ਭਗਵੰਤ ਮਾਨ ਨੂੰ ਸਰਦ ਰੁੱਤ ਇਜਲਾਸ ਲਈ ਮੁਅੱਤਲ ਕਰਨ ਦੀ ਸਿਫਾਰਿਸ਼

ਭਗਵੰਤ ਮਾਨ ਨੂੰ ਸਰਦ ਰੁੱਤ ਇਜਲਾਸ ਲਈ ਮੁਅੱਤਲ ਕਰਨ ਦੀ ਸਿਫਾਰਿਸ਼

ਨਵੀਂ ਦਿੱਲੀ/ਬਿਊਰੋ ਨਿਊਜ਼ :
ਸੰਸਦ ਭਵਨ ਦੀ ਵੀਡੀਓ ਬਣਾਉਣ ਦੇ ਮਾਮਲੇ ਦੀ ਜਾਂਚ ਕਰ ਰਹੀ ਸੰਸਦੀ ਕਮੇਟੀ ਨੇ ਆਮ ਆਦਮੀ ਪਾਰਟੀ (ਆਪ) ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੂੰ ਬਾਕੀ ਰਹਿੰਦੇ ਸਰਦ ਰੁੱਤ ਸੈਸ਼ਨ ਲਈ ਮੁਅੱਤਲ ਕੀਤੇ ਜਾਣ ਦੀ ਸਿਫਾਰਸ਼ਿ ਕੀਤੀ ਹੈ।
ਕਮੇਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਜੁਲਾਈ ਮਹੀਨੇ ਸੰਸਦ ਭਵਨ ਦੀ ਵੀਡੀਓ ਬਣਾਉਣ ਕਾਰਨ ਵਿਵਾਦਾਂ ਵਿੱਚ ਘਿਰੇ 43 ਸਾਲਾ ਭਗਵੰਤ ਮਾਨ ਦਾ ਵਿਹਾਰ ਬਹੁਤ ਹੀ ਇਤਰਾਜ਼ਯੋਗ ਸੀ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਦੀ ਘਾਟ ਹੈ ਅਤੇ ਉਹ ਗ਼ੈਰ-ਜ਼ਿੰਮੇਵਾਰ ਹਨ। ਨੌਂ ਮੈਂਬਰੀ ਸੰਸਦੀ ਜਾਂਚ ਕਮੇਟੀ ਦੀ ਅਗਵਾਈ ਕਰ ਰਹੇ ਭਾਜਪਾ ਮੈਂਬਰ ਕਿਰਤ ਸੋਮੱਈਆ ਨੇ ਲੋਕ ਸਭਾ ਵਿੱਚ ਰਿਪੋਰਟ ਪੇਸ਼ ਕੀਤੀ। ਕਮੇਟੀ ਨੇ ਹਾਲਾਂਕਿ ਇਸ ਮਾਮਲੇ ਵਿਚ ਸੁਰੱਖਿਆ ਦਾ ਮਸਲਾ ਸੁਰੱਖਿਆ ਤੇ ਗ੍ਰਹਿ ਮੰਤਰਾਲੇ ‘ਤੇ ਆਧਾਰਤ ਸੰਸਦੀ ਕਮੇਟੀ ਦੇ ਵਿਚਾਰਨ ਲਈ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਸਦ ਦੀ ਸੁਰੱਖਿਆ ਦਾ ਮਾਮਲਾ ਗੰਭੀਰ ਹੈ ਤੇ ਇਸ ਦੀ ਪਹਿਲ ਦੇ ਆਧਾਰ ‘ਤੇ ਸਮੀਖਿਆ ਹੋਣੀ ਚਾਹੀਦੀ ਹੈ।
ਕਮੇਟੀ ਨੇ ਕਿਹਾ ਕਿ ਮੈਂਬਰਾਂ ਨੇ ਲੰਮੀ ਵਿਚਾਰ ਚਰਚਾ ਮਗਰੋਂ ਲੋਕ ਸਭਾ ਮੈਂਬਰ ਭਗਵੰਤ ਮਾਨ 16ਵੀਂ ਲੋਕ ਸਭਾ ਦੇ ਦਸਵੇਂ ਇਜਲਾਸ ਦੇ ਬਾਕੀ ਰਹਿੰਦੇ ਸੈਸ਼ਨ ਲਈ ਮੁਅੱਤਲ ਕਰਨ ਦਾ ਫ਼ੈਸਲਾ ਲਿਆ ਹੈ। ਲੋਕ ਸਭਾ ਦਾ ਸਰਦ ਸੁੱਤ ਸੈਸ਼ਨ 16 ਦਸੰਬਰ ਨੂੰ ਖ਼ਤਮ ਹੋ ਰਿਹਾ ਹੈ।