪੂਰਨ ਬਣ ਗਿਆ। ਸਿਰਸਾ ਵੱਲੋਂ ਹਮਲਾ ਕਰਨ ਉਪਰੰਤ ਦੂਜੀ ਧਿਰ ਵੱਲੋਂ ਖੁੱਲ੍ਹੇਆਮ ਕਥਿਤ ਤੌਰ ‘ਤੇ ਧਮਕੀ ਦੇਣ ਦੇ ਨਾਲ ਹੀ ਕਾਫੀ ਅਸਭਿਅਕ ਭਾਸ਼ਾ ਦੀ ਵਰਤੋਂ ਵੀ ਕੀਤੀ ਗਈ। ਇਸ ਦੌਰਾਨ ਦੋਵੇਂ ਧਿਰਾਂ ਪੁਲਿਸ ਨਾਲ ਉਲਝਦੀਆਂ ਨਜ਼ਰ ਆਈਆਂ ਤੇ ਪੁਲਿਸ ਨਾਲ ਧੱਕਾ-ਮੁੱਕੀ ਵੀ ਹੋਈ ਪ੍ਰੰਤੂ ਪੁਲਿਸ ਵੱਲੋਂ ਕਿਸੇ ਤਰ੍ਹਾਂ ਦੋਵਾਂ ਧਿਰਾਂ ਨੂੰ ਕਾਬੂ ‘ਚ ਕਰਕੇ ਮਾਹੌਲ ਨੂੰ ਸ਼ਾਂਤ ਕੀਤਾ ਗਿਆ। ਪੁਲਿਸ ਨੂੰ ਦੋਸ਼ੀਆਂ ਨੂੰ ਬਚਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਇਸ ਮਸਲੇ ਨੂੰ ਲੈ ਕੇ ਅਦਾਲਤ ਵੱਲੋਂ ਦਿੱਲੀ ਕਮੇਟੀ ਦੇ ਇੱਕ ਅਧਿਕਾਰੀ ਨੂੰ ਝਾੜ ਵੀ ਪਾਈ ਗਈ। ਦੋਸ਼ੀ ਯਸ਼ਪਾਲ ‘ਤੇ ਹਮਲਾ ਕਰਨ ਵਾਲੇ ਸਿਰਸਾ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਸੰਨ 1984 ਵਿਚ ਨਿਰਦੋਸ਼ ਸਿੱਖਾਂ ਦੀ ਹੱਤਿਆ ਕੀਤੀ ਸੀ, ਉਨ੍ਹਾਂ ਦੇ ਆਲੇ ਦੁਆਲੇ ਹਾਲੇ ਵੀ ਗੁੰਡਾ ਕਿਸਮ ਦੇ ਲੋਕ ਘੁੰਮ ਰਹੇ ਹਨ ਅਤੇ ਸਿੱਖਾਂ ਨੂੰ 1984 ਦੁਬਾਰਾ ਯਾਦ ਕਰਵਾਉਣ ਦੀਆਂ ਕਥਿਤ ਧਮਕੀਆਂ ਦੇ ਰਹੇ ਹਨ। ਸੀਨੀਅਰ ਵਕੀਲ ਐੱਚ.ਐੱਸ ਫੂਲਕਾ ਫੂਲਕਾ ਨੇ ਅਦਾਲਤ ਦੇ ਬਾਹਰ ਮੁਲਜ਼ਮਾਂ ‘ਤੇ ਕੀਤੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਪੀੜਤ ਦਾ ਕੇਸ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਅਦਾਲਤੀ ਕੰਪਲੈਕਸ ਵਿਚ ਅਜਿਹੀਆਂ ਘਟਨਾਵਾਂ ਨਾਲ ਕੇਸ ਦੇ ਫੈਸਲਿਆਂ ਉਪਰ ਉਲਟਾ ਪ੍ਰਭਾਵ ਪੈ ਸਕਦਾ ਹੈ।
ਗੌਰਤਲਬ ਹੈ ਕਿ ਸੰਨ 1984 ਦੇ ਸਿੱਖ ਕਤਲੇਆਮ ਦੀ ਜਾਂਚ ਕਰ ਰਹੀ ਵਿਸ਼ੇਸ਼ ਟੀਮ ਨੇ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵੱਲੋਂ ਦੋ ਸਿੱਖਾਂ ਦੇ ਕਤਲ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਗਏ ਦੋਵੇਂ ਮੁਜਰਮਾਂ ਯਸ਼ਪਾਲ ਸਿੰਘ ਤੇ ਨਰੇਸ਼ ਸਹਿਰਾਵਤ ਨੂੰ ਫ਼ਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਸਿੱਟ ਨੇ ਕਿਹਾ ਕਿ ਇਹ ਕਤਲ ਇਕ ਖਾਸ ਫ਼ਿਰਕੇ ਦੀ ‘ਨਸਲਕੁਸ਼ੀ’ ਦੇ ਇਰਾਦੇ ਨਾਲ ਕੀਤੇ ਗਏ ਸਨ ਤੇ ਇਹ ਵਿਰਲਿਆਂ ‘ਚੋਂ ਵਿਰਲਾ ਕੇਸ ਬਣਦਾ ਹੈ, ਜਿਸ ਲਈ ਮੌਤ ਦੀ ਸਜ਼ਾ ਦਿੱਤੀ ਜਾਣੀ ਬਣਦੀ ਹੈ।
ਇਸ ਤੋਂ ਪਹਿਲਾਂ ਵਧੀਕ ਸੈਸ਼ਨ ਜੱਜ ਅਜੈ ਪਾਂਡੇ ਨੇ ਦੋਵਾਂ ਮੁਜਰਮਾਂ ਨਰੇਸ਼ ਸਹਿਰਾਵਤ ਤੇ ਯਸ਼ਪਾਲ ਸਿੰਘ ਬਾਰੇ ਸਜ਼ਾ ਸਣਾਉਣ ਦਾ ਫ਼ੈਸਲਾ 20 ਨਵੰਬਰ ਤਕ ਰਾਖਵਾਂ ਰੱਖ ਲਿਆ। ’84 ਦੇ ਸਿੱਖ ਕਤਲੇਆਮ ਦੌਰਾਨ ਮਾਰੇ ਗਏ ਸੰਤੋਖ ਸਿੰਘ ਦੇ ਭਰਾ ਹਰਦੇਵ ਸਿੰਘ ਵੱਲੋਂ ਵਿਸ਼ੇਸ਼ ਜਾਂਚ ਟੀਮ ਨੂੰ ਦਿੱਤੀ ਸ਼ਿਕਾਇਤ ਮਗਰੋਂ ਚੱਲੇ ਮੁਕੱਦਮੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਬੀਤੇ ਦਿਨ ਯਸ਼ਪਾਲ ਸਿੰਘ ਤੇ ਨਰੇਸ਼ ਸਹਿਰਾਵਤ ਨੂੰ ਦੋਸ਼ੀ ਕਰਾਰ ਦਿੱਤਾ ਸੀ। ਦਿੱਲੀ ਪੁਲੀਸ ਨੇ 1994 ਵਿੱਚ ਇਹ ਕੇਸ ਸਬੂਤਾਂ ਦੀ ਅਣਹੋਂਦ ਵਿਚ ਬੰਦ ਕਰ ਦਿੱਤਾ ਸੀ ਪਰ ਕੇਸ ਮੁੜ ਖੁੱਲ੍ਹਣ ਮਗਰੋਂ ਇਸ ਦੀ ਜਾਂਚ ‘ਸਿੱਟ’ ਨੂੰ ਸੌਂਪ ਦਿੱਤੀ ਗਈ ਸੀ।