ਬੰਦੀਛੋੜ ਦਿਵਸ ਤੇ ਦੀਵਾਲੀ ਦੀਆਂ ਮੁਬਾਰਕਾਂ

ਬੰਦੀਛੋੜ ਦਿਵਸ ਤੇ ਦੀਵਾਲੀ ਦੀਆਂ ਮੁਬਾਰਕਾਂ

ਮਨਜੀਤ ਸਿੰਘ ਟਿਵਾਣਾ
ਦੁਨੀਆ ਭਰ ਵਿਚ ਵਸਦੇ ਭਾਰਤੀਆਂ ਦੇ ਖੁਸ਼ੀਆਂ ਤੇ ਹੁਲਾਸ ਨਾਲ ਭਰੇ ਤਿਉਹਾਰ ਦੀਵਾਲੀ ਦੀ ਖਿੱਚ ਸੈਂਕੜੇ ਸਾਲਾਂ ਤੋਂ ਲੋਕਾਂ ਦੇ ਦਿਲਾਂ ਨੂੰ ਧੂਹ ਪਾਉਂਦੀ ਆ ਰਹੀ ਹੈ। ਸਿੱਖਾਂ ਵਿਚ ਇਸ ਦਿਨ ਹੀ ”ਬੰਦੀ-ਛੋੜ ਦਿਵਸ” ਮਨਾਇਆ ਜਾਂਦਾ ਹੈ। ਇਹ ਤਿਉਹਾਰ ਮਨਾਏ ਜਾਣ ਦੇ ਵੇਰਵਿਆਂ ਤੇ ਸਾਖੀਆਂ ਨਾਲ ਸਾਡਾ ਇਤਿਹਾਸ ਤੇ ਮਿਥਿਹਾਸ ਭਰਿਆ ਪਿਆ ਹੈ। ਇਸ ਖਿੱਤੇ ਵਿਚ ਪੈਦਾ ਹੋਏ ਜਾਂ ਬਾਹਰੋਂ ਪਰਵਾਸ ਕਰਕੇ ਆਏ ਹਰ ਧਰਮ, ਜਾਤ, ਨਸਲ ਤੇ ਕੌਮ ਦੇ ਵੱਡੇ-ਵਡੇਰਿਆਂ ਨੇ ਇਸ ਤਿਉਹਾਰ ਨਾਲ ਆਪਣਾ ਨਾਤਾ ਕਿਸੇ ਨਾ ਕਿਸੇ ਢੰਗ ਨਾਲ ਜੋੜ ਲਿਆ ਹੋਇਆ ਹੈ। ਇਸ ਬਾਰੇ ਇਤਿਹਾਸਕਾਰਾਂ ਵਿਚ ਬਹੁਤ ਸਾਰੇ ਮੱਤਭੇਦ ਵੀ ਹਨ। ਕਈਆਂ ਨੂੰ ਜਾਪਦਾ ਹੈ ਕਿ ਉਨ੍ਹਾਂ ਦਾ ਤਾਂ ਇਸ ਤਿਉਹਾਰ ਨਾਲ ਕੋਈ ਵਾਹ-ਵਾਸਤਾ ਹੀ ਨਹੀਂ ਪਰ ਬੀਤੇ ਵਿਚ ਦਿੱਤੇ ਗਏ ਝੂਠੇ-ਸੱਚੇ ਹਵਾਲਿਆਂ ਕਾਰਨ ਉਹ ਇਸ ਨਾਲ ਜਾ ਜੁੜੇ ਹਨ। ਖੈਰ, ਇਹ ਇਤਿਹਾਸ ਦਾ ਵਿਸ਼ਾ ਹੈ, ਇਸ ਨੂੰ ਇਤਿਹਾਸਕਾਰਾਂ ਲਈ ਹੀ ਛੱਡ ਦਿੰਦੇ ਹਾਂ।
