ਐਸਜੀਪੀਸੀ : ਸੁਖਬੀਰ ਬਾਦਲ ਦੇ ਲਿਫਾਫੇ ਵਿਚੋਂ ਹੀ ਨਿਕਲੇ ਪ੍ਰਧਾਨ ਤੇ ਹੋਰ ਅਹੁਦੇਦਾਰ

ਐਸਜੀਪੀਸੀ : ਸੁਖਬੀਰ ਬਾਦਲ ਦੇ ਲਿਫਾਫੇ ਵਿਚੋਂ ਹੀ ਨਿਕਲੇ ਪ੍ਰਧਾਨ ਤੇ ਹੋਰ ਅਹੁਦੇਦਾਰ

ਅੰਮ੍ਰਿਤਸਰ/ਬਿਊਰੋ ਨਿਊਜ਼ :
ਆਖਰ ਇਸ ਵਾਰ ਵੀ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਲਿਫਾਫੇ ਵਿਚੋਂ ਹੀ ਨਿਕਲੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਕੁਰਸੀ ਗੋਬਿੰਦ ਸਿੰਘ ਲੌਂਗੋਵਾਲ ਕੋਲ ਹੀ ਰਹੇਗੀ। ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿਚ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੋਬਿੰਦ ਸਿੰਘ ਲੌਂਗੋਵਾਲ ਦਾ ਨਾਂ ਪੇਸ਼ ਕੀਤਾ। ਦੂਜੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਇਸ ਦੀ ਤਾਇਦ ਕੀਤੀ। ਇਸ ਤੋਂ ਇਲਾਵਾ ਰਘੂਜੀਤ ਸਿੰਘ ਵਿਰਕ ਨੂੰ ਸੀਨੀਅਰ ਮੀਤ ਪ੍ਰਧਾਨ, ਬਿੱਕਰ ਸਿੰਘ ਚੰਨੋ ਨੂੰ ਜੂਨੀਅਰ ਮੀਤ ਪ੍ਰਧਾਨ ਤੇ ਗੁਰਬਚਨ ਸਿੰਘ ਕਰਮੂਵਾਲ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ।
ਅੰਤ੍ਰਿਗ ਕਮੇਟੀ ਲਈ ਗੁਰਮੀਤ ਸਿੰਘ ਤ੍ਰਿਲੋਕੇਵਾਲ, ਜਗਜੀਤ ਸਿੰਘ ਤਲਵੰਡੀ, ਭਾਈ ਮਨਜੀਤ ਸਿੰਘ, ਸ਼ਿੰਗਾਰਾ ਲੋਹੀਆ, ਭੁਪਿੰਦਰ ਸਿੰਘ ਭਲਵਾਨ, ਬੀਬੀ ਜਸਜੀਤ ਕੌਰ, ਤਾਰਾ ਸਿੰਘ ਸੰਘਾ, ਜਰਨੈਲ ਸਿੰਘ ਕਰਤਾਰਪੁਰ, ਖੁਸ਼ਵਿੰਦਰ ਸਿੰਘ ਭਾਟੀਆ ਚੁਣੇ ਗਏ ਹਨ।
ਅਕਾਲੀ ਦਲ ਦੇ ਸਾਰੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਪਹਿਲਾਂ ਹੀ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਦੇ ਸਾਰੇ ਹੱਕ ਸੁਖਬੀਰ ਬਾਦਲ ਨੂੰ ਸੌਂਪ ਦਿੱਤੇ ਸੀ। ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਏ ਜਨਰਲ ਇਜਲਾਸ ਵਿਚ ਸੁਖਬੀਰ ਸਿੰਘ ਬਾਦਲ ਦੀ ਮਰਜ਼ੀ ਮੁਤਾਬਕ ਹੀ ਅਹੁਦੇਦਾਰਾਂ ਦੀ ਲਾਟਰੀ ਨਿਕਲੀ। ਉਪਰੰਤ ਐਸਜੀਪੀਸੀ. ਦੇ ਪ੍ਰਧਾਨ ਲੌਂਗੋਵਾਲ ਨੇ ਕੁਝ ਸ਼ੋਕ ਮਤੇ ਵੀ ਪੇਸ਼ ਕੀਤੇ।
ਗੌਰਤਲਬ ਹੈ ਕਿ ਅਕਾਲੀ ਦਲ ਵਿਚ ਹਾਲ ਹੀ ‘ਚ ਹੋਈ ਬਗਾਵਤ ਕਾਰਨ ਸੁਖਬੀਰ ਬਾਦਲ ਪਿਛਲੇ ਕਈ ਦਿਨਾਂ ਤੋਂ ਮੈਂਬਰਾਂ ਦੀ ਨਬਜ਼ ਟੋਹ ਰਹੇ ਸੀ। ਇਸ ਬਾਬਤ ਉਨ੍ਹਾਂ ਚੰਡੀਗੜ੍ਹ ਤੇ ਅੰਮ੍ਰਿਤਸਰ ਵਿਖੇ ਮੀਟਿੰਗਾਂ ਵੀ ਕੀਤੀਆਂ ਸਨ। ਜਾਪਦਾ ਸੀ ਸ਼ਾਇਦ ਭਾਰੀ ਪੰਥਕ ਵਿਰੋਧ ਦੇ ਕਾਰਨ ਇਸ ਵਾਰ ਬਾਦਲ ਪਰਿਵਾਰ ਪ੍ਰਧਾਨ ਦੀ ਚੋਣ ਪੰਥਕ ਰਵਾਇਤਾਂ ਮੁਤਾਬਕ ਕਰਨਗੇ ਪਰ ਉਨ੍ਹਾਂ ਨੇ ਸਿੱਖ ਕੌਮ ਦੀ ਇਸ ਸ਼ਾਨਾਮੱਤੀ ਸੰਸਥਾ ਦੇ ਵਕਾਰ ਨੂੰ ਢਾਹ ਲਾਉਣ ਵਾਲੀ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਲਿਫਾਫਾ ਚੋਣ ਦੀ ਗੈਰ-ਜਮਹੂਰੀ ਕਾਰਵਾਈ ਹੀ ਜਾਰੀ ਰੱਖੀ।
ਐਸਜੀਪੀਸੀ. ਜਨਰਲ ਇਜਲਾਸ ਵਿਚ ਚੋਣ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਮੂਲ ਮੰਤਰ ਦਾ ਪਾਠ ਕੀਤਾ ਗਿਆ। ਇਸ ਤੋਂ ਬਾਅਦ ਜਦੋਂ ਐਸਜੀਪੀਸੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਏਜੰਡਾ ਕੀਤਾ ਪੇਸ਼ ਕੀਤਾ ਅਤੇ ਅਗਲੀ ਕਾਰਵਾਈ ਸ਼ੁਰੂ ਕੀਤੀ ਤਾਂ ਬਲਵਿੰਦਰ ਸਿੰਘ ਬੈਂਸ ਵਲੋਂ ਵਿਰੋਧ ਕੀਤਾ ਗਿਆ।
ਐਸਜੀਪੀਸੀ. ਮੈਂਬਰ ਬੀਬੀ ਕਿਰਨਜੋਤ ਕੌਰ ਵੱਲੋਂ ਡਾ. ਕ੍ਰਿਪਾਲ ਸਿੰਘ ਇਤਿਹਾਸਕਾਰ ‘ਤੇ ਐਸਜੀਪੀਸੀ. ਵੱਲੋਂ ਲਾਏ ਦੋਸ਼ਾਂ ਦੀ ਨਿੰਦਾ ਕਰਨ ਦੌਰਾਨ ਮੈਂਬਰਾਂ ਵੱਲੋਂ ਮਾਈਕ ਖੋਹ ਲਿਆ ਗਿਆ ਤੇ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਗਿਆ।
ਸ਼੍ਰੋਮਣੀ ਕਮੇਟੀ ਮੈਂਬਰ ਹਰੀ ਸਿੰਘ ਜ਼ੀਰਾ ਦੇ ਲੜਕੇ ਵੱਲੋਂ ਪੱਤਰਕਾਰਾਂ ਨਾਲ ਬਦਸਲੂਕੀ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਉਸ ਵੱਲੋਂ ਪੱਤਰਕਾਰਾਂ ਨੂੰ ਧੱਕੇ ਮਾਰੇ ਗਏ ਹਨ।