ਸਿੱਖ ਕਤਲੇਆਮ ਦੀ ਦਰਦਨਾਕ ਦਾਸਤਾਨ ਬਿਆਨ ਕਰਦੀ ਵਿਕਰਮ ਕਪੂਰ ਦੀ ਕਿਤਾਬ

ਸਿੱਖ ਕਤਲੇਆਮ ਦੀ ਦਰਦਨਾਕ ਦਾਸਤਾਨ ਬਿਆਨ ਕਰਦੀ ਵਿਕਰਮ ਕਪੂਰ ਦੀ ਕਿਤਾਬ

ਨਵੀਂ ਦਿੱਲੀ/ਬਿਊਰੋ ਨਿਊਜ਼ :
ਦੇਸ਼ ਦੇ ਸਮਾਜਕ ਤਾਣੇ ਬਾਣੇ ਨੂੰ ਹਮੇਸ਼ਾ ਲਈ ਬਦਲ ਕੇ ਰੱਖ ਦੇਣ ਵਾਲੇ 1984 ਦੇ ਸਿੱਖ ਨਸਲਕੁਸ਼ੀ ਦੀ ਰੌਂਗਟੇ ਖੜੇ ਕਰਨ ਵਾਲੀ ਦਾਸਤਾਨ ਦੀਆਂ ਕਹਾਣੀਆਂ ਨੂੰ ਕਿਤਾਬ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ।
ਵਿਕਰਮ  ਕਪੂਰ ਅਤੇ ਅਮੇਰੀਲਿਸ ਪਬਲਿਸ਼ਿੰਗ ਹਾਊਸ ਵਲੋਂ ‘1984 ਦੇ ਸਿੱਖ ਕਤਲੇਆਮ ਦੇ ਨਿਜੀ ਬਿਰਤਾਂਤ ਅਤੇ ਕਾਲਪਨਿਕ ਕਹਾਣੀਆਂ’ ਨਾਂ ਦੇ ਸਿਰਲੇਖ ਅਧੀਨ ਕਿਤਾਬ ਪ੍ਰਕਾਸ਼ਤ ਕੀਤੀ ਗਈ ਹੈ।
ਲੇਖਕ ਕਪੂਰ ਕਹਿੰਦੇ ਹਨ ਕਿ ਇਸ ਕਿਤਾਬ ਦਾ ਗ਼ੈਰ ਕਾਲਪਨਿਕ ਹਿੱਸਾ ਜਿਥੇ ਉਸ ਸਮੇਂ ਦੇ ਤੱਥਾਂ ਨਾਲ ਭਰਪੂਰ ਇਤਿਹਾਸ ਨੂੰ ਖੰਘਾਲਦਿਆਂ ਲਿਖਿਆ ਗਿਆ ਹੈ, ਉਥੇ ਕਾਲਪਨਿਕਤਾ ਦੇ ਤਾਣੇ ਬਾਣੇ ਵਿਚ ਬੁਣੀਆਂ ਕਹਾਣੀਆਂ ਉਨ੍ਹਾਂ ਦਹਿਸ਼ਤ ਭਰੇ ਦਿਨਾਂ ਦੀ ਯਾਦ ਦਵਾਉਂਦੀਆਂ ਹਨ।
ਪੰਜਾਬੀ ਦੀ ਮੰਨੀ ਪ੍ਰਮੰਨੀ ਲੇਖਕਾ ਅਜੀਤ ਕੌਰ ਨੇ ਨਵੰਬਰ 1984 ਵਿਚ ਲਿਖਿਆ ਹੈ ਕਿ ਉਹ ਅਕਤੂਬਰ ਅਤੇ ਨਵੰਬਰ ਮਹੀਨੇ ਦੇ ਪਹਿਲੇ ਤਿੰਨ ਦਿਨ ਤਕ ਅਪਣੇ ਘਰ ਦੀਆਂ ਸਾਰੀਆਂ ਖਿੜਕੀਆਂ ਤੇ ਦਰਵਾਜ਼ੇ ਬੰਦ ਕਰ ਕੇ ਆਪਣੀ ਧੀ ਸਮੇਤ ਘਰ ਅੰਦਰ ਲੁਕੀ ਰਹੀ। ਪਰ ਜਦ ਯਮੁਨਾ ਪਾਰ ਦੀਆਂ ਕਾਲੋਨੀਆਂ ਵਿਚ ਹਜ਼ਾਰਾਂ ਲੋਕਾਂ ਨੂੰ ਮਾਰਿਆ ਜਾ ਰਿਹਾ ਸੀ ਤਾਂ ਘਰਾਂ ਵਿਚ ਬੁਜ਼ਦਿਲਾਂ ਵਾਂਗ ਲੁਕਿਆ ਰਹਿਣਾ ਵੀ ਔਖਾ ਹੋ ਗਿਆ।  ਸਾਹਿਤਕ ਪ੍ਰਚਾਰਕ ਪ੍ਰੀਤੀ ਗਿੱਲ 1984 ਦੇ ਉਨ੍ਹਾਂ ਤਿੰਨ ਦਿਨਾਂ ਨੂੰ ਤ੍ਰਾਸਦੀਪੂਰਨ ਮੰਨਦੀ ਹੈ। ਪਛਾਣ ਦਾ ਸਵਾਲ ਵਿਚ ਉਨ੍ਹਾਂ ਇਸੇ ਪੱਖ ਨੂੰ ਉਘੇੜਿਆ ਹੈ। ਦਿੱਲੀ ਦੀ ਰਹਿਣ ਵਾਲੀ ਲੇਖਿਕਾ ਹੁਮਾ ਕੂਰੈਸ਼ੀ ਨੇ ਲਿਖਿਆ ਹੈ ਕਿ ਉਨ੍ਹਾਂ ਦੇ ਇਕ ਦੋਸਤ ਨੇ ਉਨ੍ਹਾਂ ਦਿਨਾਂ ਵਿਚ ਉਨ੍ਹਾਂ ਨੂੰ ਘਰੋਂ ਬਾਹਰ ਨਿਕਲਣ ਸਮੇਂ ਇਹ ਕਹਿ ਕੇ ਸਾਵਧਾਨ ਕੀਤਾ ਕਿ ਸੋਚ ਕੇ ਬਾਹਰ ਨਿਕਲਣਾ ਕਿਉਂਕਿ ਤੁਸੀਂ ਸਰਦਾਰਨੀਆਂ ਵਾਂਗ ਦਿਸਦੇ ਹੋ। ਕਈ ਸਿੱਖ ਦੋਸਤਾਂ ਤੋਂ ਦੰਗਿਆਂ ਦਾ ਸੱਚ ਸੁਣ ਕੇ ਉਨ੍ਹਾਂ ਮਹਿਸੂਸ ਕੀਤਾ ਕਿ ਜਦ ਮੁਸਲਿਮ ਇਲਾਕਿਆਂ ਵਿਚ ਦੰਗੇ ਹੁੰਦੇ ਹਨ ਤਾਂ ਮੁਸਲਿਮ ਸਮਾਜ ਕਿਸ ਤਰ੍ਹਾਂ ਦੇ ਹਾਲਾਤ ਵਿਚੋਂ ਦੀ ਲੰਘਦਾ ਹੋਵੇਗਾ।