ਬਾਦਲ ਤੇ ਮਜੀਠੀਏ ਦੀਆਂ ਕੰਪਨੀਆਂ ਦਾ ਕਰਜ਼ਦਾਰ ਹੋਇਆ ਅਕਾਲੀ ਦਲ

ਬਾਦਲ ਤੇ ਮਜੀਠੀਏ ਦੀਆਂ ਕੰਪਨੀਆਂ ਦਾ ਕਰਜ਼ਦਾਰ ਹੋਇਆ ਅਕਾਲੀ ਦਲ

ਬਠਿੰਡਾ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਦੇ ਸਿਰਫ ਪੰਥਕ ਆਧਾਰ ਖੁਰਨ ਕਰਕੇ ਹੀ ਮਾੜੇ ਦਿਨ ਨਹੀਂ ਆਏ, ਸਗੋਂ ਆਰਥਿਕ ਮੁਹਾਜ਼ ਉਤੇ ਵੀ ਇਹ ਬਾਦਲ ਤੇ ਮਜੀਠੀਏ ਦੀਆਂ ਕੰਪਨੀਆਂ ਦਾ ਕਰਜ਼ਦਾਰ ਹੋ ਕੇ ਰਹਿ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਭੇਜੀ ਗਈ ਪਾਰਟੀ ਦੀ ਤਾਜ਼ਾ ਆਡਿਟ ਰਿਪੋਰਟ ਅਤੇ ਬੈਲੇਂਸ ਸ਼ੀਟ ਅਨੁਸਾਰ ਪਾਰਟੀ ਇਸ ਵੇਲੇ ਮੈਸਰਜ਼ ਔਰਬਿਟ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਦੀ ਕਰੀਬ 1.87 ਕਰੋੜ ਰੁਪਏ ਦੀ ਕਰਜ਼ਦਾਰ ਹੈ, ਜੋ ਬਾਦਲ ਪਰਿਵਾਰ ਦੀ ਮਾਲਕੀ ਵਾਲੀ ਏਵੀਏਸ਼ਨ ਹੈ।
ਪੰਜਾਬ ਵਿਚ ਹਕੂਮਤ ਬਦਲੀ ਮਗਰੋਂ ਸਰਕਾਰੀ ਹੈਲੀਕਾਪਟਰ ਨੂੰ ਬਾਦਲਾਂ ਦਾ ਭਾਰ ਢੋਹਣ ਤੋਂ ਤਾਂ ਸਾਹ ਮਿਲ ਗਿਆ, ਪਰ ਇਸ ਬੋਝ ਨਾਲ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨੇ ਦਾ ਦਮ ਘੁੱਟਣ ਲੱਗਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਖ਼ਜ਼ਾਨੇ ਵਿੱਚੋਂ ਬਾਦਲਾਂ ਤੇ ਮਜੀਠੀਆ ਦੀ ਮਾਲਕੀ ਵਾਲੀਆਂ ਔਰਬਿਟ ਏਵੀਏਸ਼ਨ ਅਤੇ ਸਰਾਇਆ ਏਵੀਏਸ਼ਨ ਦੇ ਹੈਲੀਕਾਪਟਰਾਂ ਦਾ ਕਿਰਾਇਆ ਲਾਹਿਆ ਜਾਂਦਾ ਹੈ। ਇਨ੍ਹਾਂ ਹੈਲੀਕਾਪਟਰਾਂ ਦੀ ਵਰਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਹੈ। ਮਾਲੀ ਸਾਲ 2017-18 ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਔਰਬਿਟ ਏਵੀਏਸ਼ਨ ਦਾ ਜਹਾਜ਼ ਵਰਤਿਆ ਜਿਸ ਦਾ ਇੱਕ ਸਾਲ ਦਾ ਕਿਰਾਇਆ 1.10 ਕਰੋੜ ਰੁਪਏ ਬਣਿਆ। ਪਿਛਲੇ ਸਾਲ ਇਹ ਕਿਰਾਇਆ 77.84 ਲੱਖ ਰੁਪਏ ਸੀ। ਅਕਾਲੀ ਦਲ ਨੇ ਜੋ 3.74 ਕਰੋੜ ਰੁਪਏ ਦੀਆਂ ਫੁਟਕਲ ਦੇਣਦਾਰੀਆਂ ਦਿਖਾਈਆਂ ਹਨ, ਉਨ੍ਹਾਂ ਵਿਚ ਔਰਬਿਟ ਏਵੀਏਸ਼ਨ ਦੇ 1.87 ਕਰੋੜ ਰੁਪਏ ਵੀ ਸ਼ਾਮਲ ਹਨ। ਸ਼੍ਰੋਮਣੀ ਅਕਾਲੀ ਦਲ ਨੇ ਮਜੀਠੀਆ ਪਰਿਵਾਰ ਦੀ ਮਾਲਕੀ ਵਾਲੇ ਸਰਾਇਆ ਏਵੀਏਸ਼ਨ ਨੂੰ ਪਿਛਲੇ ਸਾਲ ਕਿਰਾਇਆਂ ਦੇ ਰੂਪ ਵਿੱਚ 7.84 ਲੱਖ ਰੁਪਏ ਦੀ ਅਦਾਇਗੀ ਪਾਰਟੀ ਦੇ ਖ਼ਜ਼ਾਨੇ ‘ਚੋਂ ਕੀਤੀ।ਇਸੇ ਤਰ੍ਹਾਂ ਲੰਘੇ ਸਾਲ ਅਟਾਰੀ ਏਵੀਏਸ਼ਨ ਨੂੰ 4.39 ਲੱਖ ਕਿਰਾਇਆ ਦਿੱਤਾ ਗਿਆ ਹੈ।
ਦਿਲਚਸਪ ਤੱਥ ਇਹ ਵੀ ਹਨ ਕਿ ਸਾਲ 2017-18 ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਸਭ ਤੋਂ ਵੱਡਾ ਦਾਨ ਵੀ ਬਾਦਲਾਂ ਦੀ ਕੰਪਨੀ ਨੇ ਦਿੱਤਾ। ਡੱਬਵਾਲੀ ਟਰਾਂਸਪੋਰਟ ਨੇ 94.50 ਲੱਖ ਅਤੇ ਔਰਬਿਟ ਰਿਜ਼ੌਰਟ ਪ੍ਰਾਈਵੇਟ ਲਿਮਟਿਡ ਨੇ 97 ਲੱਖ ਰੁਪਏ ਦਾ ਦਾਨ ਅਕਾਲੀ ਦਲ ਦੀ ਝੋਲੀ ਪਾਇਆ। ਪੰਜਾਬ ਦੇ ਲੋਕ ਭੰਬਲਭੂਸੇ ਵਿੱਚ ਪੈ ਸਕਦੇ ਹਨ ਕਿ ਇੱਕ ਹੱਥ ਨੇ ਦਾਨ ਦਿੱਤਾ, ਜਦੋਂ ਕਿ ਦੂਜਾ ਹੱਥ ਅਕਾਲੀ ਦਲ ਤੋਂ ਹੈਲੀਕਾਪਟਰ ਦਾ ਕਿਰਾਇਆ ਉਡੀਕ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਮੈਸਰਜ਼ ਫਾਸਟਵੇਅ ਟਰਾਂਸਮਿਸ਼ਨ ਪ੍ਰਾਈਵੇਟ ਲਿਮਟਿਡ ਦਾ 73.74 ਲੱਖ ਅਤੇ ਮੈਸਰਜ਼ ਜੀ.ਨੈਕਸਟ ਮੀਡੀਆ ਪ੍ਰਾਈਵੇਟ ਲਿਮਟਿਡ ਦਾ 57.50 ਲੱਖ ਦਾ ਕਰਜ਼ਦਾਰ ਹੈ। ਸ਼੍ਰੋਮਣੀ ਅਕਾਲੀ ਦਲ ਨੇ ਮੈਂਬਰਸ਼ਿਪ ਵਜੋਂ ਕੂਪਨਾਂ ਤੋਂ 1.06 ਕਰੋੜ ਰੁਪਏ ਕਮਾਏ ਹਨ। ਮੀਟਿੰਗਾਂ, ਕਾਨਫ਼ਰੰਸਾਂ ਅਤੇ ਸੰਗਤ ਦਰਸ਼ਨਾਂ ‘ਤੇ 21.75 ਲੱਖ ਰੁਪਏ ਦਾ ਖ਼ਰਚ ਆਇਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਅਤੇ ਅਕਾਲੀ ਵਿਧਾਇਕ ਐਨਕੇ.ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਨੂੰ ਮੈਂਬਰਸ਼ਿਪ ਤੋਂ ਚੈੱਕਾਂ ਰਾਹੀਂ 1.06 ਕਰੋੜ ਦੀ ਆਮਦਨ ਹੋਈ ਹੈ। ਉਨ੍ਹਾਂ ਆਖਿਆ ਕਿ ਰੈਗੂਲਰ ਖ਼ਰਚੇ ਰੋਕੇ ਨਹੀਂ ਜਾ ਸਕਦੇ ਹਨ, ਪਰ ਉਹ ਆਮਦਨ ਵਿੱਚ ਵਾਧੇ ਲਈ ਯਤਨਸ਼ੀਲ ਹਨ। ਉਨ੍ਹਾਂ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਹੈਲੀਕਾਪਟਰ ਦੂਸਰੇ ਰਾਜਾਂ ਵਿੱਚ ਮੀਟਿੰਗਾਂ/ਕਾਨਫ਼ਰੰਸਾਂ ਆਦਿ ਤੇ ਪਾਰਟੀ ਕੰਮਾਂ ਲਈ ਵਰਤੇ ਗਏ ਹਨ, ਜਿਨ੍ਹਾਂ ਦਾ ਕਿਰਾਇਆ ਪਾਰਟੀ ਹੀ ਲਾਹੇਗੀ।