ਵਾਰਨਰ ਤੇ ਭੁਵਨੇਸ਼ਵਰ ਨੇ ਲਗਾਤਾਰ ਦੂਜੇ ਸਾਲ ਹਾਸਲ ਕੀਤੀ ਜਾਮਨੀ ਟੋਪੀ

ਵਾਰਨਰ ਤੇ ਭੁਵਨੇਸ਼ਵਰ ਨੇ ਲਗਾਤਾਰ ਦੂਜੇ ਸਾਲ ਹਾਸਲ ਕੀਤੀ ਜਾਮਨੀ ਟੋਪੀ

ਹੈਦਰਾਬਾਦ/ਬਿਊਰੋ ਨਿਊਜ਼ :
ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਤੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਆਈਪੀਐਲ-10 ਵਿਚ ਸਭ ਤੋਂ ਵੱਧ ਦੌੜਾਂ ਤੇ ਸਭ ਤੋਂ ਵੱਧ ਵਿਕਟਾਂ ਹਾਸਲ ਕਰਕੇ ਕ੍ਰਮਵਾਰ ਸੰਤਰੀ ਤੇ ਜਾਮਨੀ ਟੋਪੀ ਹਾਸਲ ਕੀਤੀ ਹੈ ਤੇ ਇਸ ਟੀ-20 ਟੂਰਨਾਮੈਂਟ ਦੇ ਦਸ ਸਾਲਾਂ ਦੇ ਇਤਿਹਾਸ ਵਿੱਚ ਇਨ੍ਹਾਂ ਦੋਵਾਂ ਨੇ ਦੂਜੀ ਵਾਰ ਇਹ ਕਾਰਨਾਮਾ ਕੀਤਾ ਹੈ।
ਭੁਵਨੇਸ਼ਵਰ ਕੁਮਾਰ 2016 ਵਿਚ ਵੀ 23 ਵਿਕਟਾਂ ਲੈ ਕੇ ਟੂਰਨਾਮੈਂਟ ਦੇ ਅਖੀਰ ਵਿਚ ਜਾਮਨੀ ਟੋਪੀ ਦਾ ਹੱਕਦਾਰ ਬਣਿਆ ਸੀ ਅਤੇ ਇਸ ਸਾਲ ਉਹ ਲਗਾਤਾਰ ਦੂਜੇ ਸਾਲ ਦਸ ਲੱਖ ਰੁਪਏ ਦਾ ਇਹ ਵਿਸ਼ੇਸ਼ ਪੁਰਸਕਾਰ ਹਾਸਲ ਕਰਨ ਪਹਿਲਾ ਗੇਂਦਬਾਜ਼ ਬਣਿਆ ਹੈ। ਡਵੇਨ ਬਰੈਵੋ ਨੇ ਹਾਲਾਂਕਿ ਚੇਨਈ ਸੁਪਰਕਿੰਗਜ਼ ਵੱਲੋਂ ਖੇਡਦਿਆਂ ਦੋ ਵਾਰੀ 2013 ਤੇ 2015 ਵਿਚ ਜਾਮਨੀ ਟੋਪੀ ਹਾਸਲ ਕੀਤੀ ਸੀ। ਭੁਵਨੇਸ਼ਵਰ ਨੇ ਇਸ ਸਾਲ ਦੇ ਟੂਰਨਾਮੈਂਟ ਵਿਚ 26 ਵਿਕਟਾਂ ਹਾਸਲ ਕੀਤੀਆਂ ਹਨ। ਰਾਈਜ਼ਿੰਗ ਪੁਣੇ ਸੁਪਰਜਾਇੰਟਸ ਦਾ ਜੈਦੇਵ ਉਨਾਦਕਟ 24 ਵਿਕਟਾਂ ਲੈ ਕੇ ਦੂਜੇ ਸਥਾਨ ‘ਤੇ ਰਿਹਾ। ਵਾਰਨਰ ਨੇ ਆਈਪੀਐੱਲ-10 ਦੇ 14 ਮੈਚਾਂ ਵਿਚ 641 ਦੌੜਾਂ ਬਣਾਈਆਂ ਅਤੇ ਉਸ ਨੇ ਟੂਰਨਾਮੈਂਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਲਈ ਸੰਤਰੀ ਟੋਪੀ ਤੇ ਦਸ ਲੱਖ ਰੁਪਏ ਦੀ ਇਨਾਮੀ ਰਾਸ਼ੀ ਹਾਸਲ ਕੀਤੀ ਹੈ। ਇਹ ਦੂਜਾ ਮੌਕਾ ਹੈ ਜਦੋਂ ਵਾਰਨਰ ਨੇ ਟੂਰਨਾਮੈਂਟ ਦੇ ਅਖੀਰ ਵਿਚ ਸੰਤਰੀ ਟੋਪੀ ਹਾਸਲ ਕੀਤੀ। ਇਸ ਤੋਂ ਪਹਿਲਾਂ 2015 ਵਿਚ ਵੀ ਉਸ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ ਸਨ। ਵਾਰਨਰ ਤੋਂ ਪਹਿਲਾਂ ਸਿਰਫ਼ ਕ੍ਰਿਸ ਗੇਲ ਹੀ ਦੋ ਵਾਰ (2011 ਤੇ 2012) ਸੰਤਰੀ ਟੋਪੀ ਹਾਸਲ ਕਰ ਸਕਿਆ ਹੈ। ਆਈਪੀਐੱਲ-10 ਦੀ ਨਿਲਾਮੀ ਵਿਚ ਸਭ ਤੋਂ ਵੱਧ 14.50 ਕਰੋੜ ਰੁਪਏ ਵਿਚ ਵਿਕੇ ਇੰਗਲੈਂਡ ਦੇ ਆਲਰਾਉਂਡਰ ਬੇਨ ਸਟੋਕਸ ਨੂੰ ਆਈਪੀਐੱਲ-10 ਲਾਹੇਵੰਦ ਖਿਡਾਰੀ ਚੁਣਿਆ ਗਿਆ ਹੈ ਜਿਸ ਲਈ ਉਸ ਨੂੰ 10 ਲੱਖ ਰੁਪਏ ਮਿਲੇ ਹਨ। ਸਟੋਕਸ ਨੇ 12 ਮੈਚ ਖੇਡੇ ਜਿਸ ਵਿਚ ਉਸ ਨੇ 316 ਦੌੜਾਂ ਬਣਾਈਆਂ ਤੇ 12 ਵਿਕਟਾਂ ਹਾਸਲ ਕੀਤੀਆਂ। ਗੁਜਰਾਤ ਲਾਇਨਜ਼ ਦੇ ਨੌਜਵਾਨ ਤੇਜ਼ ਗੇਂਦਬਾਜ਼ ਬਾਸਿਲ ਥੰਮੀ ਨੂੰ ਉਭਰਦਾ ਖਿਡਾਰੀ ਚੁਣਿਆ ਗਿਆ। ਇਸ ਪੁਰਸਕਾਰ ਦੀ ਦੌੜ ਵਿਚ ਉਹ ਖਿਡਾਰੀ ਵੀ ਸ਼ਾਮਲ ਸੀ ਜਿਨ੍ਹਾਂ ਦਾ ਜਨਮ ਪਹਿਲੀ ਅਪ੍ਰੈਲ 1991 ਤੋਂ ਬਾਅਦ ਹੋਇਆ ਤੇ ਉਨ੍ਹਾਂ ਪੰਜ ਟੈਸਟ ਮੈਚ ਅਤੇ ਸੈਸ਼ਨ ਦੀ ਸ਼ੁਰੂਆਤ ਵਿਚ 25 ਜਾਂ ਇਸ ਤੋਂ ਘੱਟ ਆਈਪੀਐੱਲ ਮੈਚ ਖੇਡੇ ਸਨ ਅਤੇ ਉਨ੍ਹਾਂ ਨੂੰ ਪਹਿਲਾਂ ਇਹ ਪੁਰਸਕਾਰ ਨਾ ਮਿਲਿਆ ਹੋਵੇ। ਕੁਮੈਂਟੇਟਰਾਂ ਅਤੇ ਕ੍ਰਿਕਟ ਪ੍ਰਸ਼ੰਸਕਾਂ ਦੀ ਸਿਫਾਰਸ਼ ਨਾਲ ਥੰਪੀ ਦੀ ਚੋਣ ਕੀਤੀ ਗਈ। ਸਰਾਈਜ਼ਰਜ਼ ਦੇ ਯੁਵਰਾਜ ਸਿੰਘ ਨੂੰ ‘ਗਲੈਮ ਸ਼ਾਟ ਆਫ ਦਿ ਸੀਜ਼ਨ’ ਲਈ ਦਸ ਲੱਖ ਰੁਪਏ, ਟਰਾਫੀ ਤੇ ਬਰੀਜ਼ਾ ਕਾਰ ਮਿਲੀ।