ਅੱਜ ਇਹ ਤਿਉਹਾਰ ਖੁਸ਼ੀਆਂ ਤੇ ਖੇੜਿਆਂ ਨੂੰ ਮਾਨਣ ਦੇ ਮਨੁੱਖੀ ਜਜ਼ਬਿਆਂ ਤੋਂ ਪਾਰ ਜਾ ਕੇ ਆਰਥਿਕ ਮੰਡੀ ਲਈ ਇਕ ਵੱਡਾ ਕਾਰੋਬਾਰ, ਵਾਤਾਵਰਣ ਦੇ ਲਿਹਾਜ਼ ਨਾਲ ਵੱਡੀ ਅਲਾਮਤ, ਅਮੀਰਾਂ ਲਈ ਆਪਣੀ ਦੌਲਤ ਦੀ ਹਉਮੈ ਦਾ ਵਿਖਾਵਾ ਅਤੇ ਸਰਕਾਰੀ ਤੇ ਪ੍ਰਾਈਵੇਟ ਬਾਬੂਆਂ ਲਈ ”ਤੋਹਫਿਆਂ ਦੇ ਭ੍ਰਿਸ਼ਟਾਚਾਰ” ਕਾਰਨ ਖਾਸਾ ਬਦਨਾਮ ਹੋ ਗਿਆ ਹੈ। ਇਸ ਕਾਰਨ ਭਾਰਤ ਵਿਚ ਹੁਣ ਇਸ ਤਿਉਹਾਰ ਦੇ ਮੌਸਮ ਦੌਰਾਨ ਸਿਹਤ ਵਿਭਾਗ ਦੀਆਂ ਚੇਤਾਵਨੀਆਂ, ਸਰਕਾਰੀ ਤੰਤਰ ਦੀਆਂ ਹਦਾਇਤਾਂ ਅਤੇ ਅਦਾਲਤੀ ਫਰਮਾਨਾਂ ਦੀਆਂ ਝੜੀਆਂ ਵੀ ਲਗਦੀਆਂ ਹਨ।
ਦੀਵਾਲੀ ਅੱਜ ਕਿਸੇ ਧਾਰਮਿਕ, ਮੌਸਮੀ ਜਾਂ ਸੰਸਕ੍ਰਿਤੀ ਦੇ ਨਾਲ-ਨਾਲ  ਮੰਡੀ ਦੀ ਲੁੱਟ-ਖਸੁੱਟ ਵਾਲੀ ਬਿਰਤੀ ਦੇ ਹਾਵੀ ਹੋਣ ਕਰਕੇ ਮਨੁੱਖੀ ਸਿਹਤ ਲਈ ਨਕਲੀ ਖਾਧ ਪਦਾਰਥਾਂ ਦੀ ਮਾਰ ਤੇ ਪ੍ਰਦੂਸ਼ਣ ਫੈਲਾਉਣ ਵਾਲਾ ਤਿਉਹਾਰ ਜ਼ਿਆਦਾ ਬਣਦਾ ਜਾ ਰਿਹਾ ਹੈ। ਇਸ ਲਈ ਤਿਉਹਾਰ ਤੋਂ ਪਹਿਲਾਂ, ਜਿੱਥੇ ਆਮ ਲੋਕ ਇਸ ਦੀ ਤਿਆਰੀਆਂ ‘ਚ ਜੁਟੇ ਹੋਏ ਹੁੰਦੇ ਹਨ, ਉਥੇ ਲੋਟੂ-ਟੋਲਾ ਹਰ ਹਰਬਾ ਵਰਤ ਕੇ ”ਵਗਦੀ ਗੰਗਾ ‘ਚ ਹੱਥ ਧੋਣ ਲੱਗਾ” ਹੁੰਦਾ ਹੈ। ਹਰ ਅਵਸਰ ਉਤੇ ਮੰਡੀ ਦੇ ਮੁਨਾਫਾਖੋਰੀ ਦੇ ਸੁਭਾਅ ਕਾਰਨ, ਕਿਸੇ ਵੇਲੇ ਵਾਤਾਵਰਣ ਪੱਖੀ ਸਰ੍ਹੋਂ ਦੇ ਤੇਲ ਦੇ ਦੀਵੇ ਜਗਾ ਕੇ ਮਨਾਂ ਦੇ ਹਨੇਰਿਆਂ ਨੂੰ ਰੁਸ਼ਨਾਉਣ ਤੇ ਆਪਸੀ ਸਾਂਝ-ਪਿਆਰ ਵੰਡਣ ਦੇ ਪ੍ਰਤੀਕ ਤਿਉਹਾਰ ਨੂੰ ਅੱਜ ਸ਼ੋਰ-ਪਾਊ ਪਟਾਖਿਆਂ, ਮਠਿਆਈਆਂ ਤੇ ਮਹਿੰਗੇ ਤੋਹਫਿਆਂ ਦੇ ਵਟਾਂਦਰੇ ਦਾ ਤਿਉਹਾਰ ਬਣਾ ਦਿੱਤਾ ਗਿਆ ਹੈ। ਮਿਲਾਵਟੀ ਮਠਿਆਈਆਂ, ਨਕਲੀ ਖੋਆ, ਦੁੱਧ ਤੇ ਪਨੀਰ ਦੀ ਬਹੁਤਾਤ ਹੈ। ਖ਼ਤਰਨਾਕ ਆਤਿਸ਼ਬਾਜ਼ੀ ਵਿਕ ਰਹੀ ਹੈ। ਆਮ ਆਦਮੀ ਸਦੀਆਂ ਪੁਰਾਣੀ ਰਵਾਇਤ ਤੇ ਘਰ-ਪਰਿਵਾਰ ਦੇ ਮੋਹ-ਪਿਆਰ ਵਿਚ ਬੱਝਾ ਇਸ ਲੁੱਟ ਦਾ ਸ਼ਿਕਾਰ ਹੋ ਰਿਹਾ ਹੈ। ਮਨਾਂ ਵਿਚ ਮਿਲਾਵਟ ਲੈ ਕੇ ਸਦੀਆਂ ਤੋਂ ”ਬੌਧਿਕ ਭ੍ਰਿਸ਼ਟਾਚਾਰ” ਕਰਨ ਵਾਲਾ ਬਿਪਰਵਾਦ ਭਾਰਤੀ ਸਮਾਜ ਨੂੰ ਜੋਕ ਵਾਂਗ ਚਿੰਬੜਿਆ ਹੋਇਆ ਹੈ। ਭਾਰਤੀ ਲੋਕ ਪਰਵਾਸ ਕਰਕੇ ਭਾਵੇਂ ਸੱਤ ਸਮੁੰਦਰੋਂ ਪਾਰ ਤਕ ਜਾ ਵਸੇ ਹਨ ਪਰ ਮਾਨਸਿਕ ਗੁਲਾਮੀ ਦਾ ਪਿੱਤਰੀ ਰੋਗ ਉਹ ਹਰ ਥਾਂ ਨਾਲ ਹੀ ਲੈ ਗਏ ਹਨ। ਬਿਪਰਵਾਦ ਸੰਗਠਿਤ ਹੋ ਕੇ ਸੱਤਾ, ਸਮਾਜ, ਬਾਜ਼ਾਰ ਅਤੇ ਅਖੌਤੀ ਧਰਮ ਦੀ ਹਰ ਪੌੜੀ ਉਤੇ ਕਾਬਜ਼ ਹੈ। ਭਾਵੇਂ ਇਸ ਭ੍ਰਿਸ਼ਟਤੰਤਰ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ ਤੇ ”ਬੌਧਿਕ ਭ੍ਰਿਸ਼ਟਾਚਾਰ” ਦੇ ਇਸ ਸ਼ੋਰਗੁੱਲ ਵਿਚ, ਇਸ ਖਿਲਾਫ ਆਵਾਜ਼ ਉਠਾਉਣੀ ਵੀ ਬੇ-ਮਾਅਨਾ ਜਿਹੀ ਹੋ ਕੇ ਰਹਿ ਗਈ ਹੈ ਪਰ ਧਰਮ, ਸਮਾਜ ਤੇ ਸੰਸਕ੍ਰਿਤੀ ਲਈ ਫਿਰਕਮੰਦ ਲੋਕਾਂ ਦਾ ਇਹ ਫਰਜ਼ ਬਣ ਜਾਂਦਾ ਹੈ ਕਿ ਜ਼ਰੂਰ ਬੋਲਿਆ ਜਾਵੇ। ਅਜਿਹੀ ਵਿਵਸਥਾ ਬਣੇ ਜਿਸ ਵਿਚ ”ਹਲੇਮੀ ਰਾਜ” ਦੇ ਸਿਧਾਂਤ ਅਮਲੀਜ਼ਾਮਾ ਅਖਤਿਆਰ ਕਰਨ। ”ਬੇਗਮਪੁਰੇ”  ਦੇ ਇਤਿਹਾਸਕ ਸੰਕਲਪ ਵਿਚੋਂ  ਮਿਥਿਹਾਸ ਦੇ ”ਰਾਮ-ਰਾਜ” ਦਾ ਝਲਕਾਰਾ ਕਬੂਲ ਹੋਵੇ। ਹੁਣ ਜਦੋਂ ਵਿਸ਼ਵ ਭਰ ਵਿਚ ਹਵਾ, ਪਾਣੀ, ਵਾਤਾਵਰਣ ਤੇ ਅਨਾਜ ਤਕ ਪ੍ਰਦੂਸ਼ਿਤ ਹੋ ਚੁੱਕਾ ਹੈ। ਰੌਸ਼ਨੀਆਂ ਦੇ ਤਿਉਹਾਰ ਦੀ ਰੌਸ਼ਨੀ ਵੀ ਫਿੱਕੀ ਹੋ ਗਈ ਹੈ। ਚਾਰੇ ਪਾਸੇ ਧੁੰਧੂਕਾਰਾ ਦਿਖਾਈ ਦੇ ਰਿਹਾ ਹੈ। ਇਸ ਵਾਸਤੇ ਸਿੱਖ ਸਮਾਜ ਲਈ ”ਹੋਲੀ” ਤੋਂ ”ਹੋਲਾ-ਮਹੱਲਾ” ਤੇ ”ਦੀਵਾਲੀ” ਤੋਂ ”ਬੰਦੀ-ਛੋੜ” ਤਕ ਦਾ ਸਫਰ ਲਾਜ਼ਮੀ ਹੈ।
ਸਿੱਖ ਕੌਮ ਦੇ ਫਲਸਫੇ ਅਤੇ ਇਤਿਹਾਸ ਵਿਚ ਮਨੁੱਖੀ ਜੀਵਨ ਵਿਚ ਪਾਖੰਡ ਕਰਨ, ਧਰਮ ਜਾਂ ਰਸਮਾਂ ਦੇ ਨਾਂ ਉਤੇ ਕੋਈ ਆਡੰਬਰ ਰਚਣ ਤੇ ਲੋਭ-ਲਾਲਚ ਵਿਚ ਦੂਜਿਆਂ ਦੀ ਲੁੱਟ-ਖਸੁੱਟ ਕਰਨ ਦੀ ਕੋਈ ਥਾਂ ਨਹੀਂ ਹੈ। ਸਿੱਖ ਧਰਮ ਇਨਕਲਾਬੀ, ਵਿਗਿਆਨਕ ਸੋਚ ਅਤੇ ਸੱਚ ਦਾ ਧਾਰਨੀ ਹੈ। ਸਾਡੇ ਗੁਰੂ ਸਾਹਿਬਾਨਾਂ ਨੇ ਸਿੱਖ ਨੂੰ ਪਾਖੰਡ ਅਤੇ ਆਡੰਬਰ ਤੋਂ ਅਜ਼ਾਦ ਕਰਵਾਇਆ ਹੈ ਅਤੇ ਸਮੁੱਚੀ ਮਨੁੱਖਤਾ ਨੂੰ ਇਸ ਭਰਮ ਜਾਲ ‘ਚੋਂ ਕੱਢਣ ਦੀ ਕੋਸ਼ਿਸ ਕੀਤੀ ਹੈ। ਕਿਰਤ ਕਰਨੀ,  ਨਾਮ ਜਪਣਾ ਤੇ ਵੰਡ ਛਕਣਾ ਸਿੱਖੀ ਜੀਵਨ-ਜਾਚ ਦਾ ਮੂਲ ਹੈ। ਗੁਰੂ ਸਾਹਿਬਾਨ ਨੇ ਮਨੁੱਖ ਨੂੰ ਹਰ ਸ਼ੋਸ਼ਣ ਤੋਂ ਮੁਕਤ ਕਰਵਾਉਣ ਲਈ ਗੁਰਬਾਣੀ ਰਾਹੀਂ ਇਨਕਲਾਬੀ ਪ੍ਰੇਰਨਾ ਦਿੱਤੀ ਹੈ। ਅਸੀਂ ਖੁਸ਼ੀਆਂ ਤੇ ਖੇੜਿਆਂ ਵਾਲੇ ਤਿੱਥ-ਤਿਉਹਾਰ ਮਨਾਉਣੇ ਛੱਡ ਨਹੀਂ ਸਕਦੇ, ਛੱਡਣੇ ਵੀ ਨਹੀਂ ਚਾਹੀਦੇ। ਦੁਨੀਆ ਦੀਆਂ ਸਾਰੀਆਂ ਹੀ ਕੌਮਾਂ ਵਿਚ ਅਜਿਹੇ ਮੌਕੇ ਤੇ ਖਾਸ ਦਿਨ ਮੁਕੱਰਰ ਹਨ, ਜਦੋਂ ਉਹ ਕੰਮ-ਧੰਦੇ ਛੱਡ ਕੇ ਕੁਝ ਪਲ ਸਕੂਨ ਤੇ ਖੁਸ਼ੀਆਂ ਦੇ ਮਾਨਣ ਲਈ ਕੋਈ ਆਹਰ ਸਿਰਜਦੀਆਂ ਹਨ। ਸਿੱਖਾਂ ਦੀ ਜਨਮ ਭੁਮੀ ਪੰਜਾਬ ਦੀ ਰਹਿਤਲ ਵਿਚ ਵੀ ਬੇਸ਼ੁਮਾਰ ਮੇਲਿਆਂ ਤੇ ਤਿਉਹਾਰਾਂ ਦੀ ਖੁਸ਼ਬੋਈ ਘੁਲੀ ਹੋਈ ਹੈ। ਇਸ ਸਭ ਦੇ ਬਾਵਜੂਦ ਸਿੱਖਾਂ ਲਈ ਗੁਰਮਤਿ -ਗੁਰਬਾਣੀ ਹੀ ਸਭ ਤੋਂ ਵੱਡੀ ਟੇਕ ਤੇ ਆਖਰੀ ਖੁਸ਼ੀ ਦਾ ਮੁਕਾਮ ਹੈ। ਹਰ ਮੌਕੇ ਉਤੇ ਗੁਰੂ ਸਾਹਿਬ ਦਾ ਜੀਵਨ ਤੇ ਫਲਸਫਾ ਸਾਡਾ ਗਾਡੀਰਾਹ ਬਣਦਾ ਹੈ ਤੇ ਬਣਦਾ ਰਹਿਣਾ ਚਾਹੀਦਾ ਹੈ। ਫੋਕੀਆਂ ਰਸਮਾਂ ਤੇ ਤਿਉਹਾਰਾਂ ਦੀ ਮਾਨਸਿਕ ਗੁਲਾਮੀ ਦੇ ਧੂੰਦਕਾਰੇ ਤੋਂ ਛੁਟਕਾਰੇ ਲਈ ਸਾਨੂੰ ‘ਹੋਲੀ’ ਦੀ ਥਾਂ ‘ਹੋਲੇ-ਮਹੱਲੇ’ ਦੀ ਜਾਗ ਲਾਉਣ ਦੇ ਕਾਰਜ ਦਾ ਵੀ ਇਹੋ ਇਸ਼ਾਰਾ ਹੈ।
ਹਰ ਧਰਮ, ਸਮਾਜ ਤੇ ਸੱਭਿਆਚਾਰਾਂ ਦੇ ਆਪੋ-ਆਪਣੇ ਅਕੀਦੇ ਹਨ, ਸਿੱਖਾਂ ਨੂੰ ਪਿਛਲੱਗ ਬਣਨ ਦੀ ਜ਼ਰੂਰਤ ਨਹੀਂ। ਸਿੱਖ ਵਿਹੜਿਆਂ ‘ਚ ਪਾਖੰਡ ਤੇ ਆਡੰਬਰਾਂ ਦੀ ਥਾਂ ਸਿੱਖੀ ਦੇ ਨਿਆਰੇਪਣ ਤੇ ਨਿਰਾਲੇਪਣ ਦੀ ਦੀਵਾਲੀ ਸ਼ੋਭਦੀ ਹੈ। ਅਦਾਰਾ ”ਕੌਮਾਂਤਰੀ ਅੰਮ੍ਰਿਤਸਰ ਟਾਈਮਜ਼” ਰੌਸ਼ਨੀਆਂ ਦੇ ਤਿਉਹਾਰ ਦੇ ਸ਼ੁਭ ਅਵਸਰ ਉਤੇ ਸਮੁੱਚੀ ਮਨੁੱਖਤਾ ਨੂੰ ।। ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ।। ਦੇ ਗੁਰੂਵਾਕ ਦੀ ਰੌਸ਼ਨੀ ਵਿਚ ਮੁਬਾਰਕਵਾਦ ਦਿੰਦਾ ਹੈ।