ਬੇਕਰਸਫੀਲਡ ਵਿਚ ਸਿੱਖ ਨਸਲੀ ਹਮਲੇ ਦਾ ਸ਼ਿਕਾਰ

ਬੇਕਰਸਫੀਲਡ ਵਿਚ ਸਿੱਖ ਨਸਲੀ ਹਮਲੇ ਦਾ ਸ਼ਿਕਾਰ

ਪੱਗ ਅਤੇ ਦਾੜ੍ਹੀ ‘ਤੇ ਸੁੱਟੀ ਸ਼ਰਾਬ
ਬੇਕਰਸਫੀਲਡ/ਬਿਊਰੋ ਨਿਊਜ਼ :
ਬੇਕਰਸਫੀਲਡ ਵਿਚ ਇਕ ਹੋਰ ਸਿੱਖ ਨੌਜਵਾਨ ਨਸਲੀ ਹਮਲੇ ਦਾ ਸ਼ਿਕਾਰ ਹੋਇਆ ਹੈ। ਹਮਲਾਵਰਾਂ ਨੇ ਉਸ ਨੂੰ ਗਾਲ੍ਹਾਂ ਕੱਢਦੇ ਹੋਏ, ਉਸ ਦੀ ਪੱਗ ਤੇ ਦਾੜ੍ਹੀ ਉਪਰ ਸ਼ਰਾਬ ਸੁੱਟ ਦਿੱਤੀ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਸਬੰਧ ਵਿੱਚ ਪੁਲੀਸ ਨੇ ਨਫ਼ਰਤੀ ਜੁਰਮ ਤਹਿਤ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਪੀੜਤ ਬਲਮੀਤ ਸਿੰਘ ਅਤੇ ਉਸ ਦੇ ਦੋਸਤ ਕੈਲੀਫੋਰਨੀਆ ਐਵੇਨਿਊ ਵਿੱਚ ਰਾਤ ਦਾ ਖਾਣਾ ਖਾਣ ਗਏ ਸਨ। ਇਸ ਦੌਰਾਨ ਬਲਮੀਤ ਸਿੰਘ ਇਕ ਫੋਨ ਕਾਲ ਸਬੰਧੀ ਰੈਸਟੋਰੈਂਟ ਤੋਂ ਬਾਹਰ ਗਿਆ ਤਾਂ ਇਕ ਦਰਮਿਆਨੀ ਉਮਰ ਦਾ ਆਦਮੀ ਆ ਕੇ ਉਸ ਨੂੰ ਗਾਲ੍ਹਾਂ ਕੱਢਣ ਲੱਗਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਬਲਮੀਤ ਸਿੰਘ ਨੇ ਕਿਹਾ, ”ਹਮਲਾਵਰ ਮੈਨੂੰ ਆਖ ਰਿਹਾ ਸੀ ‘ਤੁਸੀਂ ਸਾਡੇ ਮੁਲਕ ਨੂੰ  ਉਡਾ ਦੇਣਾ ਚਾਹੁੰਦੇ ਹੋ, ਤੈਨੂੰ ਮਾਰ ਦੇਣਾ ਚਾਹੀਦਾ ਹੈ। ਮੈਂ ਹੁਣੇ ਤੈਨੂੰ ਮਾਰ ਦੇਵਾਂਗਾ।’ ਉਹ ਬਹੁਤ ਗੁੱਸੇ ਵਿੱਚ ਸੀ ਤੇ ਬਹੁਤ ਮੰਦਾ ਬੋਲ ਰਿਹਾ ਸੀ।”
ਇੰਨਾ ਹੀ ਨਹੀਂ ਹਮਲਾਵਰ ਜੋ ਡਰਿੰਕ ਪੀ ਰਿਹਾ ਸੀ, ਉਹ ਵੀ ਉਸ ਨੇ ਬਲਮੀਤ ਸਿੰਘ ਉਤੇ ਸੁੱਟ ਦਿੱਤਾ, ਜਿਸ ਕਾਰਨ ਉਸ ਦੀ ਪੱਗ, ਚਿਹਰਾ ਤੇ ਕੱਪੜੇ ਭਿੱਜ ਗਏ। ਇਸ ਤੋਂ ਬਾਅਦ ਉਹ ਪਾਰਕਿੰਗ ਵੱਲ ਚਲਾ ਗਿਆ ਤਾਂ ਬਲਮੀਤ ਸਿੰਘ ਨੇ ਉਸ ਦਾ ਪਿੱਛਾ ਕਰ ਕੇ ਉਸ ਦੇ ਵਾਹਨ ਦੇ ਵੇਰਵੇ ਤੇ ਨੰਬਰ ਨੋਟ ਕਰ ਲਿਆ। ਇਸ ਸਬੰਧੀ ਬੇਕਰਸਫੀਲਡ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।