ਸ਼੍ਰੋਮਣੀ ਕਮੇਟੀ ਦਾ ਚੋਣ ਇਜਲਾਸ : ਬਾਦਲਾਂ ਦੇ ਲਿਫਾਫੇ ‘ਚੋਂ ਨਿਕਲੀ ਪ੍ਰਧਾਨਗੀ

ਸ਼੍ਰੋਮਣੀ ਕਮੇਟੀ ਦਾ ਚੋਣ ਇਜਲਾਸ : ਬਾਦਲਾਂ ਦੇ ਲਿਫਾਫੇ ‘ਚੋਂ ਨਿਕਲੀ ਪ੍ਰਧਾਨਗੀ

ਮਨਜੀਤ ਸਿੰਘ ਟਿਵਾਣਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਗਰੇਜ਼ਾਂ ਵੇਲੇ ਚੱਲੀ ਗੁਰਦੁਆਰਾ ਸੁਧਾਰ ਲਹਿਰ ਦੇ ਲੰਮੇ ਸੰਘਰਸ਼ ਤੋਂ ਬਾਅਦ ਸੰਨ ੧੯੨੫ ਵਿਚ ਹੋਂਦ ਵਿਚ ਆਈ ਸੀ। ਇਸ ਤਰ੍ਹਾਂ ਇਹ ਸਿੱਖ ਕੌਮ ਦੀ ਇਕ ਇਤਿਹਾਸਕ, ਵਕਾਰੀ ਤੇ ਵੱਡ-ਅਕਾਰੀ ਮਹਾਨ ਸੰਵਿਧਾਨਕ ਸੰਸਥਾ ਹੈ। ਵਿਧਾਨ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹਰੇਕ ਸਾਲ ਹੋਣੀ ਹੁੰਦੀ ਹੈ।ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸਮਝੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਜਮਹੂਰੀਅਤ ਦਾ ਲਗਭਗ ਭੋਗ ਹੀ ਪੈ ਗਿਆ ਹੈ। ਇਹ ਵਰਤਾਰਾ ਇਸ ਸੰਸਥਾ ਉਤੇ ਹਮੇਸ਼ਾ ਤੋਂ ਕਾਬਜ਼ ਚਲੀ ਆ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਇਕ ਪਰਿਵਾਰ (ਬਾਦਲਾਂ) ਦੇ ਕਬਜ਼ੇ ਵਿਚ ਚਲੇ ਜਾਣ ਤੋਂ ਬਾਅਦ ਸ਼ੁਰੂ ਹੋਇਆ ਹੈ। ਹੁਣ ਹਰ ਵਾਰ ਨਵਾਂ ਪ੍ਰਧਾਨ ਚੁਣਨ ਦੇ ਸਾਰੇ ਹੱਕ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਨੂੰ ਦੇ ਦਿੱਤੇ ਜਾਂਦੇ ਹਨ। ਪਹਿਲਾਂ ਇਹ ਅਧਿਕਾਰ ਅਕਸਰ ਪ੍ਰਕਾਸ਼ ਸਿੰਘ ਬਾਦਲ ਕੋਲ ਚਲੇ ਜਾਂਦੇ ਸਨ, ਹੁਣ ਉਨ੍ਹਾਂ ਦੇ ਫਰਜ਼ੰਦ ਸੁਖਬੀਰ ਸਿੰਘ ਬਾਦਲ ਇਸ ਗੈਰ-ਜਮਹੂਰੀ ਤੇ ਗੈਰ-ਸਿਧਾਂਤਕ ਪੈਂਤੜੇ ਨਾਲ ਸਿੱਖ ਕੌਮ ਦੀ ਇਸ ਸ਼ਾਨਾਮੱਤੀ ਸੰਸਥਾ ਦੇ ਵਕਾਰ ਨੂੰ ਢਾਹ ਲਾਉਣ ਲੱਗੇ ਹਨ। ਹਰ ਵਾਰ ਸ਼੍ਰੋਮਣੀ ਕਮੇਟੀ ਦੇ ਸਲਾਨਾ ਚੋਣ ਇਜਲਾਸ ਵਿਚ ਬਾਦਲਾਂ ਵੱਲੋਂ ਆਪਣੇ ਏਲਚੀ ਹੱਥ ਭੇਜੇ ਬੰਦ ਲਿਫਾਫੇ ਵਿਚੋਂ ਪ੍ਰਧਾਨਗੀ ਤੇ ਦੂਜੀਆਂ ਅਹੁਦੇਦਾਰੀਆਂ ਨਿਕਲਦੀਆਂ ਹਨ। ਤਾਜ਼ਾ ਚੋਣ ਅਮਲ ਦੌਰਾਨ ਵੀ ਸੁਖਬੀਰ ਬਾਦਲ ਨੇ ਇਹੋ ਹਰਕਤ ਕਰਦਿਆਂ ਆਪਣੇ ਚਹੇਤੇ ਗੋਬਿੰਦ ਸਿੰਘ ਲੋਂਗੋਵਾਲ ਨੂੰ ਪ੍ਰਧਾਨਗੀ ਦੇ ਅਹੁਦੇ ਉੱਤੇ ਇਕ ਸਾਲ ਹੋਰ ਬੈਠੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਹੈ।
ਅਸੀਂ ਆਮ ਤੌਰ ‘ਤੇ ਇਸ ਵਰਤਾਰੇ ਨੂੰ ਰਾਜਨੀਤਕ ਨਜ਼ਰੀਏ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਕਮੇਟੀ ਉਤੇ ਪਕੜ ਕਾਇਮ ਰੱਖਣ ਦੀ ਲਾਲਸਾ ਵੱਜੋਂ ਹੀ ਦੇਖਦੇ ਹਨ। ਜੇਕਰ ਪ੍ਰਕਾਸ਼ ਸਿੰਘ ਬਾਦਲ ਦੇ ਲੰਮੇ ਸਿਆਸੀ ਜੀਵਨ ਵੱਲ ਝਾਤ ਮਾਰੀਏ ਤਾਂ ਇਸ ਵਰਤਾਰੇ ਦੀਆਂ ਜੜ੍ਹਾਂ ਬਹੁਤ ਡੂੰਘੇਰੀਆਂ ਤੇ ਇਸ ਦੀਆਂ ਤੰਦਾਂ ਕਿਤੇ ਦੂਰ ਜਾ ਜੁੜਦੀਆਂ ਹਨ। ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਰਾਜਨੀਤਕ ਜੀਵਨ ਦੌਰਾਨ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਨਹੀ, ਸਗੋਂ ਦੂਜੀਆਂ ਕਈ ਸ਼ਾਨਾਮੱਤੀਆਂ ਸੰਸਥਾਵਾਂ ਤੇ ਪਰੰਪਰਾਵਾਂ ਦਾ ਵੀ ਘਾਣ ਕੀਤਾ ਹੈ। ਸਿੱਖਾਂ ਦੇ ਲੀਡਰ ਬਣ ਕੇ ਸਿੱਖ-ਮਾਰੂ ਤੇ ਕੌਮ ਦੀਆਂ ਜੜ੍ਹਾਂ ਵਿਚ ਤੇਲ ਦੇਣ ਦੀ ਵਿਰਾਸਤ ਹੁਣ ਅੱਗੇ ਉਸ ਦਾ ਪੁੱਤ ਤੇ ਸਾਰਾ ਕੋੜਮਾ ਸੰਭਾਲ ਰਿਹਾ ਹੈ। ਇਸ ਵਰਤਾਰੇ ਨੂੰ ਸਮਝਣ ਲਈ ਸਾਨੂੰ ਬਾਦਲਕਿਆਂ ਦੇ ਨਾਗਪੁਰੀ ਕੁਨੈਕਸ਼ਨ ਸਮੇਤ ਦਿੱਲੀ ਦਰਬਾਰ ਨਾਲ ਗੁਪਤ ਸਾਂਝ-ਭਿਆਲੀ ਦਾ ਵਿਸ਼ਲੇਸ਼ਣ ਵੀ ਕਰਨਾ ਪਵੇਗਾ।
ਪ੍ਰਕਾਸ਼ ਸਿੰਘ ਬਾਦਲ ਨੇ ਇਕ ਵਾਢਿਓਂ ਪੂਰੀ ਵਿਊਂਤਬੰਦੀ ਨਾਲ ਸਿੱਖ ਸਿਧਾਂਤਾਂ ਦੇ ਨਿਆਰੇਪਣ, ਪੰਚ ਪ੍ਰਧਾਨੀ ਪਰੰਪਰਾ, ਜੁਝਾਰੂਪਣ, ਸਿੱਖ ਸਾਹਿਤ, ਮੀਰੀ-ਪੀਰੀ, ਲੰਗਰ ਪ੍ਰਥਾ ਅਤੇ ਹਰ ਉਸ ਵਿਰਾਸਤ ਨੂੰ ਮਲੀਆਮੇਟ ਕਰਨ ਦਾ ਕੁਕਰਮ ਕੀਤਾ ਹੈ, ਜਿਸ ਦੀ ਲੋੜ ਉਸ ਦੀ ਪਿੱਠ ਉਤੇ ਖੜ੍ਹੇ ਬਿਪਰਵਾਦ ਨੂੰ ਆਪਣੇ ਮਨਸੂਬੇ ਪੂਰੇ ਕਰਨ ਲਈ ਸੀ। ਇਸ ਕੰਮ ਲਈ ਉਸ ਨੇ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖਤ ਸਾਹਿਬ, ਸੰਤ ਸਮਾਜ, ਟਕਸਾਲਾਂ, ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਗੱਲ ਕੀ ਹਰ ਪੰਥਕ ਸੰਸਥਾ ਨੂੰ, ਕਿਤੇ ਖੁਦ ਕਬਜ਼ਾ ਕਰਕੇ ਤੇ ਕਿਤੇ ਇਨ੍ਹਾਂ ਸੰਸਥਾਵਾਂ ਉਤੇ ਸੱਤਾ ਤੇ ਪੈਸੇ ਦੇ ਲਾਲਚੀ ਆਗੂਆਂ ਨੂੰ ਬਿਠਾ, ਸਿੱਖ ਪੰਥ ਦੀ ਰੂਹਾਨੀ ਤੇ ਲਾਸਾਨੀ ਆਭਾ ਨੂੰ ਮੇਟਣ ਤੇ ਧੁੰਦਲਾ ਕਰਨ ਦਾ ਹਰ ਹਰਬਾ ਵਰਤਿਆ ਹੈ। ਇਹ ਕੰਮ ਕਰਨ ਬਦਲੇ ਉਸ ਨੂੰ ਬੇਸ਼ੁਮਾਰ ਦੌਲਤਾਂ, ਸ਼ੋਹਰਤਾਂ ਤੇ ਰਾਜਸੀ ਅਹੁਦਿਆਂ ਦੀ ਖਿੱਲਤ ਮਿਲਦੀ ਰਹੀ ਹੈ।
