ਸਿਮਰਨਜੀਤ ਸਿੰਘ ਮਾਨ ਵੱਲੋਂ ਸੰਗਰੂਰ ਹਲਕੇ ਤੋਂ ਲੋਕ ਸਭਾ ਚੋਣ ਲੜਨ ਦਾ ਐਲਾਨ

ਸਿਮਰਨਜੀਤ ਸਿੰਘ ਮਾਨ ਵੱਲੋਂ ਸੰਗਰੂਰ ਹਲਕੇ ਤੋਂ ਲੋਕ ਸਭਾ ਚੋਣ ਲੜਨ ਦਾ ਐਲਾਨ

ਸੰਗਰੂਰ/ਬਿਊਰੋ ਨਿਊਜ਼ :
ਸਿੱਖ ਕੌਮ ਦੇ ਹਰਮਨਪਿਆਰੇ ਸਿਆਸਤਦਾਨ, ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਦੇ ਸੰਗਰੂਰ ਹਲਕੇ ਤੋਂ ਸੰਸਦੀ ਚੋਣ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਸ਼ਹਿਰ ਦੇ ਬੱਗੂਆਣਾ ਇਲਾਕੇ ਵਿਚ ਆਪਣੀ ਰਿਹਾਇਸ਼ ਕਰ ਲਈ ਹੈ। ਹਲਕੇ ਦੇ ਆਗੂਆਂ ਅਤੇ ਪਾਰਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਅਤੇ ਸੰਗਰੂਰ ਪਾਰਲੀਮੈਂਟ ਹਲਕੇ ਦੇ ਆਗੂਆਂ ਦਾ ਹੁਕਮ ਮੰਨਦਿਆਂ ਉਨ੍ਹਾਂ ਸੰਗਰੂਰ ਹਲਕੇ ਤੋਂ ਇਕ ਵਾਰ ਫਿਰ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ।
ਇਸ ਮੌਕੇ ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਨੂੰ ਪੂਰੀ ਤਰ੍ਹਾਂ ਹਿੰਦੂਤਵ ਰੰਗ ਵਿਚ ਰੰਗ ਕੇ ਕੇਂਦਰੀ ਹਕੂਮਤ ਅਤੇ ਪੰਜਾਬ ਸਰਕਾਰ ਸੂਬੇ ਦੇ ਸੱਭਿਆਚਾਰ, ਸਿੱਖ ਧਾਰਮਿਕ ਪ੍ਰੰਪਰਾਵਾਂ ਬੋਲੀ ਲਿਪੀ ਅਤੇ ਸਿੱਖ ਇਤਿਹਾਸ ਨੂੰ ਮਲੀਆਮੇਟ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਮਾਨਸਰੋਵਰ ਲਈ ਚੀਨ ਤੋਂ ਰਸਤਾ ਲਿਆ ਜਾ ਸਕਦਾ ਹੈ ਤਾਂ ਕਰਤਾਰਪੁਰ ਲਈ ਤਿੰਨ ਕਿਲੋਮੀਟਰ ਦਾ ਟੋਟਾ ਕਿਉਂ ਨਹੀਂ ਲਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਇਥੋਂ ਪਤਾ ਚਲਦਾ ਹੈ ਕਿ ਦੇਸ਼ ‘ਚ ਹਿੰਦੂਤਵ ਸੋਚ ਭਾਰੂ ਹੈ ਪ੍ਰੰਤੂ ਅਕਾਲੀ ਦਲ ਅੰਮ੍ਰਿਤਸਰ ਅਜਿਹੀਆਂ ਨੀਤੀਆਂ ਨੂੰ ਬਰਦਾਸ਼ਤ ਨਹੀਂ ਕਰੇਗਾ। ਪਾਰਟੀ ਦੇ ਜਨਰਲ ਸਕੱਤਰ ਜਸਕਰਨ ਸਿੰਘ ਨੇ ਸੰਗਰੂਰ ਹਲਕੇ ਦੇ ਹਿੰਦੂ, ਮੁਸਲਿਮ, ਸਿੱਖ, ਈਸਾਈ, ਕਲੱਬਾਂ, ਸਮਾਜ ਸੇਵੀ ਸੰਸਥਾਵਾਂ, ਸੰਤਾਂ ਮਹਾਂਪੁਰਸ਼ਾਂ ਅਤੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਭਲਾਈ ਲਈ ਸ੍ਰੀ ਮਾਨ ਦਾ ਸਮਰਥਨ ਕਰਨ। ਇਸ ਮੌਕੇ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਜੂਮਾਂ, ਬਰਨਾਲਾ ਦੇ ਪ੍ਰਧਾਨ ਰਣਜੀਤ ਸਿੰਘ ਸੰਘੇੜਾ, ਪ੍ਰੋ. ਮਹਿੰਦਰ ਪਾਲ, ਮਾਸਟਰ ਕਰਨੈਲ ਸਿੰਘ ਆਦਿ ਹਾਜ਼ਰ ਸਨ।