ਐਤਕੀਂ ਵੀ ਤੁਹਾਡਾ ਭਰਵਾਂ ਸਹਿਯੋਗ ਮੇਰੀ ਉਮਰ ਵਧਾ ਸਕਦੈ : ਬਾਦਲ

ਐਤਕੀਂ ਵੀ ਤੁਹਾਡਾ ਭਰਵਾਂ ਸਹਿਯੋਗ ਮੇਰੀ ਉਮਰ ਵਧਾ ਸਕਦੈ : ਬਾਦਲ

‘ਨਵਜੋਤ ਕੌਰ ਸਿੱਧੂ ਨੇ ਲਾਲਚ ਕਰਕੇ ਪਾਰਟੀ ਛੱਡੀ’
ਲੰਬੀ/ਬਿਊਰੋ ਨਿਊਜ਼ :
ਲੰਬੀ ਹਲਕੇ ਵਿੱਚ ਸੰਗਤ ਦਰਸ਼ਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਤੋਂ ਆਪਣੀ ਉਮਰ ਦੀ ਦੁਹਾਈ ਦੇ ਕੇ ਚੋਣਾਂ ਲਈ ਸਮਰਥਨ ਮੰਗਦਿਆਂ ਕਿਹਾ, ‘ਜੇਕਰ ਤੁਸੀਂ ਐਤਕੀਂ ਵੀ ਭਰਵਾਂ ਸਹਿਯੋਗ ਦੇ ਦਿਓਂ ਤਾਂ ਮੇਰੀ ਉਮਰ 10 ਸਾਲ ਹੋਰ ਵਧ ਜਾਣੀ ਐ।’ ਮੁੱਖ ਮੰਤਰੀ ਦੇ ਸੱਜਰੇ ਕਥਨਾਂ ਬਾਰੇ ਚਰਚਾ ਹੈ ਕਿ ਪੰਜ ਸਾਲ ਪਹਿਲਾਂ ਵੀ ਉਨ੍ਹਾਂ ਨੇ ਆਪਣੀ ਅਖ਼ੀਰਲੀ ਚੋਣ ਦੱਸ ਕੇ ਵੋਟਰਾਂ ਦਾ ਸਹਿਯੋਗ ਹਾਸਲ ਕੀਤਾ ਸੀ। ਇਸ ਵਾਰ ਉਹ ਆਪਣੀ ਉਮਰ 10 ਸਾਲ ਹੋਰ ਵਧਾਉਣ ਦਾ ਕਹਿ ਕੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦਾ ਯਤਨ ਕਰ ਰਹੇ ਹਨ। ਉਹ ਅੱਜਕੱਲ੍ਹ ਸੰਗਤ ਦਰਸ਼ਨ ਲੋਕਾਂ ਨੂੰ ਖਾਸ ਤੌਰ ‘ਤੇ ਸਭ ਤੋਂ ਵੱਧ ਲੋੜੀਂਦੀ  ਮੰਗ ਬਾਰੇ ਪੁੱਛਦੇ ਹਨ ਅਤੇ ਫਿਰ ਗੱਫ਼ਾ ਦਿੰਦੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਥੇ ਕਿਹਾ ਹੈ ਕਿ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਨੇ ਨਿੱਜੀ ਲਾਲਚ ਤਹਿਤ ਪਾਰਟੀ ਛੱਡੀ ਹੈ। ਉਨ੍ਹਾਂ ਨੇ ਕਦੇ ਵੀ ਬੀਬੀ ਸਿੱਧੂ ਦੇ ਕੰਮਾਂ ਵਿੱਚ ਅੜਿੱਕਾ ਨਹੀਂ ਡਾਹਿਆ ਸਗੋਂ ਉਨ੍ਹਾਂ ਦੇ ਹਲਕੇ ਦੇ ਵਿਕਾਸ ਲਈ ਹਮੇਸ਼ਾ ਵਧ-ਚੜ੍ਹ ਕੇ ਸਹਿਯੋਗ ਦਿੱਤਾ ਹੈ। ਮਾਂ ਪਾਰਟੀ ਨਾਲ ਵਿਸ਼ਵਾਸਘਾਤ ਕਰਨ ਵਾਲਾ ਆਗੂ ਕਿਧਰੇ ਵੀ ਕਾਮਯਾਬ ਨਹੀਂ ਹੁੰਦਾ।
ਮੁੱਖ ਮੰਤਰੀ ਨੇ ਪਿੰਡ ਕਰਮਗੜ੍ਹ, ਕਬਰਵਾਲਾ, ਪੱਕੀ ਟਿੱਬੀ, ਗੁਰੂਸਰ ਜੋਧਾਂ, ਸ਼ਾਮਖੇੜਾ ਅਤੇ ਡੱਬਵਾਲੀ ਢਾਬ ਵਿੱਚ ਸੰਗਤ ਦਰਸ਼ਨ ਕੀਤੇ। ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਘੁਟਾਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਕੇਸ ਖ਼ਾਰਜ ਕਰਨ ਦੀ ਰਿਪੋਰਟ ਬਾਅਦ ਕਾਂਗਰਸ ਨਾਲ ਅੰਦਰੂਨੀ ਸਮਝੌਤੇ ਦੇ ਲੱਗੇ ਦੋਸ਼ਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਤੇ ਸਿੱਖਾਂ ਨਾਲ ਵਧੀਕੀਆਂ ਕਰਨ ਵਾਲੀ ਕਾਂਗਰਸ ਨਾਲ ਅਕਾਲੀ ਦਲ ਦੀ ਸਾਂਝ ਬਾਰੇ ਕਦੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਨਾਲ ਹਮੇਸ਼ਾ ਧੱਕਾ ਕੀਤੀ ਹੈ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵਿਚਾਲੇ ਸਾਂਝ ਹੋਣ ਦੇ ਦਿੱਤੇ ਬਿਆਨ ਨੂੰ ਕੋਰਾ ਝੂਠ ਕਰਾਰ ਦਿੰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਕੇਜਰੀਵਾਲ ਨੂੰ ਨਾ ਤਾਂ ਪੰਜਾਬ ਦੇ ਮਸਲਿਆਂ ਦੀ ਸਮਝ ਹੈ ਅਤੇ ਨਾ ਹੀ ਇੱਥੋਂ ਦੇ ਲੋਕਾਂ ਦੀਆਂ ਲੋੜਾਂ ਬਾਰੇ ਪਤਾ ਹੈ। ‘ਆਪ’ ਕੋਲ ਪੰਜਾਬ ਦੇ ਵਿਕਾਸ ਲਈ ਕੋਈ ਏਜੰਡਾ ਨਹੀਂ ਸਗੋਂ ਪੰਜਾਬੀਆਂ ਨੂੰ ਫੋਕੇ ਨਾਅਰਿਆਂ ਨਾਲ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਚਾਰਧਾਰਾ ਤੋਂ ਵਿਹੂਣੀ ਪਾਰਟੀ ਦਾ ਕੋਈ ਵਜੂਦ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ‘ਆਪ’ ਦੇ ਵਰਕਰ ਹੀ ਆਪਣੇ ਆਗੂਆਂ ‘ਤੇ ਟਿਕਟਾਂ ਵੇਚਣ ਦੇ ਦੋਸ਼ ਲਾ ਰਹੇ ਹਨ, ਜੋ ਪਾਰਟੀ ਦੇ ਸਿਆਸੀ ਨਿਘਾਰ ਦਾ ਸਬੂਤ ਹੈ।
ਕੈਪਟਨ ਅਮਰਿੰਦਰ ਸਿੰਘ ਨੂੰ ‘ਮਹਿਲਾਂ ਦਾ ਰਾਜਾ’ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਾਜੇ ਨੂੰ ਕਦੇ ਵੀ ਆਪਣੀ ਪਰਜਾ ਦੀਆਂ ਦੁੱਖ-ਤਕਲੀਫਾਂ ਦੀ ਪ੍ਰਵਾਹ ਨਹੀਂ ਹੁੰਦੀ ਸਗੋਂ ਕਈ ਵਾਰ ਲੋਕਾਂ ਦੀਆਂ ਸਹੂਲਤਾਂ ਵੀ ਖੋਹ ਲੈਂਦਾ ਹੈ। ਕੈਪਟਨ ਨੇ ਆਪਣੀ ਸਰਕਾਰ ਦੇ ਹੁੰਦਿਆਂ ਕਿਸਾਨਾਂ ਤੋਂ ਟਿਊਬਵੈੱਲਾਂ ਦੇ ਬਿੱਲ ਲੈਣੇ ਸ਼ੁਰੂ ਕਰ ਦਿੱਤੇ ਸਨ। ਪੰਜਾਬ ਨੂੰ ਝੋਨੇ ਦੀ ਖਰੀਦ ਵਿਚ 17 ਫ਼ੀਸਦ ਨਮੀ ਦੀ ਛੋਟ ਅਤੇ ਹਰਿਆਣਾ ਵਿਚ 21 ਫ਼ੀਸਦ ਨਮੀ ਦੀ ਛੋਟ ਦਿੱਤੇ ਜਾਣ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਕੇਂਦਰੀ ਖਰੀਦ ਏਜੰਸੀਆਂ ਨਾਲ ਜੁੜਿਆ ਮਾਮਲਾ ਹੈ, ਜਿਸ ਵਿਚ ਸੂਬਾਈ ਸਰਕਾਰ ਦਾ ਕੋਈ ਦਖ਼ਲ ਨਹੀਂ।