ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪ੍ਰਮਿੰਦਰ ਸਿੰਘ ਪਰਵਾਨਾ (510-781-0487)

20 ਅਕਤੂਬਰ, ਗੁਰਗੱਦੀ ਦਿਵਸ ‘ਤੇ ਵਿਸ਼ੇਸ਼

ਅਗਿਆਨ ਅਤੇ ਵਹਿਮਾਂ ਭਰਮਾਂ ਵਿਚ ਭਟਕਦੀ ਮਨੁੱਖਤਾ ਨੂੰ ਰਾਹ ਦਿਖਾਉਣ ਲਈ ਬਹੁਤ ਸਾਰੇ ਪੀਰ-ਪੈਗੰਬਰ ਸੰਸਾਰ ਵਿਚ ਆਉਂਦੇ ਰਹੇ ਹਨ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰੱਬੀ ਜੋਤ ਨੇ ਦਸ ਜਾਮਿਆਂ ਵਿਚ ਬਾਣੀ ਰਾਹੀਂ ਮਨੁੱਖਤਾ ਨੂੰ ਸਹਿਜ ਮਾਰਗ ਉਤੇ ਚੱਲਣ ਦਾ ਜੋ ਉਪਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਮਨੁੱਖਤਾ ਨੂੰ ਦਿੱਤਾ ਹੈ, ਉਹ ਹੁਣ ਤਕ ਦੇ ਮਨੁੱਖੀ ਇਤਿਹਾਸ ਵਿਚ ਨਿਰਾਲਾ ਹੈ। ਸਿੱਖ ਧਰਮ ਦੀ ਬੁਨਿਆਦ ਸਤਿ ਉਤੇ ਰੱਖੀ ਗਈ ਹੈ, ਜਿਸ ਦਾ ਉਪਦੇਸ਼ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਮਿਲਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਦੀਵੀ ਗੁਰੂ ਹਨ। ਇਹ ਇਕ ਅਜਿਹਾ ਗ੍ਰੰਥ ਹੈ ਜਿਸ ਨੂੰ ਕਿ ਗੁਰੂ ਦੀ ਉਪਾਧੀ ਨਾਲ ਸਨਮਾਨਿਆ ਗਿਆ ਹੈ। ਜਿਸ ਦੀ ਸਿੱਖਿਆ ਸਮੁੱਚੀ ਮਾਨਵਤਾ ਵਾਸਤੇ ਹੈ। ‘ਉਪਦੇਸ਼ ਚਹੁ ਵਰਨਾ ਕਉ ਸਾਂਝਾ’ ਅਨੁਸਾਰ ਸਾਰੀ ਸਿੱਖਿਆ ਅਧਿਆਤਮਕ ਜਨ ਕਲਿਆਣ ਵਾਸਤੇ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਵਨਾ, ਚਿੰਤਨ ਅਤੇ ਦ੍ਰਿਸ਼ਟੀਕੋਣ ਵਿਸ਼ਵ ਵਿਆਪੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਹੈ। ਗੁਰਬਾਣੀ ਨੇ ਧਰਮ ਨੂੰ ਦੇਹ-ਧਾਰੀ ਗੁਰੂਆਂ ਦੀ ਪੂਜਾ ਤੋਂ ਹਟਾ ਕੇ ਸ਼ਬਦ ਗੁਰੂ ਦੇ ਲੜ ਲਾਇਆ ਹੈ। ਸਮੁੱਚੀ ਬਾਣੀ ਅਧਿਆਤਮਕ ਸਿੱਖਿਆ ਦਾ ਅਨਮੋਲ ਖਜ਼ਾਨਾ ਹੈ। ਇਸ ਦਾ ਪ੍ਰਕਾਸ਼ ਅਤੇ ਸੁੱਖ-ਆਸਣ ਰੋਜ਼ਾਨਾ ਬੜੀ ਸ਼ਰਧਾ ਭਾਵਨਾ ਨਾਲ ਕੀਤਾ ਜਾਂਦਾ ਹੈ। ਇਹ ਸਿੱਖ ਧਰਮ ਦੀ ਸ਼ਰਧਾ ਦਾ ਅਧਿਆਤਮਕ ਧੁਰਾ ਹੈ। ਸ਼ਬਦ ਗੁਰੂ ਦਾ ਸਤਿਕਾਰ ਪ੍ਰਮਾਤਮਾ ਦਾ ਸਤਿਕਾਰ ਹੈ।
ਇਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਪਹਿਲੇ ਪੰਜ ਗੁਰੂਆਂ ਦੀ ਬਾਣੀ, ਭਗਤਾਂ, ਭੱਟਾਂ, ਸੰਤਾਂ ਤੇ ਸਿੱਖ ਬਾਣੀਕਾਰਾਂ ਦੀ ਪਵਿੱਤਰ ਬਾਣੀ ਨੂੰ ਸੰਭਾਲਿਆ ਗਿਆ ਹੈ ਜੋ ਬੰਦਗੀ ਅਤੇ ਪ੍ਰਭੂ ਮਿਲਾਪ ਦਾ ਰਾਹ ਦੱਸਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰੱਬੀ ਬਾਣੀ ਹੈ ਜੋ ਪ੍ਰਚਲਿਤ ਆਰੀਅਨ ਭਾਸ਼ਾ ਦਾ ਮਿਸ਼ਰਣ ਹੈ। ਲੋਕ ਭਾਸ਼ਾਵਾਂ, ਸੰਤ ਭਾਸ਼ਾ ਕਾਵਿ ਰੂਪ ਵਿਚ ਸਾਹਿਤ ਦੀ ਉਮਦਾ ਵੰਨਗੀ ਰਹੀ ਹੈ। ਇਸ ਵਿਚ ਪ੍ਰਮਾਤਮਾ ਦੀ ਉਸਤਤ ਨੂੰ ਜਦੋਂ ਰਾਗਾਂ ਵਿਚ ਗਾਇਆ ਜਾਂਦਾ ਹੈ, ਤਾਂ ਇਸ ਦੀ ਵਾਰਤਿਕ ਵਿਆਖਿਆ ਤੇ ਕਾਵਿਤ ਸੰਗੀਤ ਦਾ ਰਸਮਈ ਪ੍ਰਵਾਹ ਮਨ ਨੂੰ ਢਾਰਸ ਜਾਂ ਧੀਰਜ ਹੀ ਨਹੀਂ ਸਗੋਂ ਮਾਨਸਿਕ ਤਸੱਲੀ ਵੀ ਦਿੰਦਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੋਥੀ ਰੂਪ ਵਿਚ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ ਗਈ। ਫਿਰ ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ ਤੋਂ ਇਕੱਤਰ ਹੁੰਦੀ ਹੋਈ ਬਾਣੀ ਦਾ ਸੰਕਲਨ ਗੁਰੂ ਅਰਜਨ ਸਾਹਿਬ ਨੇ ਕੀਤਾ। ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਅਗਵਾਈ ਹੇਠ ਪਾਵਨ ਬੀੜ ਲਿਖਣ ਦੀ ਸੇਵਾ ਰਾਮ ਸਰੋਵਰ ਦੇ ਰਮਣੀਕ ਕੰਢੇ ਉਤੇ ਨਿਭਾਈ ਜਿੱਥੇ ਰਾਮਸਰ ਗੁਰਦੁਆਰਾ ਸ਼ੁਸ਼ੋਭਿਤ ਹੈ। ਗੁਰੂ ਅਰਜਨ ਦੇਵ ਜੀ ਨੇ ਸਮੁੱਚੀ ਇਕੱਤਰ ਹੋਈ ਬਾਣੀ ਨੂੰ 31 ਰਾਗਾਂ ਵਿਚ ਤਰਤੀਬ ਦੇ ਕੇ 30 ਅਗਸਤ, 1604 ਨੂੰ ਇਸ ਦੀ ਸੰਪਾਦਨਾ ਸੰਪੂਰਣ ਕੀਤੀ।
1 ਸਤੰਬਰ, 1604 ਨੂੰ ਆਦਿ ਗ੍ਰੰਥ ਨਗਰ ਕੀਰਤਨ ਦੇ ਰੂਪ ਵਿਚ ਬੜੀ ਸ਼ਾਨ ਨਾਲ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਹੋਇਆ। ਭਾਈ ਬੁੱਢਾ ਜੀ ਨੂੰ ਪਹਿਲੇ ਗੰ੍ਰਥੀ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਸੰਗਤਾਂ ਗੁਰੂ ਅਰਜਨ ਦੇਵ ਜੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਬੈਠੀਆਂ। ਪਹਿਲਾ ਹੁਕਮਨਾਮਾ ਪ੍ਰਾਪਤ ਹੋਇਆ, ”ਸੰਤਾਂ ਦੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣ ਆਇਆ ਰਾਮ।। ਅੰਗ 783”।
ਆਦਿ ਗ੍ਰੰਥ ਸਾਹਿਬ ਜੀ ਨੂੰ ਹੋਰ ਵਿਸ਼ਾਲ ਬਣਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਇਕੱਤਰ ਕਰਦਿਆਂ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਦਰਜ ਕਰਵਾ ਕੇ ਸੰਨ 1705 ਨੂੰ ਮੁਕੰਮਲ ਕੀਤਾ।
20 ਅਕਤੂਬਰ 1708 ਈ. ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤਿ ਸਮਾਉਣ ਵੇਲੇ ਨਾਂਦੇੜ ਸਾਹਿਬ ਵਿਖੇ ਗੁਰਿਆਈ ਆਦਿ ਗ੍ਰੰਥ ਨੂੰ ਸੌਂਪੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਦੇ ਕੇ ਉਨ੍ਹਾਂ ਸਮੁੱਚੇ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਉਤੇ ਚੱਲਣ ਦਾ ਆਦੇਸ਼ ਦਿੱਤਾ। ਅੱਜ ਹਰ ਇਕ ਸਿੱਖ ਦੀਆਂ ਹਰ ਤਰ੍ਹਾਂ ਦੀਆਂ ਸਮਾਜਿਕ ਤੇ ਧਾਰਮਿਕ ਰਸਮਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਰਹਿੰਦੇ ਹਨ ਤੇ ਮਨ ਦੀਆਂ ਆਸਾਂ ਪੂਰੀਆਂ ਕਰਦੇ ਹਨ।