ਹੁਣ ਜਦੋਂ ਇਕ ਵਾਰ ਫਿਰ ਉਨ੍ਹਾਂ ਨੇ ਭਾਰੀ ਵਿਰੋਧ ਅਤੇ ਸੰਕਟ ਦੇ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਕਰਨ ਦਾ ਪੁਰਾਣਾ ਢੰਗ-ਤਰੀਕਾ ਹੀ ਮੁੜ ਵਰਤਿਆ ਹੈ, ਤਾਂ ਸਵਾਲ ਪੈਦਾ ਹੁੰਦਾ ਹੈ ਕਿ ਪਾਰਟੀ ਅੰਦਰ ਹਾਲ ਦੀ ਘੜੀ ਜਦੋਂ ਸਭ ਕੁਝ ਬਾਦਲਾਂ ਦੇ ਕਾਬੂ ਵਿਚ ਹੈ, ਤਾਂ ਇਸ ਢੀਠਤਾਈ ਦਾ ਕੀ ਕਾਰਨ ਹੈ? ਇਹ ਨਿਰਸੰਦੇਹ ਸਿਰਫ ਸ਼੍ਰੋਮਣੀ ਕਮੇਟੀ ਨੂੰ ਆਪਣੀ ਮੁੱਠੀ ਵਿਚ ਰੱਖਣ ਦੀ ਇਕ ਸਿਆਸੀ ਰਣਨੀਤੀ ਮਾਤਰ ਤਾਂ ਨਹੀਂ ਹੈ। ਉਹ ਤਾਂ ਪਹਿਲਾਂ ਤੋਂ ਹੀ ਉਨ੍ਹਾਂ ਦੇ ਕਬਜ਼ੇ ਵਿਚ ਹੈ। ਮੌਜੂਦਾ ਹਾਲਾਤ ਵਿਚ ਸਿਆਸੀ ਤੌਰ ‘ਤੇ ਘਾਟੇ ਵਾਲਾ ਸਮਝਿਆ ਜਾਂਦਾ ਪੈਂਤੜਾ ਵਰਤਣ ਦਾ ਸਿੱਧਾ ਕਾਰਨ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਦੀ ਦੁਰਗਤੀ ਕਰਨ, ਕੌਮ ਨੂੰ ਵਾਰ-ਵਾਰ ਠਿੱਠ ਕਰਕੇ ਉਸ ਦੀ ਜ਼ੁਰਅਤ ਤੇ ਜੁਝਾਰੂਪਣ ਨੂੰ ਖੁੰਢਾ ਕਰ ਦੇਣ ਦੀ ਕੂਟਨੀਤੀ ਹੀ ਹੋ ਸਕਦੀ ਹੈ। ਸਿੱਖ ਸੰਸਥਾਵਾਂ ਉਤੇ ਚੰਗੇ ਕਿਰਦਾਰ ਵਾਲੇ ਆਗੂਆਂ ਦੀ ਨਿਯੁਕਤੀ ਦੀ ਥਾਂ ਮਾੜੇ ਕਿਰਦਾਰ ਵਾਲੇ ਲੋਕਾਂ ਦੀ ਬਹਾਲੀ ਇਸੇ ਕੜੀ ਦਾ ਹਿੱਸਾ ਹੈ।
ਇਕ ਸਮਾਂ ਉਹ ਵੀ ਸੀ ਜਦੋਂ ਗੁਰਦੁਆਰਾ ਸੁਧਾਰ ਲਹਿਰ ਇਸ ਆਸ਼ੇ ਨਾਲ ਆਰੰਭ ਹੋਈ ਸੀ ਕਿ ਨਾ ਸਿਰਫ ਆਪਣੇ ਗੁਰਧਾਮਾਂ ਦੀ ਪਵਿੱਤਰਤਾ ਨੂੰ ਹੀ ਕਾਇਮ ਰੱਖਿਆ ਜਾਏ ਸਗੋਂ ਸਮਾਜ ਅੰਦਰ ਚੰਗੀਆਂ ਰਹੁ-ਰੀਤਾਂ ਦੀ ਸਥਾਪਤੀ ਵੀ ਕੀਤੀ ਜਾਏ। ਹੁਣ ਇਕ ਵਾਰ ਮੁੜ ਇਹ ਪ੍ਰਭਾਵ ਬਣਿਆ ਹੈ ਕਿ ਗੁਰਦੁਆਰਾ ਸੁਧਾਰ ਵਾਲੀ ਭਾਵਨਾ ਦੀ ਪੁਨਰ- ਸੁਰਜੀਤੀ ਕੀਤੀ ਜਾਵੇ। ਸਮੇਂ ਦੀ ਸਿਆਸਤ ਨੇ ਸਾਡੀਆਂ ਸੰਸਥਾਵਾਂ ਨੂੰ ਭਾਰੀ ਢਾਹ ਲਗਾਈ ਹੈ। ਸ਼੍ਰੋਮਣੀ ਕਮੇਟੀ ਹੁਣ ਸਿੱਖਾਂ ਦੀ ਸੰਸਥਾ ਨਹੀਂ, ਸਗੋਂ ਬਾਦਲਕਿਆਂ ਦੇ ਰਾਜਸੀ ਆਰ-ਪਰਿਵਾਰ ਦੀ ਗੁਲਾਮ ਹੋ ਕੇ ਰਹਿ ਗਈ ਹੈ। ਸ਼੍ਰੋਮਣੀ ਕਮੇਟੀ ਹੁਣ ਉਹ ਕੁਝ ਹੀ ਕਰਦੀ ਹੈ, ਜੋ ਨਾਗਪੁਰੀ ਤਖ਼ਤ ਚਾਹੁੰਦਾ ਹੈ। ਸਿੱਖੀ ਦੀ ਥਾਂ ਬਿਪਰਵਾਦੀ ਕਰਮ-ਕਾਂਡਾਂ ਦੇ ਪ੍ਰਚਾਰ ਤੇ ਪਾਸਾਰ ਲਈ ਉਨ੍ਹਾਂ ਨੂੰ ਬਾਦਲਾਂ ਰਾਹੀਂ ਇਸ ਸੰਸਥਾ ਨੂੰ ਆਪਣੀ ਮੁੱਠੀ ਵਿਚ ਰੱਖਣ ਦੀ ਲੋੜ ਹੈ। ਕਿੰਨੀ ਭਿਆਨਕ, ਤਰਾਸਦਿਕ ਤੇ ਸ਼ਰਮ ਵਾਲੀ ਗੱਲ ਹੈ ਕਿ ਸਿੱਖਾਂ ਦੀਆਂ ਸਿਰਮੌਰ ਧਾਰਮਿਕ ਸੰਸਥਾਵਾਂ ਨੂੰ ਅਕਾਲੀ ਹੋਣ ਦਾ ਨਕਾਬ ਪਾ ਕੇ ਇਕ ਪਰਿਵਾਰ ਹੀ ਨਿਘਲਦਾ ਜਾ ਰਿਹਾ ਹੈ।
ਜੇ ਸਾਡੀਆਂ ਧਾਰਮਿਕ ਸੰਸਥਾਵਾਂ ਹੀ ਦਿੱਲੀ ਤੇ ਨਾਗਪੁਰ ਦੀਆਂ ਗ਼ੁਲਾਮ ਰਹੀਆਂ, ਤਾਂ ਸਿੱਖ ਕੌਮ ਦੀ ਆਜ਼ਾਦੀ ਦਾ ਰਸਤਾ ਕਿਧਰੋਂ ਨਿਕਲੇਗਾ, ਵਿਚਾਰਨ ਵਾਲੀ ਗੱਲ ਹੈ। ਸਿੱਖੀ ਇਕ ਨਿਰਾਲੀ ਜੀਵਨ-ਜਾਚ ਤਾਂ ਹੈ ਹੀ, ਨਾਲ ਹੀ ਸਾਨੂੰ ਗੁਰੂ ਪਿਤਾ ਨੇ ਆਜ਼ਾਦੀ ਤੇ ਨਿਆਰੇਪਣ ਦੀ ਬਹਾਲੀ ਲਈ ‘ਪਾਤਸ਼ਾਹੀ ਦਾਅਵਾ’ ਵੀ ਬਖਸ਼ਿਸ਼ ਕੀਤਾ ਹੈ। ਜਮਹੂਰੀਅਤ ਦੀ ਬਹਾਲੀ ਮਹਿਜ਼ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਤਕ ਸੀਮਤ ਨਹੀਂ, ਸਗੋਂ ਇਹ ਸਾਡੇ ਸਮੁੱਚੇ ਧਾਰਮਿਕ ਤੇ ਰਾਜਸੀ ਪ੍ਰਬੰਧ ਦੀ ਜ਼ਰੂਰਤ ਬਣਨੀ ਚਾਹੀਦੀ ਹੈ। ਇਹ ਵੀ ਵਿਚਾਰਨ ਵਾਲੀ ਗੱਲ ਹੈ।