ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਰਾਜ ਦੀਆਂ ਕੌਂਸਲ ਚੋਣਾਂ ਵਿਚ ਜਿੱਤੇ ਕਈ ਪੰਜਾਬੀ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਰਾਜ ਦੀਆਂ ਕੌਂਸਲ ਚੋਣਾਂ ਵਿਚ ਜਿੱਤੇ ਕਈ ਪੰਜਾਬੀ

ਵੈਨਕੂਵਰ/ਬਿਊਰੋ ਨਿਊਜ਼ :
ਕੈਨੇਡਾ ਦੀ ਪਾਰਲੀਮੈਂਟ ‘ਚ ਕਈ ਦਸਤਾਰਧਾਰੀ ਮੈਂਬਰ ਪਾਰਲੀਮੈਂਟ ਹਨ ਅਤੇ ਬੀਸੀ ਤੋਂ ਦੋ ਦਸਤਾਰਧਾਰੀ ਐਮਪੀ ਹਨ। ਸਰੀ ਅਤੇ ਐਬਟਸਫ਼ੋਰਡ ਕੈਨੇਡਾ ਦੇ ਦੋ ਅਜਿਹੇ ਸ਼ਹਿਰ ਹਨ ਜਿਥੇ ਪ੍ਰਤੀਸ਼ਤ ਦੇ ਲਿਹਾਜ਼ ਨਾਲ ਪੰਜਾਬੀਆਂ ਦੀ ਗਿਣਤੀ ਕੈਨੇਡਾ ‘ਚੋਂ ਸਭ ਤੋਂ ਵੱਧ ਹੈ, ਵਿਚ ਮਿਉਂਸਪਲ ਚੋਣਾਂ ‘ਚ ਪੰਜਾਬੀ ਕਈ ਵਾਰ ਜੇਤੂ ਰਹੇ ਹਨ।
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਹਾਲ ਹੀ ਵਿਚ ਹੋਈਆਂ ਮਿਉਂਸਪਲ ਚੋਣਾਂ ‘ਚ ਤਕਰੀਬਨ ਸਾਰੇ ਹੀ ਸ਼ਹਿਰਾਂ ਦੇ ਮੇਅਰ, ਕੌਂਸਲਰ ਅਤੇ ਸਕੂਲ ਟਰਸਟੀ ਚੁਣ ਲਏ ਗਏ ਹਨ ਜਦੋਂ ਕਿ ਵੱਡੀ ਗਿਣਤੀ ‘ਚ ਕਿਸਮਤ ਅਜ਼ਮਾਉਣ ਲਈ ਚੋਣ ਮੈਦਾਨ ‘ਚ ਉਤਰੇ ਜੇਤੂ ਪੰਜਾਬੀ ਕੌਂਸਲਰਾਂ ਦੀ ਗਿਣਤੀ ਇਕ ਦਰਜਨ ਤੋਂ ਥੋੜ੍ਹਾ ਘੱਟ ਰਹੀ ਹੈ। ਛੋਟੇ ਜਿਹੇ ਸ਼ਹਿਰ ਮਿਸ਼ਨ ਤੋਂ ਪਹਿਲੀ ਵਾਰ ਜੈਗ ਗਿੱਲ ਅਤੇ ਹੇਅਰ ਕੈਨ ਦੋ ਪੰਜਾਬੀ ਪਹਿਲੀ ਵਾਰ ਚੁਣੇ ਗਏ ਹਨ। ।
ਮਿਸ਼ਨ ਤੋਂ ਮੇਅਰ ਦੀ ਚੋਣ ਜਿੱਤਣ ਵਾਲੀ ਅਲੈਸਿਸ ਪਾਮ ਨਾਂ ਦੀ ਮਹਿਲਾ ਹੈ ਜਿਹੜੀ ਕਿ ਪਹਿਲੀ ਵਾਰ ਮੇਅਰ ਦੀ ਚੋਣ ਜਿੱਤੀ ਹੈ। ਸਰੀ ਤੋਂ ਡਗ ਮਕੱਲਮ ਮੇਅਰ ਦੀ ਚੋਣ ਜਿੱਤੇ ਹਨ ਅਤੇ ਮਨਦੀਪ ਨਾਗਰਾ ਤੇ ਜੈਕ ਸਿੰਘ ਹੁੰਦਲ ਦੋ ਪੰਜਾਬੀ ਕੌਂਸਲਰ ਅਤੇ ਗੈਰੀ ਥਿੰਦ ਨੂੰ ਸਕੂਲ ਟਰੱਸਟੀ ‘ਚ ਸਫ਼ਲਤਾ ਮਿਲੀ ਹੈ। ਟੌਮ ਗਿੱਲ ਸਰੀ ਤੋਂ ਚੋਣ ਲੜ ਰਹੇ ਸਨ। ਇਸੇ ਤਰ੍ਹਾਂ ਐਬਟਸਫ਼ੋਰਡ ਤੋਂ ਪਿਛਲੇ ਮੇਅਰ ਹੈਨਰੀ ਬਰਾਊਨ ਨੇ ਵੱਡੇ ਫ਼ਰਕ ਨਾਲ ਮੇਅਰ ਦੀ ਚੋਣ ਸੌਖਿਆਂ ਹੀ ਜਿੱਤ ਲਈ ਹੈ। ਪ੍ਰੀਤ ਮਹਿੰਦਰ ਸਿੰਘ ਰਾਏ ਤੀਜੀ ਵਾਰ ਸਕੂਲ ਟਰੱਸਟੀ ਚੁਣੇ ਗਏ ਹਨ ਅਤੇ ਕੁਲਦੀਪ ਕੌਰ (ਕੈਲੀ ਚਾਹਲ) ਦੂਜੀ ਵਾਰ ਚੋਣ ਜਿੱਤ ਜਾਣ ‘ਚ ਸਫ਼ਲ ਰਹੀ।
ਇਥੋਂ ਹੀ ਛੇ ਵਾਰ ਕੌਂਸਲਰ ਰਹਿ ਚੁਕੇ ਮੁਹਿੰਦਰ ਸਿੰਘ (ਮੋਹ ਗਿੱਲ) ਮੇਅਰ ਦੀ ਚੋਣ ‘ਚ ਤੀਜੇ ਸਥਾਨ ‘ਤੇ ਰਹੇ। ਇਸੇ ਤਰ੍ਹਾਂ ਵੈਨਕੂਵਰ ਤੋਂ ਸਟੈਵਰਟ ਕੈਨਡੀ ਮੇਅਰ ਚੁਣੇ ਗਏ ਹਨ ਜਦੋਂ ਕਿ ਪੰਜਾਬੀਆਂ ਨੂੰ ਇਥੋਂ ਕੋਈ ਬਹੁਤੀ ਸਫ਼ਲਤਾ ਨਹੀਂ ਮਿਲੀ। ਕੁਲ ਮਿਲਾ ਕੇ ਪਿਛਲੀਆਂ ਚੋਣਾਂ ਨਾਲੋਂ ਪੰਜਾਬੀਆਂ ਦਾ ਪ੍ਰਦਰਸ਼ਨ ਭਾਵੇਂ ਥੋੜ੍ਹਾ ਘੱਟ ਰਿਹਾ ਪਰ ਬੇਗਾਨੇ ਮੁਲਕਾਂ ਦੀ ਰਾਜਨੀਤੀ ਵਿਚ ਪੰਜਾਬੀਆਂ ਦੀ ਇਹ ਹਾਜ਼ਰੀ ਵੀ ਮਾਣ ਵਾਲੀ ਹੈ।