ਇਤਿਹਾਸ ਮੁਤਾਬਕ ਬਾਬਾ ਦੀਪ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਕਰਕੇ ਸੰਗਤਾਂ ਵਿਚ ਵੰਡੇ। ਹੁਣ 1430 ਅੰਗਾਂ ਵਾਲੀ ਬੀੜ ਦੀ ਛਪਾਈ ਦੇ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਕੋਲ ਹਨ। ਸਿੱਖ ਸੰਗਤਾਂ ਦਾ ਅਥਾਹ ਵਿਸ਼ਵਾਸ਼ ਹੈ ਕਿ ਇਸ ਗ੍ਰੰਥ ਵਿਚੋਂ ਜੀਵਨ ਜਿਉਣ ਦੀ ਜੁਗਤ ਦੀ ਸੇਧ ਮਿਲਦੀ ਹੈ, ਚੜ੍ਹਦੀ ਕਲਾ ਦਾ ਉਤਸ਼ਾਹ ਅਤੇ ਵਿਸ਼ਵਾਸ ਮਿਲਦਾ ਹੈ। ਹਰ ਔਕੜ ਅਤੇ ਸੰਘਰਸ਼ ਵਿਚ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਤੇ ਹਮੇਸ਼ਾ ਮਾਣ ਰਿਹਾ ਹੈ। ਖਾਲਸਾ ਪੰਥ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਤੋਂ ਹਮੇਸ਼ਾ ਅਗਵਾਈ ਪ੍ਰਾਪਤ ਕੀਤੀ ਹੈ। ਇਥੋਂ ਤੱਕ ਕਿ ਸ਼ਹੀਦੀਆਂ ਦੀ ਸੇਧ ਵੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪ੍ਰਾਪਤ ਹੋਈ ਹੈ। ”ਜਉ ਤਉ ਪ੍ਰੇਮ ਖੇਲਨ ਕਾ ਚਾਉ। ਸਿਰਿ ਧਰਿ ਤਲੀ ਗਲੀ ਮੇਰੀ ਆਉ£”
ਸਿੱਖ ਪੰਥ ਲਈ ਸ਼ਹੀਦੀਆਂ ਸਿਰਫ਼ ਮਰਦਾਂ ਨੇ ਹੀ ਨਹੀਂ ਦਿੱਤੀਆਂ ਸਗੋਂ ਔਰਤਾਂ ਅਤੇ ਬੱਚੇ ਵੀ ਕੁਰਬਾਨ ਹੁੰਦੇ ਗਾਉਂਦੇ ਰਹੇ, ”ਸਿਰਿ ਜਾਏ ਤਾ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ।”
ਇਤਿਹਾਸ ਵਿਚ ਦਰਜ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਸੁਤੰਤਰ ਖਾਲਸਾ ਰਾਜ ਸਥਾਪਤ ਕੀਤਾ। ਉਨ੍ਹਾਂ ਦਾ ਜੀਵਨ ਅਤੇ ਰਾਜ ਪ੍ਰਬੰਧ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਉਤੇ ਹੀ ਕੇਂਦਰਤ ਰਿਹਾ। ਮਹਾਰਾਜਾ ਰਣਜੀਤ ਸਿੰਘ ਪੰਥ ਦੇ ਸਮਾਗਮਾਂ ਵੇਲੇ ਹਰਿਮੰਦਰ ਸਾਹਿਬ ਜਾ ਕੇ ਮੱਥਾ ਟੇਕਦੇ ਅਤੇ ਸ਼ਰਧਾ ਦੇ ਫੁੱਲ ਭੇਟ ਕਰਦੇ। ਸਿੱਖਾਂ ਵਾਸਤੇ ਸ਼ਰਧਾ ਦਾ ਇਹ ਇਕੋ ਇਕ ਗ੍ਰੰਥ ਹੈ। ਇਸ ਤੋਂ ਇਲਾਵਾ ਕਿਸੇ ਮੂਰਤੀ ਜਾਂ ਦੇਹਧਾਰੀ ਨੂੰ ਨਹੀਂ ਮੰਨਿਆ ਜਾਂਦਾ। ਦਸਮ ਪਿਤਾ ਜੀ ਦੇ ਹੁਕਮਾਂ ਤੋਂ ਬਾਅਦ ਇਸ ਧਾਰਮਿਕ ਗ੍ਰੰਥ ਨੂੰ ਹੀ ਗੁਰੂ ਮੰਨਿਆ ਜਾਂਦਾ ਹੈ।
ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ£
ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖਿ ਗੁਰੂ ਨਿਸਤਾਰੇ।