ਗੁਰੁਦਆਰਾ ਸਾਹਿਬ ਫਰੀਮਾਂਟ ਵਿਖੇ ਬੇਅਦਬੀ ਕਾਂਡ ਦੇ ਸ਼ਹੀਦਾਂ ਦੀ ਤੀਜੀ ਵਰ੍ਹੇ ਗੰਢ ‘ਤੇ ਹੋਵੇਗਾ ਸਮਾਗਮ

ਗੁਰੁਦਆਰਾ ਸਾਹਿਬ ਫਰੀਮਾਂਟ ਵਿਖੇ ਬੇਅਦਬੀ ਕਾਂਡ ਦੇ ਸ਼ਹੀਦਾਂ ਦੀ ਤੀਜੀ ਵਰ੍ਹੇ ਗੰਢ ‘ਤੇ ਹੋਵੇਗਾ ਸਮਾਗਮ

ਫਰੀਮਾਂਟ/ਬਿਊਰੋ ਨਿਊਜ਼ :
ਗੁਰੁਦਆਰਾ ਸਾਹਿਬ ਫਰੀਮਾਂਟ ਵਿਖੇ ਬੇਅਦਬੀ ਕਾਂਡ ਦੇ ਸ਼ਹੀਦਾਂ ਦੀ ਤੀਜੀ ਵਰ੍ਹੇ ਗੰਢ ‘ਤੇ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ 21 ਅਕਤੂਬਰ 2018 ਦਿਨ ਐਤਵਾਰ ਨੂੰ ਬਹਿਬਲ ਕਲਾਂ ਦੇ ਦੋ ਸ਼ਹੀਦਾਂ ਦੀ ਤੀਜੀ ਵਰ੍ਹੇਗੰਢ ਗੁਰੁਦਆਰਾ ਸਾਹਿਬ ਫਰੀਮਾਂਟ ਵਿਖੇ ਮਨਾਈ ਜਾ ਰਹੀ ਹੈ। ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਦੀ ਚੜ੍ਹਦੀ ਕਲਾ ਲਈ ਐਤਵਾਰ ਨੂੰ ਵਿਸ਼ੇਸ਼ ਦੀਵਾਨ ਸਜਾਏ ਜਾਣਗੇ। ਸਾਧ ਸੰਗਤ ਨੂੰ ਬੇਨਤੀ ਹੈ ਕਿ ਵੱਧ ਚੜ੍ਹਕੇ ਹਾਜ਼ਰੀਆਂ ਭਰੋ ਜੀ। ਇਸ ਮੌਕੇ ਕਥਾ, ਕੀਰਤਨ ਅਤੇ ਪੰਥਕ ਬੁਲਾਰੇ ਸੰਗਤਾਂ ਨੂੰ ਸੰਬੋਧਨ ਕਰਨਗੇ।
ਉਨ੍ਹਾਂ ਦੱਸਿਆ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੂਨ 2015 ਵਿਚ ਹੋਈ ਬੇਅਦਬੀ ਦੌਰਾਨ ਪਾਵਨ ਸਰੂਪ ਦੇ ਅੰਗ ਪਾੜ ਕੇ ਗਲੀਆਂ-ਨਾਲੀਆਂ ਵਿਚ ਖਿਲਾਰੇ ਗਏ ਸਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਸ ਬੇਅਦਬੀ ਦੇ ਰੋਸ ਵਜੋਂ ਸ਼ਾਂਤਮਈ ਧਰਨੇ ‘ਤੇ ਸਿਮਰਨ ਕਰ ਰਹੀਆਂ ਸਿੱਖ ਸੰਗਤਾਂ ‘ਤੇ ਪੁਲਿਸ ਵਲੋਂ ਕੀਤੀ ਅੰਨ੍ਹੇਵਾਹ ਫਾਇਰੰਗ ਨਾਲ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਦਬ ਸਤਿਕਾਰ ਲਈ ਅਤੇ ਦੁਸ਼ਮਣ ਤਾਕਤਾਂ ਦਾ ਵਿਰੋਧ ਕਰਦਿਆਂ ਸ਼ਹਾਦਤਾਂ ਪ੍ਰਾਪਤ ਕਰ ਗਏ ਸਨ। ਸ਼ਹਾਦਤਾਂ ਜਿਥੇ ਕੌਮਾਂ ਦਾ ਸਰਮਾਇਆ ਹੁੰਦੀਆਂ ਹਨ, ਉਥੇ ਕੌਮਾਂ ਦਾ ਰਾਹ ਦਸੇਰਾ ਵੀ ਬਣਦੀਆਂ ਹਨ। ਇਸ ਲਈ ਹਰ ਸਿੱਖ ਦਾ ਇਹ ਫਰਜ਼ ਬਣਦਾ ਹੈ ਕਿ ਕੌਮੀ ਸ਼ਹੀਦਾਂ ਦੀ ਯਾਦ ਵਿਚ ਜੁੜ ਕੇ ਸੰਘਰਸ਼ਸ਼ੀਲ ਧਿਰਾਂ ਦਾ ਹੌਸਲਾ ਵਧਾਏ।
ਉਨ੍ਹਾਂ ਸਿੱਖ ਸੰਗਤਾਂ ਨੂੰ ਇਹ ਵੀ ਅਪੀਲ ਕੀਤੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨ ੂੰਸਜ਼ਾਵਾਂ ਦਿਵਾਉਣ, ਜੇਲ੍ਹਾਂ ਵਿਚ ਬੰਦ ਸਿੰਘਾਂ ਨੂੰ ਰਿਹਾਅ ਕਰਵਾਉਣ ਅਤੇ ਸ਼ਹੀਦਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਇਕ ਜੂਨ 2018 ਤੋਂ ਨਿਰੰਤਰ ਬਰਗਾੜੀ ਦੀ ਧਰਤੀ ‘ਤੇ ਇਨਸਾਫ਼ ਪ੍ਰਾਪਤੀ ਲਈ ਚੱਲ ਰਹੇ ਮੋਰਚੇ ਵਿਚ ਸਮੁੱਚੀ ਕੌਮ ਵੱਧ ਚੜ੍ਹਕੇ ਸ਼ਮੂਲੀਅਤ ਕਰਕੇ ਸ਼ਹੀਦਾਂ ਦੇ ਡੁੱਲ੍ਹੇ ਲਹੂ ਦਾ ਕਰਜ਼ ਚੁਕਾਉਂਦਿਆਂ ਹੋਇਆਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਿਚ ਯੋਗਦਾਨ ਪਾਵੇ।
ਸ਼ਹੀਦੀ ਸਮਾਗਮ ਸਬੰਧੀ ਵਧੇਰੇ ਜਾਣਕਾਰੀ ਲਈ ਗੁਰਦੁਆਰਾ ਸਾਹਿਬ ਫਰੀਮਾਂਟ, ਕੈਲੀਫੋਰਨੀਆ ਫੋਨ ਨੰਬਰ 510-790-0177 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।