ਇੰਡੋਨੇਸ਼ੀਆ ਦਾ ਮੁਸਾਫਰ ਜਹਾਜ਼ ਸਮੁੰਦਰ ‘ਚ ਡਿੱਗਿਆ

ਇੰਡੋਨੇਸ਼ੀਆ ਦਾ ਮੁਸਾਫਰ ਜਹਾਜ਼ ਸਮੁੰਦਰ ‘ਚ ਡਿੱਗਿਆ

ਜਕਾਰਤਾ/ਬਿਊਰੋ ਨਿਊਜ਼ :
ਇੰਡੋਨੇਸ਼ੀਆ ਦੇ ਲੌਇਨ ਏਅਰਲਾਈਨਜ਼ ਦਾ ਹਵਾਈ ਜਹਾਜ਼ ਉਡਾਨ ਭਰਨ ਦੇ ਕੁਝ ਹੀ ਸਮੇਂ ਬਾਅਦ ਸਮੁੰਦਰ ਵਿਚ ਡਿੱਗ ਗਿਆ। ਜਹਾਜ਼ ਵਿਚ ਦੋ ਛੋਟੇ ਬੱਚਿਆਂ ਤੇ ਚਾਲਕਾਂ ਸਮੇਤ ਕੁੱਲ 188 ਲੋਕ ਸਵਾਰ ਦੱਸੇ ਗਏ। ਕੁਝ ਖਬਰਾਂ ਵਿਚ ਇਹ ਗਿਣਤੀ189 ਵੀ ਦੱਸੀ ਗਈ ਹੈ। ਇਹ ਪੁਸ਼ਟੀ ਹੋ ਚੁੱਕੀ ਹੈ ਕਿ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹ ੋਗਿਆ ਹੈ। ਹਾਲੇ ਤਕ ਦੁਰਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਹੈ। ਜਹਾਜ਼ ਸਵਾਰ ਸਾਰੇ ਲੋਕ ਹਾਲੇ ਲਾਪਤਾ ਹਨ, ਕਿਸੇ ਦੇ ਬਚਣ ਦੀ ਉਮੀਦ ਬੇਹੱਦ ਘੱਟ ਹੈ।
ਜਕਾਰਤਾ ਪੋਸਟ ਮੁਤਾਬਕ ਲੌਇਨ ਏਅਰ 610 ਨੇ ਸਵੇਰੇ 6:20 ਵਜੇ ਜਕਾਰਤਾ ਤੋਂ ਪੰਗਕਲ ਪਿਨਾਂਗ ਲਈ ਉਡਾਣ ਭਰੀ ਸੀ ਅਤੇ ਸਿਰਫ਼ 13 ਮਿੰਟਾਂ ਬਾਅਦ ਹੀ ਜ਼ਮੀਨ ਤੋਂ ਇਸ ਦਾ ਸੰਪਰਕ ਟੁੱਟ ਗਿਆ। ਸੰਪਰਕ ਟੁੱਟਣ ਸਮੇਂ ਇਹ ਜਹਾਜ਼ ਸਮੁੰਦਰ ਦੇ ਉੱਪਰ ਉੱਡ ਰਿਹਾ ਸੀ। ਸਵੇਰੇ 6:45 ‘ਤੇ ਮਾਲ ਢੋਹਣ ਵਾਲੇ ਪਾਣੀ ਵਾਲੇ ਬੇੜੇ ਦੇ ਅਧਿਕਾਰੀਆਂ ਨੂੰ ਇਕ ਹਵਾਈ ਜਹਾਜ਼ ਦਾ ਮਲਬਾ ਵਿਖਾਈ ਦਿੱਤਾ। ਸਵੇਰੇ ਨਂੌ ਵਜੇ ਤੋਂ ਮੁਸਾਫਰਾਂ, ਜਹਾਜ਼ ਤੇ ਇਸ ਦੇ ਅਮਲੇ ਦੀ ਕੋਈ ਸੂਚਨਾ ਨਹੀਂ ਮਿਲ ਰਹੀ ਸੀ।
ਜ਼ਿਕਰਯੋਗ ਹੈ ਕਿ ਪਹਿਲਾਂ ਵੀ ਲੌਇਨ ਏਅਰ ਦੇ ਦੋ ਜਹਾਜ਼ ਅਜਿਹੇ ਹੀ ਵੱਡੇ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ। ਸਾਲ 2013 ਵਿੱਚ ਬਾਲੀ ਨੇੜੇ ਸਮੁੰਦਰ ‘ਚ ਡਿੱਗਦੇ ਜਹਾਜ਼ ਨੂੰ ਪਾਇਲਟ ਨੇ ਬੜੀ ਹਿੰਮਤ ਨਾਲ ਹੇਠਾਂ ਉਤਾਰ ਲਿਆ ਸੀ ਤੇ ਸਾਰੇ 108 ਮੁਸਾਫ਼ਰ ਸੁਰੱਖਿਅਤ ਬਚਾ ਲਏ ਸਨ। ਇਸ ਤੋਂ ਪਹਿਲਾਂ ਇਕ ਜਹਾਜ਼ ਸਾਲ 2004 ਵਿੱਚ ਸੋਲੋ ਸਿਟੀ ਵਿੱਚ ਉੱਤਰਨ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਵਿੱਚ 25 ਲੋਕਾਂ ਦੀ ਮੌਤ ਹੋ ਗਈ ਸੀ।