ਖਹਿਰਾ ਧੜੇ ਵੱਲੋਂ ਗਾਂਧੀ, ਬੈਂਸ ਤੇ ਜਗਮੀਤ ਬਰਾੜ ਨਾਲ ਰਲ ਕੇ ਨਵੀਂ ਪਾਰਟੀ ਬਣਾਉਣ ਦੇ ਯਤਨ

ਖਹਿਰਾ ਧੜੇ ਵੱਲੋਂ ਗਾਂਧੀ, ਬੈਂਸ ਤੇ ਜਗਮੀਤ ਬਰਾੜ ਨਾਲ ਰਲ ਕੇ ਨਵੀਂ ਪਾਰਟੀ ਬਣਾਉਣ ਦੇ ਯਤਨ

ਚੰਡੀਗੜ੍ਹ/ਬਿਊਰੋ ਨਿਊਜ਼ :

ਆਮ ਆਦਮੀ ਪਾਰਟੀ ਦੇ ਦੋਹਾਂ ਧੜਿਆਂ ਵਿਚਾਲੇ ਹਾਲ ਹੀ ਦੀ ਏਕਤਾ ਮੀਟਿੰਗ ਦੌਰਾਨ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿਚ ਬਾਗੀ ਹੋਏ ਧੜੇ ਦੇ ਸਖਤ ਰੁਖ ਨੂੰ ਦੇਖਦਿਆਂ ਪਾਰਟੀ ਵਿਚ ਏਕਤਾ ਦੀਆਂ ਸੰਭਾਵਨਾਵਾਂ ਮੱਧਮ ਪੈ ਗਈਆਂ ਹਨ। ਦਰਅਸਲ ਖਹਿਰਾ ਧੜਾ ਨੇ ਅੰਦਰਖਾਤੇ ਨਵੀਂ ਸਿਆਸੀ ਪਾਰਟੀ ਦੇ ਗਠਨ ਦਾ ਅਮਲ ਸ਼ੁਰੂ ਕੀਤਾ ਹੋਇਆ ਹੈ। ਪੰਜਾਬ ਵਿਚ ਬਦਲੇ ਰਾਜਸੀ ਸਮੀਕਰਨਾਂ ਦੇ ਮੱਦੇਨਜ਼ਰ ਵੀ ਕਿਸੇ ਨਵੀਂ ਸਿਆਸੀ ਪਾਰਟੀ ਦਾ ਗਠਨ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ।
ਸੂਤਰਾਂ ਦੀ ਮੰਨੀਏ ਤਾਂ ਨਵੀਂ ਪਾਰਟੀ ਦਾ ਨਾਮ ‘ਪੰਜਾਬ ਏਕਤਾ ਪਾਰਟੀ’ ਰੱਖਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ ਤੇ ਸ੍ਰੀ ਖਹਿਰਾ ਨੂੰ ਇਸ ਦਾ ਪ੍ਰਧਾਨ ਬਣਾਉਣ ਬਾਰੇ ਚਰਚਾ ਚੱਲ ਰਹੀ ਹੈ। ਅੰਦਰਲੀ ਖਬਰ ਹੈ ਕਿ ਆਮ ਆਦਮੀ ਪਾਰਟੀ (ਆਪ) ਤੋਂ ਵੱਖ ਹੋਏ ਧੜੇ ਜਿਸ ਦੀ ਅਗਵਾਈ ਭੁਲੱਥ ਹਲਕੇ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਕਰ ਰਹੇ ਹਨ, ਵੱਲੋਂ ਇਹ ਸਿਆਸੀ ਪਾਰਟੀ ਖੁਦ ਦੀ ਪ੍ਰਧਾਨਗੀ ਵਿਚ ਹੀ ਬਣਾਈ ਜਾ ਰਹੀ ਹੈ। ਇਸ ਸਬੰਧੀ ਪਿਛਲੇ ਕਈ ਦਿਨਾਂ ਤੋਂ ਵਿਚਾਰਾਂ ਚੱਲ ਰਹੀਆਂ ਹਨ ਤੇ ‘ਆਪ’ ਵੱਲੋਂ ਸ਼ੁਰੂ ਕੀਤੇ ਜਾਣ ਵਾਲੇ ਏਕਤਾ ਯਤਨਾਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਸੀ।
ਇਹ ਵੀ ਖਬਰ ਹੈ ਕਿ ਖਹਿਰੇ ਨੂੰ ਵਿਧਾਇਕ ਵਜੋਂ ਅਸਤੀਫ਼ਾ ਦੇ ਕੇ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਸੰਸਦੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਦੇ ਮੁਕਾਬਲੇ ਉਮੀਦਵਾਰ ਖੜ੍ਹਾ ਕਰਨ ਦੀ ਰਣਨੀਤੀ ਉਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।
ਸੂਤਰਾਂ ਦਾ ਦੱਸਣਾ ਹੈ ਕਿ ਇਸ ਨਵੇਂ ਸਿਆਸੀ ਦਲ ਵਿੱਚ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਧਰਮਵੀਰ ਗਾਂਧੀ ਨਾਲ ਵੀ ਗੱਲ ਚੱਲ ਰਹੀ ਹੈ। ਇਸੇ ਤਰ੍ਹਾਂ ਲੋਕ ਇਨਸਾਫ਼ ਪਾਰਟੀ ਦੇ ਬੈਂਸ ਭਰਾਵਾਂ ਤੇ ਸਾਬਕਾ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਨੂੰ ਵੀ ਇਸ ਨਵੀਂ ਪਾਰਟੀ ਦਾ ਹਿੱਸਾ ਬਣਾਉਣ ਬਾਰੇ ਵਿਚਾਰ ਕੀਤਾ ਗਿਆ ਹੈ। ਬਹੁਜਨ ਸਮਾਜ ਪਾਰਟੀ ਨਾਲ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਗੱਠਜੋੜ ਕਰਨ ਦੀ ਵੀ ਰਣਨੀਤੀ ਉਲੀਕੀ ਜਾ ਰਹੀ ਹੈ।
ਇਸ ਨਵੀਂ ਸਿਆਸੀ ਪਾਰਟੀ ਦੀ ਨੀਂਹ ਰੱਖਣ ਲਈ ਤਤਪਰ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੌਜੂਦਾ ਸਿਆਸੀ ਮਾਹੌਲ ਨੂੰ ਦੇਖਦਿਆਂ ਨਵੀਂ ਪਾਰਟੀ ਦਾ ਗਠਨ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਸਥਾਪਤ ਧਿਰਾਂ ਆਪਣੇ ਸਿਆਸੀ ਭਰੋਸੇਯੋਗਤਾ ਗਵਾਉਂਦੀਆਂ ਜਾ ਰਹੀਆਂ ਹਨ। ਇਨ੍ਹਾਂ ਆਗੂਆਂ ਨੂੰ ‘ਬਰਗਾੜੀ ਮੋਰਚੇ’ ਤੋਂ ਜਨਤਕ ਹਮਾਇਤ ਮਿਲਣ ਦੀਆਂ ਵੀ ਉਮੀਦਾਂ ਹਨ।