ਟੀਸੀਐਸ ਨਿਊਯਾਰਕ ਸਿਟੀ ਮੈਰਾਥਨ ਨੇ ਆਪਣਾ ਪਿਛਲਾ ਰਿਕਾਰਡ ਤੋੜਿਆ

ਟੀਸੀਐਸ ਨਿਊਯਾਰਕ ਸਿਟੀ ਮੈਰਾਥਨ ਨੇ ਆਪਣਾ ਪਿਛਲਾ ਰਿਕਾਰਡ ਤੋੜਿਆ

ਸਿੱਖ ਦੌੜਾਕ ਡਾ. ਅਵਤਾਰ ਸਿੰਘ ਟੀਨਾ ਨੇ ਕੇਸਰੀ ਝੰਡੇ ਨਾਲ ਕੀਤੀ ਸ਼ਮੂਲੀਅਤ
ਨਿਊਯਾਰਕ/ਬਿਊਰੋ ਨਿਊਜ਼ :
52,812 ਦੌੜਾਕਾਂ ਨੇ ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਨਿਊਯਾਰਕ ਸਿਟੀ ਮੈਰਾਥਨ ਦੌੜ ਕਰ ਕੇ ਦੁਨੀਆ ਭਰ ਦੇ ਕਿਸੇ ਵੀ ਮੈਰਾਥਨ ਨੂੰ ਪੂਰਾ ਕਰਨ ਵਾਲਿਆਂ ਦੀ ਗਿਣਤੀ ਦਾ ਰਿਕਾਰਡ ਤੋੜਿਆ ਹੈ । ਵੱਧ ਤੋਂ ਵੱਧ ਮੈਰਾਥਨ ਪੂਰਾ ਕਰਨ ਵਾਲਿਆਂ ਦਾ ਪਿਛਲਾ ਰਿਕਾਰਡ ਵੀ ਟੀਸੀਐਸ ਨਿਊਯਾਰਕ ਸਿਟੀ ਮੈਰਾਥਨ 2016 ਸੀ, ਜਿਸ ਵਿਚ 51,394 ਦੌੜਾਕਾਂ ਨੇ ਮੈਰਾਥਨ ਪੂਰੀ ਕੀਤੀ ਸੀ ।
10 ਲੱਖ ਤੋਂ ਵੱਧ ਦਰਸ਼ਕਾਂ ਨੇ ਸ਼ਹਿਰ ਦੀਆਂ ਸੜਕਾਂ ‘ਤੇ ਇਸ ਦੌੜ ਨੂੰ ਦੇਖਿਆ ਅਤੇ ਅੰਤਰਰਾਸ਼ਟਰੀ ਪੱਧਰ ‘ਤੇ 30 ਕਰੋੜ ਲੋਕਾਂ ਨੇ ਟੀਵੀ. ਉਤੇ ਅਤੇ ਇੰਟਰਨੈਟ ਰਾਹੀਂ ਦੇਖਿਆ।
ਚਾਰੋਂ ਚੈਂਪੀਅਨ, ਇਥੋਪੀਆ ਦਾ ਲੇਲੀਸਾ ਦੇਸੀਸਾ, ਕੀਨੀਆ ਦੀ ਮੈਰੀ ਕਿਤਾਨੀ, ਸੰਯੁਕਤ ਰਾਜ ਦਾ ਦਾਨਿਆਲ ਰੋਮਾਚਕ, ਅਤੇ ਸਵਿਟਜ਼ਰਲੈਂਡ ਦੀ
ਮਨੁਏਲਾ ਸ਼ਾਰ ਨੇ NYPD ਦੇ ਪੁਲਿਸ ਅਫ਼ਸਰਾਂ ਨੂੰ ਸਮਾਪਨ ਰੇਖਾ ਫ਼ੀਤਾ ਭੇਟ ਕੀਤਾ ਅਤੇ ਦੁਨੀਆ ਦਾ ਸਭ ਤੋਂ ਵੱਡਾ ਮੈਰਾਥਨ ਆਯੋਜਿਤ ਕਰਨ ਲਈ ਧੰਨਵਾਦ ਕੀਤਾ ।
ਲੇਲੀਸਾ ਦੇਸੀਸਾ ਨੇ ਆਪਣਾ ਪਹਿਲਾ ਟੀਸੀਐਸ ਮੈਰਾਥਨ ਜਿੱਤਿਆ ਅਤੇ ਮੈਰੀ ਕਿਤਾਨੀ ਨੇ ਚੌਥਾ ਮੈਰਾਥਨ ਜਿੱਤਿਆ ਤੇ ਮਰਦ ਅਤੇ ਔਰਤਾਂ ਦੀ ਖੁੱਲ੍ਹੀ
ਸ਼੍ਰੇਣੀ ਵਿੱਚ ਦੂਜੇ ਸਥਾਨ ‘ਤੇ ਸਭ ਤੋਂ ਤੇਜ਼ ਸਮੇਂ ਦਾ ਰਿਕਾਰਡ ਵੀ ਕਾਇਮ ਕੀਤਾ । 20 ਸਾਲਾ ਦਾਨਿਆਲ ਰੋਮਾਂਚਕ ਪਹਿਲਾ ਅਮਰੀਕਨ ਅਤੇ ਸਭ ਤੋਂ ਛੋਟੀ ਉਮਰ ਦਾ ਵ੍ਹੀਲ-ਚੇਅਰ ਦਾ ਦੌੜਾਕ ਸੀ ਅਤੇ ਔਰਤਾਂ ਦੀ ਸ਼੍ਰੇਣੀ ਵਿਚ ਸਵਿਟਜ਼ਰਲੈਂਡ ਦੀ ਮਨੁਏਲਾ ਸ਼ਾਰ ਨੇ ਆਪਣਾ ਦੂਜਾ ਲਗਾਤਾਰ ਜੇਤੂ ਦਾ ਖ਼ਿਤਾਬ ਹਾਸਲ ਕੀਤਾ ।
ਨਿਊਯਾਰਕ ਸ਼ਹਿਰ ਦੀ ਜਾਣੀ ਪਹਿਚਾਣੀ ਸ਼ਖ਼ਸੀਅਤ ਡਾ. ਅਵਤਾਰ ਸਿੰਘ ਟੀਨਾ ਦਾ ਇਹ 26ਵਾਂ ਮੈਰਾਥਨ ਹੈ ਜਿਸ ਵਿਚ ਉਨ੍ਹਾਂ ਨੇ ਸਿੱਖਾਂ ਦਾ ਪਵਿੱਤਰ
ਝੰਡਾ ”ਨਿਸ਼ਾਨ ਸਾਹਿਬ” ਨੂੰ ਪੂਰੀ ਦੌੜ ਦੌਰਾਨ ਚੁੱਕ ਕੇ ਪੂਰਾ ਕੀਤਾ । ਉਨ੍ਹਾਂ ਦੇ ਨਾਲ਼ ਉਨ੍ਹਾਂ ਦੇ ਸਾਥੀ ਸ. ਸਤਿਨਾਮ ਸਿੰਘ ਪਰਿਹਾਰ, ਡਾ. ਅਸ਼ੋਕ ਡੋਗਰਾ ਅਤੇ ਪਿਆਰਾ ਲਾਲ ਨੇ ਵੀ ਮੈਰਾਥਨ ਪੂਰਾ ਕੀਤਾ । ਪਿਛਲੇ 27 ਸਾਲਾ ਤੋਂ ਅਵਤਾਰ ਸਿੰਘ ਟੀਨਾ ਆਪਣੇ ਕਲੱਬ ‘Sikhs In America’ ਦੀ ਟੀਮ ਨਾਲ਼ ‘Proud To Be A Sikh’ ਕਮੀਜ਼ ਅਤੇ ਕੇਸਰੀ ਦਸਤਾਰ ਸਜਾ ਕੇ ਨਿਊਯਾਰਕ ਸ਼ਹਿਰ ਦੇ ਪੰਜੋ ਬੋਰੋ ਦੀ ਲੱਖਾਂ ਦੀ ਭੀੜ ਨੂੰ ਆਕਰਿਸ਼ਤ ਕਰਦੇ ਆ ਰਹੇ ਹਨ ।
ਡਾ. ਟੀਨਾ ਪੇਸ਼ੇ ‘ਤੋਂ ਦੰਦਾਂ ਦੇ ਡਾਕਟਰ ਹਨ ਜੋ ਆਪਣਾ ਦਫ਼ਤਰ ਕੁਈਨਜ਼ ਵਿਚ ਚਲਾਉਂਦੇ ਹਨ । ਉਨ੍ਹਾਂ ਦਾ ਜਨਮ ਪੰਜਾਬ ਵਿਚ ਪਿੰਡ ਸਹਿ ਝੰਗੀ, ਜ਼ਿਲ੍ਹਾ ਜਲੰਧਰ ਵਿਚ ਹੋਇਆ । ਡੀਏਵੀ ਕਾਲਜ ਤੋਂ ਪੜ੍ਹਾਈ ਕਰਕੇ ਪੰਜਾਬ ਗਵਰਨਮੈਂਟ ਡੈਂਟਲ ਕਾਲਜ ਅੰਮ੍ਰਿਤਸਰ ਤੋਂ ਉਨ੍ਹਾਂ ਨੇ ਡਾਕਟਰੀ ਦੀ ਡਿਗਰੀ ਹਾਸਲ ਕੀਤੀ । ਸੰਨ 1980 ਵਿਚ ਉਹ ਨਿਊਯਾਰਕ ਆਏ । ਇੱਥੇ ਉਹ ਆਪਣੀ ਪਤਨੀ ਅਤੇ ਚਾਰ ਬੱਚਿਆਂ ਨਾਲ਼ ਰਹਿੰਦੇ ਹਨ ।
107 ਸਾਲਾ ਪ੍ਰਸਿੱਧ ਦੌੜਾਕ ਸ. ਫ਼ੌਜਾ ਸਿੰਘ ਤੋਂ ਉਹ ਪ੍ਰਭਾਵਿਤ ਹਨ। ਡਾ: ਟੀਨਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੌੜਨ ਦਾ ਮਕਸਦ ਸਿੱਖ ਪਹਿਚਾਣ ਨੂੰ ਉਜਾਗਰ ਕਰਨਾ ਹੈ ਅਤੇ ਸਭ ਨੂੰ ਆਪਣੀ ਸਿਹਤ-ਸੰਭਾਲ਼ ਲਈ ਜਾਗਰੂਕ
ਕਰਨਾ ਹੈ । ਇਸ ਮਕਸਦ ਨੂੰ ਪੂਰਾ ਕਰਨ ਲਈ ਉਹ ਭਰਪੂਰ ਕੋਸ਼ਿਸ਼ ਕਰਦੇ ਹਨ ਅਤੇ ਇਸ ਵਿੱਚ ਉਹ ਬਾਕੀ ਸਭਨਾਂ ਦੀ ਮਦਦ ਦੀ ਆਸ ਰੱਖਦੇ ਹਨ ।