ਯੂਕੇ ਦੇ ਸਿੱਖ ਦੌੜਾਕ ਨੇ ਆਸਟਰੇਲੀਆ ਵਿਚ ਝੁਲਾਇਆ ਕੇਸਰੀ ਨਿਸ਼ਾਨ

ਯੂਕੇ ਦੇ ਸਿੱਖ ਦੌੜਾਕ ਨੇ ਆਸਟਰੇਲੀਆ ਵਿਚ ਝੁਲਾਇਆ ਕੇਸਰੀ ਨਿਸ਼ਾਨ

ਲੰਡਨ/ਬਿਊਰੋ ਨਿਊਜ਼ :

ਇੰਗਲੈਂਡ ਦੇ ਰਹਿਣ ਵਾਲੇ ਮੈਰਾਥਨ ਦੌੜਾਕ ਜਗਜੀਤ ਸਿੰਘ (54 ਸਾਲ) ਅਮਰੀਕਾ ‘ਚ 9/11 ਹਮਲੇ ਤੋਂ ਬਾਅਦ ਵਿਸ਼ਵ ਭਰ ਵਿਚ ਸਿੱਖ ਪਹਿਚਾਣ ਨੂੰ ਲੈ ਕੇ ਪੈਦਾ ਹੋਈਆਂ ਗਲਤ-ਫ਼ਹਿਮੀਆਂ ਦੂਰ ਕਰਨ ਦੀ ਕੋਸ਼ਿਸ਼ ਵਿਚ ਜੁਟੇ ਹੋਏ ਹਨ। ਇਨ੍ਹਾਂ ਗਲਤ-ਫਹਿਮੀਆਂ ਨਾਲ ਸਿੱਖਾਂ ‘ਤੇ ਨਸਲੀ ਹਮਲੇ ਹੋਏ ਸਨ, ਜਿਸ ਕਰਕੇ ਉਹ ਸਿੱਖੀ ਸਰੂਪ ‘ਚ ਹਮੇਸ਼ਾ ਕੇਸਰੀ ਨਿਸ਼ਾਨ (ਝੰਡਾ) ਲੈ ਕੇ ਹੀ ਦੌੜਦੇ ਹਨ। ਉਹ ਇਕ ਅਜਿਹਾ ਮੈਰਾਥਨ ਦੌੜਾਕ ਹੈ ਜਿਸ ਨੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ‘ਚ ਹੋਣ ਵਾਲੀਆਂ ਮੈਰਾਥਨ ਦੌੜਾਂ ‘ਚ ਹਿੱਸਾ ਲੈ ਕੇ ਸਿੱਖ ਪਹਿਚਾਣ ਦਾ ਦੂਜੇ ਭਾਈਚਾਰਿਆਂ ਵਿਚ ਪਰਚਾਰ ਕੀਤਾ ਹੈ।
ਯੂਕੇ. ਦੇ ਸ਼ਹਿਰ ਹੇਜ਼ ‘ਚ ਰਹਿਣ ਵਾਲੇ ਜਗਜੀਤ ਸਿੰਘ ਹਾਲਿੰਗਡਨ ਕੌਂਸਲ ‘ਚ ਲੇਬਰ ਪਾਰਟੀ ਵਲੋਂ ਕੌਂਸਲਰ ਵੀ ਹਨ।
ਉਨ੍ਹਾਂ ਨੇ ਬੀਤੇ ਦਿਨੀਂ ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਵਿਖੇ ਹੋਈ ਮੈਰਾਥਨ ‘ਚ ਵੀ ਹਿੱਸਾ ਲਿਆ। ਲੰਡਨ ਵਾਪਸੀ ਮੌਕੇ ਉਨ੍ਹਾਂ ਕਿਹਾ ਕਿ ਉਹ 14 ਸਾਲਾਂ ਤੋਂ ਦੌੜ ਰਹੇ ਹਨ ਅਤੇ ਹੁਣ ਤੱਕ 14000 ਕਿਲੋਮੀਟਰ ਦੌੜ ਚੁੱਕੇ ਹਨ। ਜਗਜੀਤ ਸਿੰਘ ਨੇ ਕਿਹਾ ਕਿ ਮੈਲਬੋਰਨ ਦੌੜ ਦੌਰਾਨ ਉਸ ਨੂੰ ਲੋਕਾਂ ਵਲੋਂ ਭਾਰੀ ਹੌਸਲਾ ਅਫ਼ਜ਼ਾਈ ਮਿਲੀ। ਜਗਜੀਤ ਸਿੰਘ ਸਮਾਜ ਭਲਾਈ ਲਈ ਰੋਕੋ ਕੈਂਸਰ ਤੋਂ ਸਮੇਤ ਹੋਰ ਕਈ ਸਮਾਜ ਸੇਵੀ ਸੰਸਥਾਵਾਂ ਲਈ ਵੀ ਦੌੜਦੇ ਹਨ।